Punjab

ਬੇਅਦਬੀ ਮਾਮਲੇ ‘ਚ ਆਈ ਨਵੀਂ ਅਪਡੇਟ

Murder of Dera lover accused of blasphemy

‘ਦ ਖ਼ਾਲਸ ਬਿਊਰੋ :  ਸਵੇਰੇ ਕਰੀਬ 7 ਵਜੇ ਕੋਟਕਪੁਰਾ ‘ਚ ਕਥਿਤ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਮਲੇ ਵਿੱਚ ਡੇਰਾ ਪ੍ਰੇਮੀ ਦਾ ਇੱਕ ਗੰਨਮੈਨ ਜ਼ਖਮੀ ਹੋ ਗਿਆ। ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਪ੍ਰਦੀਪ ਸਿੰਘ ਦੁਕਾਨ ਖੋਲ੍ਹਣ ਲਈ ਪਹੁੰਚੇ ਸਨ। ਹਮਲਾਵਰ ਮੋਟਰ ਸਾਈਕਲਾਂ ’ਤੇ ਆਏ ਸਨ। ਘਟਨਾ ਤੋਂ ਬਾਅਦ ਕੋਟਕਪੂਰਾ ਦੇ ਐੱਮਐੱਲਏ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਿਵਲ ਹਸਪਤਾਲ ਪਹੁੰਚੇ।

ਮਾਰੇ ਗਏ ਡੇਰਾ ਪ੍ਰੇਮੀ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ ਆਇਆ ਸੀ, ਸਾਲ 2021 ਤੋਂ ਉਹ ਜ਼ਮਾਨਤ ਉੱਤੇ ਚੱਲ ਰਿਹਾ ਸੀ। ਪ੍ਰਦੀਪ ਸਿੰਘ ਨੂੰ ਸੁਰੱਖਿਆ ਮਿਲੀ ਹੋਈ ਸੀ। ਹਮਲਾਵਰਾਂ ਨੇ ਜਿਸ ਮੋਟਰਸਾਈਕਲ ਦੀ ਵਰਤੋਂ ਕੀਤੀ ਸੀ ਉਹ ਵੀ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਹੈ। ਘਟਨਾ ਤੋਂ ਬਾਅਦ ਕੋਟਕਪੂਰਾ ਦੇ ਐੱਮਐੱਲਏ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਿਵਲ ਹਸਪਤਾਲ ਪਹੁੰਚੇ। ਫਾਇਰਿੰਗ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ।

ਮ੍ਰਿਤਕ ਪ੍ਰਦੀਪ ਸਿੰਘ
ਮ੍ਰਿਤਕ ਪ੍ਰਦੀਪ ਸਿੰਘ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਹੁਣ ਤੱਕ ਸੱਤਵੇਂ ਡੇਰਾ ਪ੍ਰੇਮੀ ਦੀ ਹੱਤਿਆ ਕੀਤੀ ਜਾ ਚੁੱਕੀ। ਜਿਨ੍ਹਾਂ ਦੇ ਕਤਲ ਹੋਏ ਉਨ੍ਹਾਂ ਵਿੱਚ ਡੇਰਾ ਪ੍ਰੇਮੀ ਗੁਰਦੇਵ ਸਿੰਘ, ਮਨੋਹਰ ਲਾਲ, ਮਹਿੰਦਰ ਪਾਲ ਬਿੱਟੂ, ਚਰਨ ਦਾਸ, ਸਤਪਾਲ ਸ਼ਰਮਾ ਅਤੇ ਰਮੇਸ਼ ਕੁਮਾਰ ਸ਼ਾਮਲ ਹਨ। ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ ਵੀ ਕੋਟਕਪੂਰਾ ਸ਼ਹਿਰ ਦੇ ਰਹਿਣ ਵਾਲੇ ਸਨ। ਹੁਣ ਪ੍ਰਦੀਪ ਸਿੰਘ ਨੂੰ ਕੋਟਕਪੂਰਾ ਵਿੱਚ ਕਤਲ ਕੀਤਾ ਗਿਆ ਹੈ, ਉਹ ਜਿਹੜੇ ਹਰੀਨੌਂ ਰੋਡ ਉੱਪਰ ਡੇਅਰੀ ਦਾ ਕੰਮ ਕਰਦੇ ਸਨ।

ਮੁੱਖ ਮੰਤਰੀ ਮਾਨ ਨੇ ਦਿੱਤਾ ਬਿਆਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਘਟਨਾ ਉੱਤੇ ਪ੍ਰਤੀਕਰਮ ਦਿੰਦਿਆਂ ਕਿਹਾ, “ਪੰਜਾਬ ਇੱਕ ਅਮਨ ਪਸੰਦ ਸੂਬਾ ਹੈ। ਇੱਥੇ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ। ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਸੂਬੇ ਦੀ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ?

ਇਸ ਮਸਲੇ ਉੱਤੇ ਮੁੱਖ ਮੰਤਰੀ ਮਾਨ ਨੇ ਅੱਜ 12:30 ਵਜੇ ਪੰਜਾਬ ਦੇ ਡੀਜੀਪੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿੱਚ ਹੋਵੇਗੀ।

ਫਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਯਾਦਵ ਨੇ ਕਿਹਾ ਹੈ ਕਿ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ, ”ਪ੍ਰਦੀਪ ਦੇ ਗੰਨਮੈਨ ਨੇ ਜਵਾਬੀ ਫਾਇਰਿੰਗ ਕੀਤੀ ਸੀ। ਇਸ ਘਟਨਾ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ। ਅਸੀਂ ਸੀਸੀਟੀਵੀ ਲੈ ਲਈ ਹੈ ਅਤੇ ਸਾਨੂੰ ਕੁਝ ਸੁਰਾਗ ਮਿਲੇ ਹਨ। ਹਾਲਾਤ ਕਾਬੂ ਹੇਠ ਹਨ। ਮੁੱਢਲੇ ਤੌਰ ਉੱਪਰ ਇਹ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮਿਲੀ ਸੁਰੱਖਿਆ ਵਿੱਚ ਸ਼ਾਮਲ ਕਰਮਚਾਰੀਆਂ ਵੱਲੋਂ ਕਿਤੇ ਨਾ ਕਿਤੇ ਅਣਗਹਿਲੀ ਜ਼ਰੂਰ ਵਰਤੀ ਗਈ ਹੈ। ਆਲਾ ਪੁਲਸ ਅਧਿਕਾਰੀਆਂ ਦੀ ਅਗਵਾਈ ਵਾਲੀ ਇਕ ਵਿਸ਼ੇਸ਼ ਪੁਲੀਸ ਟੀਮ ਨੇ ਘਟਨਾ ਵਾਲੀ ਥਾਂ ਦੀ ਨਿਸ਼ਾਨਦੇਹੀ ਕਰ ਕੇ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।”

ਡੀਜੀਪੀ ਦੀ ਲੋਕਾਂ ਨੂੰ ਅਪੀਲ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਘਟਨਾ ਉੱਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਥਿਤੀ ਹੁਣ ਕਾਬੂ ਹੇਠ ਹੈ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਡਰ ਦਾ ਮਾਹੌਲ ਪੈਦਾ ਨਾ ਕੀਤਾ ਜਾਵੇ ਅਤੇ ਨਾ ਹੀ ਕੋਈ ਝੂਠੀ ਖਬਰ ਫੈਲਾਈ ਜਾਵੇ।

ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ

ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੇ ਸਬੰਧ ਵਿਚ ਗੈਂਗਸਟਰ ਗੋਲਡੀ ਬਰਾੜ ਦੀ ਪੋਸਟ ਸਾਹਮਣੇ ਆਈ ਹੈ, ਜਿਸ ਵਿਚ ਉਸਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਲਿਖਿਆ ਕਿ 7 ਸਾਲ ਹੋ ਗਏ ਸੀ ਵੇਖਦੇ ਨੂੰ, 3 ਸਰਕਾਰਾਂ ਬਦਲ ਗਈਆਂ ਪਰ ਇਨਸਾਫ ਨਹੀਂ ਮਿਲਿਆ ਸੀ। ਅਸੀਂ ਅੱਜ ਆਪਣਾ ਇਨਸਾਫ਼ ਕਰ ਦਿੱਤਾ। ਫਾਇਰਿੰਗ ਦੌਰਾਨ ਜਿਸ ਪੁਲਿਸ ਵਾਲੇ ਦਾ ਨੁਕਸਾਨ ਹੋਇਆ, ਉਸਦਾ ਸਾਨੂੰ ਬਹੁਤ ਦੁੱਖ ਹੈ ਪਰ ਸਿਰਫ਼ ਤਨਖ਼ਾਹਾਂ ਦੇ ਲਈ ਗੁਰੂ ਸਾਹਿਬ ਦੇ ਦੋਸ਼ੀਆਂ ਦੀ ਸਿਕਿਓਰਿਟੀ ਕਰਨ ਵਾਲੇ ਉੱਤੇ ਵੀ ਲੱਖ ਲਾਹਨਤ ਹੀ ਬਣਦੀ ਸੀ। ਕੋਈ ਵੀ ਜੋ ਕਿਸੇ ਵੀ ਧਰਮ ਦੇ ਬੇਇੱਜ਼ਤੀ ਕਰੇਗਾ, ਉਸ ਨਾਲ ਅਜਿਹਾ ਹੀ ਹੋਵੇਗਾ। ਜਿਨ੍ਹਾਂ ਨੇ ਹੁਣ ਤੱਕ ਧੱਕਾ ਕੀਤਾ, ਅਸੀਂ ਉਨ੍ਹਾਂ ਨਾਲ ਧੱਕਾ ਕਰਨਾ ਹੈ ਬਸ, ਹੋਰ ਕੁਝ ਨਹੀਂ। ਹਿੰਦੂ, ਸਿੱਖ ਸਾਰੇ ਭਰਾ ਹਨ, ਇਕੱਠੇ ਵਿੱਚ ਬਦਲਾ ਲਿਆ ਹੈ ਕਿਉਂਕਿ ਗੁਰੂ ਸਾਹਿਬ ਜੀ ਸਭ ਦੇ ਸਾਂਝੇ ਹਨ।

ਨਿਆਮੀਵਾਲਾ ਨੇ ਘਟਨਾ ਨੂੰ ਠਹਿਰਾਇਆ ਜਾਇਜ਼

ਕੋਟਕਪੂਰਾ ਗੋਲੀਕਾਂਡ ਦੌਰਾਨ ਸ਼ਹੀਦ ਹੋਣ ਵਾਲੇ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਇਸ ਘਟਨਾ ਨੂੰ ਵਧੀਆ ਕਰਾਰ ਦਿੱਤਾ ਹੈ। ਉਨ੍ਹਾਂ ਨੇ ਤਰਕ ਦਿੱਤਾ ਕਿ ਜੇ ਸਿੱਖਾਂ ਲਈ ਕਾਨੂੰਨ ਛੋਟਾ ਹੋ ਸਕਦਾ ਹੈ ਤਾਂ ਇਨ੍ਹਾਂ ਲਈ ਕਿਉਂ ਨਹੀਂ ਹੋ ਸਕਦਾ। ਸਾਡਾ ਗੁਰੂ ਸਾਡੇ ਵਾਸਤੇ ਸਭ ਤੋਂ ਵੱਡਾ ਹੈ। ਕਰੀਬ ਸਾਢੇ ਸੱਤ ਸਾਲ ਦਾ ਸਮਾਂ ਹੋ ਗਿਆ ਹੈ, ਪੰਜਾਬ ਵਿੱਚ ਵਾਰ ਵਾਰ ਬੇਅਦਬੀ ਹੋ ਰਹੀ ਹੈ। ਸਰਕਾਰ ਨੇ ਸਾਨੂੰ ਕਈ ਵਾਰ ਭਰੋਸਾ ਦਿੱਤਾ ਹੈ ਪਰ ਭਰੋਸਾ ਤਾਂ ਇੱਕ ਵਾਰ ਹੀ ਹੁੰਦਾ ਹੈ। ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ। ਜਿਹੜੇ ਬੰਦੇ ਪ੍ਰਦੀਪ ਸਿੰਘ ਨੂੰ ਗੋਲੀਆਂ ਮਾਰਨ ਲਈ ਗਏ ਸਨ, ਉਹ ਵੀ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਗਏ ਸਨ। ਪਰ ਉਨ੍ਹਾਂ ਨੇ ਆਪਣੇ ਗੁਰੂ ਨੂੰ ਮੁੱਖ ਰੱਖਿਆ।

ਰਾਜਾ ਵੜਿੰਗ ਨੇ ਦਿੱਤਾ ਬਿਆਨ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਘਟਨਾ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਪੂਰੀ ਤਰ੍ਹਾਂ ਅਰਾਜਕਤਾ ਹੈ ਅਤੇ ਸਰਕਾਰ ਫੇਲ੍ਹ ਹੋ ਗਈ ਹੈ। ਅਰਵਿੰਦ ਕੇਜਰੀਵਾਲ ਬੇਅਦਬੀ ਮਾਮਲਿਆਂ ਦਾ 24 ਘੰਟਿਆਂ ਵਿੱਚ ਇਨਸਾਫ ਕਰਨਾ ਭੁੱਲ ਗਏ ਹਨ ਅਤੇ ਲੋਕਾਂ ਨੇ ਕਾਨੂੰਨ ਆਪਣੇ ਹੱਥ ਲੈਣਾ ਸ਼ੁਰੂ ਕਰ ਦਿੱਤਾ ਹੈ।

ਗੁਰਦੇਵ ਸਿੰਘ ਨੂੰ 13 ਜੂਨ 2016, ਸੱਤਪਾਲ ਸ਼ਰਮਾ ਅਤੇ ਰਮੇਸ਼ ਕੁਮਾਰ ਨੂੰ 25 ਫਰਵਰੀ 2017, ਮਹਿੰਦਰਪਾਲ ਬਿੱਟੂ ਨੂੰ 23 ਜਨਵਰੀ 2019, ਮਨੋਹਰ ਲਾਲ ਨੂੰ 29 ਜਨਵਰੀ 2020 ਅਤੇ ਚਰਨ ਦਾਸ ਨੂੰ 3 ਦਸੰਬਰ 2021 ਨੂੰ ਕਤਲ ਕੀਤਾ ਗਿਆ ਸੀ।