Others

ਬੇਅਦਬੀ ਦੇ ਮੁਲਜ਼ਮ ਪ੍ਰਦੀਪ ਕੁਮਾਰ ਦੇ ਕਤਲ ‘ਚ ਸ਼ਾਮਲ 6ਵਾਂ ਸ਼ੂਟਰ ਗਿਰਫ਼ਤਾਰ,AGTF ਨੇ ਰਾਜਸਥਾਨ ਜਾ ਕੇ ਕੀਤਾ ਐਨਕਾਉਂਟਰ

Pardeep kumar shooter raj hooda encounter

ਬਿਉਰੋ ਰਿਪੋਰਟ :  ਡੇਰਾ ਪ੍ਰੇਮੀ ਅਤੇ ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਕੁਮਾਰ ਦੇ ਕਤਲ ਵਿੱਚ ਸ਼ਾਮਲ 6ਵੇਂ ਸ਼ੂਟਰ ਦਾ ਪੰਜਾਬ ਪੁਲਿਸ ਨੇ ਐਂਕਾਉਂਟਰ ਕੀਤਾ ਹੈ । ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਜੈਪੁਰ ਦੇ ਰਾਜ ਨਗਰ ਵਿੱਚ ਜਾਕੇ ਸ਼ੂਟਰ ਰਮਜਾਨ ਖ਼ਾਨ ਉਰਫ਼ ਰਾਜ ਹੁੱਡਾ ਨੂੰ ਘੇਰਾ ਪਾਇਆ ਅਤੇ ਦੋਵੇ ਪਾਸੇ ਤੋਂ ਗੋਲੀਬਾਰੀ ਹੋਈ । ਦੱਸਿਆ ਜਾ ਰਿਹਾ ਹੈ ਕਿ ਜਖ਼ਮੀ ਹਾਲਤ ਵਿੱਚ ਰਾਜ ਹੁੱਡਾ ਨੂੰ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਉਸ ਨੂੰ 2 ਗੋਲੀਆਂ ਲੱਗੀਆਂ ਹਨ। AGTF ਚੀਫ਼ ਪ੍ਰਮੋਦ ਬਾਨ ਨੇ ਰਾਜ ਹੁੱਡਾ ਦੀ ਗਿਰਫ਼ਤਾਰੀ ਦੀ ਪੁਸ਼ਟੀ ਕੀਤੀ ਹੈ। 10 ਨਵੰਬਰ ਨੂੰ ਕੋਟਕਪੁਰਾ ਵਿੱਚ ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਕੁਮਾਰ ‘ਤੇ 6 ਸ਼ੂਟਰਾਂ ਨੇ ਹਮਲਾ ਕੀਤਾ ਸੀ ਜਿਸ ਵਿੱਚ ਪ੍ਰਦੀਪ ਕੁਮਾਰ ਦੀ ਮੌਤ ਹੋ ਗਈ ਸੀ । ਹੁਣ ਤੱਕ 5 ਸ਼ੂਟਰਾਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ ਜਦਕਿ 6ਵੇਂ ਸੂਟਰ ਰਾਜ ਹੁੱਡਾ ਦੀ ਤਲਾਸ਼ ਜਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਰਾਜ ਹੁੱਡਾ ਦੀ ਅਗਵਾਈ ਵਿੱਚ ਹੀ ਪ੍ਰਦੀਪ ਕੁਮਾਰ ਦਾ ਕਤਲ ਕੀਤਾ ਗਿਆ ਸੀ । ਰਾਜ ਹੁੱਡਾ ਰੋਹਤਕ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਹ ਗੈਂਗਸਟਰ ਜੀਤੂ ਲਈ ਕੰਮ ਕਰਦਾ ਸੀ। ਜੀਤੂ ਲਾਰੈਂਸ ਅਤੇ ਗੋਲਡੀ ਬਰਾੜ ਦਾ ਕਾਫ਼ੀ ਨਜ਼ਦੀਕੀ ਹੈ । ਦੱਸਿਆ ਜਾ ਰਿਹਾ ਹੈ ਮੋਬਾਈਲ ਲੋਕੇਸ਼ਨ ਦੇ ਜ਼ਰੀਏ ਹੀ ਰਾਜ ਹੁੱਡਾ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਜੈਪੁਰ ਦੇ ਜਿਸ ਰਾਜ ਨਗਰ ਤੋਂ ਇਸ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਉਹ ਪਾਸ਼ ਇਲਾਕਾ ਦੱਸਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ 3 ਸ਼ੂਟਰਾਂ ਨੂੰ ਦਿੱਲੀ ਪੁਲਿਸ ਨੇ ਕਤਲ ਦੇ ਅਗਲੇ ਦਿਨ 11 ਨਵੰਬਰ ਨੂੰ ਪਟਿਆਲਾ ਵਿੱਚ ਐਂਕਾਉਂਟਰ ਦੌਰਾਨ ਗਿਰਫ਼ਤਾਰ ਕੀਤਾ ਸੀ ਜਿਸ ਵਿੱਚ 2 ਨਾਬਾਲਿਕ ਸਨ । ਜਦਕਿ 17 ਨਵੰਬਰ ਨੂੰ 2 ਹੋਰ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਤੋਂ ਗਿਰਫ਼ਤਾਰ ਕੀਤਾ ਸੀ । ਜਿੰਨਾਂ 2 ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ ਉਨ੍ਹਾਂ ਵਿੱਚੋਂ ਇੱਕ ਦਾ ਨਾਂ ਮਨਪ੍ਰੀਤ ਮਨਾ ਅਤੇ ਦੂਜੇ ਦੇ ਨਾਂ ਭੁਪਿੰਦਰ ਸਿੰਘ ਗੋਲਡੀ ਸੀ। ਇਹ ਦੋਵੇ ਫਰੀਦਕੋਟ ਦੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਸਪਲਾਈ ਕਰਨ ਵਾਲੇ ਬਲਜੀਤ ਮਨਾ ਨੂੰ ਵੀ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ ।

ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਸੀ

ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਕੁਮਾਰ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ ਸੀ । ਉਸ ਨੇ ਦਾਅਵਾ ਕੀਤਾ ਸੀ ਕਿ ਬੇਅਦਬੀ ਦੇ ਗੁਨਾਹਗਾਰਾਂ ਨੂੰ ਸਜ਼ਾ ਵਿੱਚ ਹੋ ਰਹੀ ਦੇਰੀ ਦੀ ਵਜ੍ਹਾ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਬਰਾੜ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਪ੍ਰਦੀਪ ਦੇ ਸ਼ੂਟਆਊਟ ਦੌਰਾਨ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨਾਲ ਵੀ ਹਮਦਰਦੀ ਜਤਾਈ ਸੀ ।

ਪ੍ਰਦੀਪ ਦਾ ਬੇਅਦਬੀ ਵਿੱਚ ਕੀ ਸੀ ਹੱਥ ?

2021 ਵਿੱਚ SPS ਪਰਮਾਰ ਦੀ SIT ਨੇ ਪ੍ਰਦੀਪ ਅਤੇ ਉਸ ਦੇ ਨਾਲ 6 ਡੇਰਾ ਪ੍ਰੇਮਿਆ ਨੂੰ 2015 ਵਿੱਚ ਹੋਈ ਬੇਅਦਬੀ ਦੇ ਇਲਜ਼ਾਮ ਵਿੱਚ ਗਿਰਫ਼ਤਾਰ ਕੀਤਾ ਸੀ । ਪਰ 3 ਮਹੀਨੇ ਬਾਅਦ ਹੀ ਪ੍ਰਦੀਪ ਸਮੇਤ 6 ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਸੀ । ਪ੍ਰਦੀਪ ‘ਤੇ ਇਲਜ਼ਾਮ ਸੀ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਫਿਆ ਨੂੰ ਗਲੀਆਂ ਵਿੱਚ ਖਿਲਾਰਿਆਂ ਸੀ । ਬੇਅਦਬੀ ਦੇ 7 ਸਾਲਾਂ ਵਿੱਚ ਹੁਣ ਤੱਕ 7 ਡੇਰਾ ਪ੍ਰੇਮਿਆ ਦਾ ਕਤਲ ਕਰ ਦਿੱਤਾ ਗਿਆ ਹੈ ।