Punjab

ਪੰਜਾਬ ’ਚ ਸਵੇਰ ਚੜ੍ਹਦਿਆਂ ਵੱਡਾ ‘ਐਨਕਾਊਂਟਰ’, ਦੋਵਾਂ ਪਾਸਿਓਂ ਚੱਲੀ ਗੋਲ਼ੀ

ਅੱਜ ਪੰਜਾਬ ਵਿੱਚ ਚੜ੍ਹਦੀ ਸਵੇਰ ਵੱਡਾ ਪੁਲਿਸ ਮੁਕਾਬਲਾ ਹੋਣ ਦੀ ਖ਼ਬਰ ਆ ਰਹੀ ਹੈ। ਇਹ ਘਟਨਾ ਗੁਰੂਹਰਸਹਾਏ ਸ਼ਰੀਹ ਵਾਲਾ ਰੋਡ ’ਤੇ ਵਾਪਰੀ ਹੈ ਜਿੱਥੇ ਪੁਲਿਸ ਪਾਰਟੀ ਤੇ 3 ਨੌਜਵਾਨਾਂ ਵਿਚਾਲੇ ਗੋਲੀ ਚੱਲੀ ਹੈ। ਇਹ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਸਨ ਤੇ ਨਸ਼ਾ ਤਸਕਰ ਦੱਸੇ ਜਾਂਦੇ ਹਨ। ਪੁਲਿਸ ਨੂੰ ਇਨ੍ਹਾਂ ਕੋਲੋਂ ਨਾਜਾਇਜ਼ ਅਸਲਾ ਹੋਣ ਦੀ ਇਤਲਾਹ ਮਿਲੀ ਸੀ।

ਜਾਣਕਾਰੀ ਮੁਤਾਬਕ ਗੁਰੂਹਰਸਹਾਏ ਦੇ ਥਾਣਾ ਮੁਖੀ ਉਪਕਾਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਜਦੋਂ ਉਹ ਮੁਕਤਸਰ ਰੋਡ ’ਤੇ ਗੁਰਦੁਆਰਾ ਬੇਰ ਸਾਹਿਬ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕੁਝ ਨੌਜਵਾਨ ਨਾਜਾਇਜ਼ ਅਸਲਾ ਲੈ ਕੇ ਗੁਰੂਹਰਸਹਾਏ ਸ਼ਰੀਹ ਵਾਲਾ ਰੋਡ ‘ਤੇ ਖੜ੍ਹੇ ਹੋਏ ਹਨ ਤੇ ਕਿਸੇ ਲੁੱਟ-ਖੋਹ ਦੀ ਵਾਰਦਾਤ ਕਰਨ ਦੀ ਫ਼ਿਰਾਕ ਵਿੱਚ ਹਨ।

ਇਸ ’ਤੇ ਥਾਣਾ ਮੁਖੀ ਉਪਕਾਰ ਸਿੰਘ ਆਪਣੇ ਪੁਲਿਸ ਮੁਲਾਜ਼ਮ ਲੈ ਕੇ ਸ਼ਰੀਹ ਵਾਲਾ ਰੋਡ ’ਤੇ ਪਿੰਡ ਲਖਮੀਰਪੁਰਾ ਵਾਲੇ ਮੋੜ ’ਤੇ ਪਹੁੰਚੇ ਤਾਂ ਇੱਕ ਮੋਟਰਸਾਈਕਲ ’ਤੇ 3 ਨੌਜਵਾਨ ਆਉਂਦੇ ਦਿਖਾਈ ਦਿੱਤੇ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਸ਼ੱਕੀ ਨੌਜਵਾਨਾਂ ਨੇ ਪੁਲਿਸ ’ਤੇ ਗੋਲ਼ੀ ਚਲਾਉਣੀ ਸ਼ੁਰੂ ਕਰ ਦਿੱਤੀ।

ਇਸ ’ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਪੁਲਿਸ ਨੇ ਹਵਾਈ ਫਾਇਰ ਕੀਤੇ। ਇਸ ਕਾਰਵਾਈ ਦੌਰਾਨ 2 ਨੌਜਵਾਨ ਹਨ੍ਹੇਰੇ ਦਾ ਫ਼ਾਇਦਾ ਚੁੱਕਦਿਆਂ ਫ਼ਰਾਰ ਹੋ ਗਏ, ਜਦਕਿ ਇੱਕ ਨੌਜਵਾਨ ਰਾਹੁਲ ਨੂੰ ਪੁਲਿਸ ਨੇ ਕਾਬੂ ਕਰ ਲਿਆ। ਫੜੇ ਗਏ ਨੌਜਵਾਨ ਕੋਲੋਂ ਮੋਟਰਸਾਈਕਲ ਖ਼ਬਰ ਕਰ ਲਿਆ ਗਿਆ ਹੈ। ਪੁਲਿਸ ਉਸ ਕੋਲੋਂ ਪੁੱਛ-ਗਿੱਛ ਕਰ ਰਹੀ ਹੈ।