Punjab

ਡੇਰਾ ਪ੍ਰੇਮੀ ਪ੍ਰਦੀਪ ‘ਤੇ ਬੇਅਦਬੀ ਕਾਂਡ ‘ਚ ਕੀ ਸੀ ਵੱਡਾ ਇਲਜ਼ਾਮ ? 7 ਸਾਲਾਂ ‘ਚ ਇੰਨੇ ਡੇਰਾ ਪ੍ਰੇਮੀ ਬਣੇ ਨਿਸ਼ਾਨਾ

ਬਿਊਰੋ ਰਿਪੋਰਟ : ਕੋਟਕਪੁਰਾ ਵਿੱਚ 5 ਹਮਲਾਵਰਾਂ ਦੀ ਗੋਲੀ ਨਾਲ ਮਾਰੇ ਗਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਨੂੰ ਕਿਸ ਨੇ ਮਾਰਿਆ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। CCTV ਫੁੱਟੇਜ ਵਿੱਚ ਹਮਲਾਵਰਾਂ ਦੇ ਚਿਹਰੇ ਸਾਫ਼ ਵਿਖਾਈ ਦੇ ਰਹੇ ਹਨ । ਇਸ ਵਾਰਦਾਤ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਗੁਆਂਢੀ ਵੀ ਜ਼ਖ਼ਮੀ ਹੋਇਆ ਹੈ । ਸੂਰੀ ਦੇ ਕਤਲ ਤੋਂ ਬਾਅਦ ਹਫ਼ਤੇ ਅੰਦਰ ਪੁਲਿਸ ਸੁਰੱਖਿਆ ਵਿੱਚ ਇਹ ਦੂਜੀ ਵਾਰਦਾਤ ਹੈ, ਪ੍ਰਦੀਪ ਦੇ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਲਈ ਹੈ। ਉਸ ਨੇ ਵਾਰਦਾਤ ਨੂੰ ਬੇਅਦਬੀ ਦਾ ਇਨਸਾਫ਼ ਦੱਸਿਆ ਹੈ । ਪਰ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਜਿਹੜੀ ਬੇਅਦਬੀ ਦੀ ਘਟਨਾ ਹੋਈ ਸੀ ਉਸ ਵਿੱਚ ਪ੍ਰਦੀਪ ਕੁਮਾਰ ਦਾ ਕੀ ਰੋਲ ਸੀ ? SIT ਵੱਲੋਂ ਗਿਰਫ਼ਤਾਰ ਕਰਨ ਦੇ 3 ਮਹੀਨੇ ਦੇ ਅੰਦਰ ਹੀ ਉਸ ਨੂੰ ਕਿਵੇਂ ਜ਼ਮਾਨਤ ਮਿਲ ਗਈ ? ਇਹ ਅਹਿਮ ਸਵਾਲ ਹਨ ਜਿਸ ਦਾ ਜਵਾਬ ਜਾਣਨਾ ਵੀ ਜ਼ਰੂਰੀ ਹੈ ।

ਬੇਅਦਬੀ ਵਿੱਚ ਪ੍ਰਦੀਪ ਦਾ ਅਹਿਮ ਰੋਲ ਸੀ

SPS ਪਰਮਾਰ ਦੀ ਅਗਵਾਈ ਵਿੱਚ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਹੈ SIT ਨੇ ਪ੍ਰਦੀਪ ਸਮੇਤ 6 ਡੇਰਾ ਪ੍ਰੇਮੀਆਂ ਨੂੰ ਮਈ 2021 ਵਿੱਚ ਗਿਰਫ਼ਤਾਰ ਕੀਤਾ ਸੀ । ਪਰ ਸਿਰਫ਼ ਤਿੰਨ ਮਹੀਨਿਆਂ ਦੇ ਅੰਦਰ ਹੀ ਪ੍ਰਦੀਪ ਸਮੇਤ ਸਾਰੇ ਮੁਲਜ਼ਾਮਾਂ ਨੂੰ ਜੁਲਾਈ 2021 ਵਿੱਚ ਜ਼ਮਾਨਤ ਮਿਲ ਗਈ ਸੀ । ਪ੍ਰਦੀਪ ਦੇ ਨਾਲ ਜਿੰਨਾਂ ਡੇਰਾ ਪ੍ਰੇਮਿਆਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਉਨ੍ਹਾਂ ਵਿੱਚ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸਨੀ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਸੀ। ਪ੍ਰਦੀਪ ਅਤੇ ਹੋਰ ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ ਤੋਂ ਬਾਅਦ ਸਿੱਖ ਭਾਈਚਾਰੇ ਨੇ ਰੋਸ ਵੀ ਜ਼ਾਹਿਰ ਕੀਤਾ ਸੀ। ਸੂਤਰਾਂ ਮੁਤਾਬਿਕ ਪ੍ਰਦੀਪ ‘ਤੇ ਇਲਜ਼ਾਮ ਸੀ ਕੀ ਉਸ ਨੇ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਤੋਂ ਗਾਇਬ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਗੱਲੀਆਂ ਅਤੇ ਨਾਲਿਆਂ ਵਿੱਚ ਸੁੱਟਿਆ ਸੀ । ਪ੍ਰਦੀਪ ‘ਤੇ ਕਾਫ਼ੀ ਸੰਗੀਨ ਇਲਜ਼ਾਮ ਸਨ ਇਸ ਲਈ ਪੁਲਿਸ ਵੱਲੋਂ ਉਸ ਨੂੰ ਸੁਰੱਖਿਆ ਵੀ ਦਿੱਤੀ ਗਈ ਸੀ । 2015 ਤੋਂ ਲੈਕੇ ਹੁਣ ਤੱਕ ਬੇਅਦਬੀ ਮਾਮਲੇ ਵਿੱਚ 7 ਡੇਰਾ ਪ੍ਰੇਮੀਆ ਦਾ ਕਤਲ ਕਰ ਦਿੱਤਾ ਗਿਆ ਹੈ

7 ਸਾਲਾਂ ਵਿੱਚ 7 ਡੇਰਾ ਪ੍ਰੇਮੀਆ ਦਾ ਕਤਲ

ਬੇਅਦਬੀ ਮਾਮਲੇ ਵਿੱਚ ਹੁਣ ਤੱਕ ਕਈ SIT ਦਾ ਗਠਨ ਹੋ ਚੁੱਕਾ ਹੈ ਪਰ ਲਗਾਤਾਰ ਇਨਸਾਫ਼ ਵਿੱਚ ਹੋਈ ਦੇਰੀ ਦੀ ਵਜ੍ਹਾ ਕਰਕੇ ਹੁਣ ਤੱਕ 7 ਡੇਰਾ ਪ੍ਰੇਮੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਇੰਨਾਂ ਵਿੱਚੋਂ ਸਭ ਤੋਂ ਅਹਿਮ ਨਾਂ ਮਹਿੰਦਰਪਾਲ ਬਿੱਟੂ ਦਾ ਹੈ । 23 ਜਨਵਰੀ 2019 ਵਿੱਚ ਨਾਭਾ ਜੇਲ੍ਹ ਅੰਦਰ ਹੀ ਇੱਕ ਕੈਦੀ ਵੱਲੋਂ ਮਹਿੰਦਰਪਾਲ ਸਿੰਘ ਬਿੱਟੂ ਦਾ ਕਤਲ ਕੀਤਾ ਗਿਆ ਸੀ ਉਹ ਵੀ ਕੋਟਕਪੂਰਾ ਸ਼ਹਿਰ ਦਾ ਰਹਿਣ ਵਾਲਾ ਸੀ। ਇਸ ਤੋਂ ਇਲਾਵਾ 13 ਜੂਨ 2016 ਨੂੰ ਸਭ ਤੋਂ ਪਹਿਲਾਂ ਡੇਰਾ ਪ੍ਰੇਮੀ ਗੁਰਦੇਵ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਸ ਤੋਂ ਬਾਅਦ ਫਿਰ 26 ਫਰਵਰੀ 2017 ਨੂੰ ਸੱਤਪਾਲ ਸ਼ਰਮਾ ਅਤੇ ਰਮੇਸ਼ ਕੁਮਾਰ ਦਾ ਕਤਲ ਕੀਤਾ ਗਿਆ ਸੀ, 29 ਜਨਵਰੀ 2020 ਵਿੱਚ ਮਨੋਹਰ ਲਾਲ ਅਤੇ 3 ਦਸੰਬਰ 2021 ਵਿੱਚ ਚਰਨ ਦਾਸ ਦਾ ਕਤਲ ਕੀਤਾ ਗਿਆ ਸੀ । ਅਤੇ ਹੁਣ 10 ਨਵੰਬਰ 2022 ਨੂੰ ਪ੍ਰਦੀਪ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਇੰਨਾਂ ਸਾਰਿਆਂ ‘ਤੇ ਬੇਅਦਬੀ ਦੇ ਮਾਮਲੇ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸੀ।