Punjab

‘ਬੇਅਦਬੀ’ ਮਾਮਲੇ ‘ਚ ਪੰਜਾਬ ਨੂੰ ‘ਸੁਪਰੀਮ ਝਟਕਾ’ ! ਹੁਣ ਪੰਜਾਬ ਤੋਂ ਬਾਹਰ ਹੋਵੇਗੀ ਸੁਣਵਾਈ ! ਫਰੀਦਕੋਟ ਦੀ ਥਾਂ ਇਹ ਅਦਾਲਤ ਕਰੇਗੀ ਸੁਣਵਾਈ

ਬਿਊਰੋ ਰਿਪੋਰਟ : ਪੰਜਾਬ ਦੇ ਸਭ ਤੋਂ ਵੱਡੇ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ । ਸੁਪਰੀਮ ਅਦਾਲਤ ਨੇ ਬੇਅਦਬੀ ਮਾਮਲੇ ਦੀ ਜਾਂਚ ਸੂਬੇ ਤੋਂ ਬਾਹਰ ਕਰਨ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ । ਹੁਣ ਬੇਅਦਬੀ ਮਾਮਲੇ ਦੇ ਮੁਲਜ਼ਮਾਂ ਦੀ ਸੁਣਵਾਈ ਫਰੀਦਕੋਟ ਦੀ ਥਾਂ ਚੰਡੀਗੜ੍ਹ ਦੀ ਅਦਾਲਤ ਵਿੱਚ ਹੋਵੇਗੀ । ਇਸ ਮਾਮਲੇ ਦੇ 5 ਮੁਲਜ਼ਮਾਂ ਵੱਲੋਂ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਇਸੇ ਲਈ ਜਾਂਚ ਪੰਜਾਬ ਤੋਂ ਬਾਹਰ ਕੀਤੀ ਜਾਵੇ। ਅਦਾਲਤ ਵਿੱਚ ਮੁਲਜ਼ਮਾਂ ਨੇ 2 ਕਤਲਕਾਂਡ ਦਾ ਹਵਾਲਾ ਦਿੱਤਾ ਸੀ । ਉਨ੍ਹਾਂ ਨੇ ਕਿਹਾ ਸੀ ਕਿ ਬੇਅਦਬੀ ਮਾਮਲੇ ਦੇ 2 ਮੁਲਜ਼ਮਾਂ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ । ਜਿੰਨਾਂ ਵਿੱਚ ਮਹਿੰਦਰਪਾਲ ਸਿੰਘ ਬਿੱਟੂ ਦਾ ਜੇਲ੍ਹ ਵਿੱਚ ਕਤਲ ਕੀਤਾ ਗਿਆ ਜਦਕਿ ਡੇਰਾ ਪ੍ਰੇਮੀ ਪ੍ਰਦੀਪ ਕਟਾਰੀਆਂ ਦਾ ਘਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ । ਅਦਾਲਤ ਨੇ ਪਟੀਸ਼ਨਕਰਤਾ ਦੀ ਇਸ ਦਲੀਲ ਨੂੰ ਮਨਜ਼ੂਰ ਕਰ ਲਿਆ ਹੈ । ਇਸ ਮਾਮਲੇ ਵਿੱਚ ਪਹਿਲਾਂ ਸੁਪਰੀਮ ਕੋਰਟ ਨੇ 3 ਵਾਰ ਸੁਣਵਾਈ ਕੀਤੀ ਸੀ । SPS ਪਰਮਾਰ ਦੀ SIT ਨੇ ਰਾਮ ਰਹੀਮ ਨੂੰ ਬੇਅਦਬੀ ਦਾ ਮੁੱਖ ਸਾਜਿਸ਼ਕਰਤਾ ਬਣਾਇਆ ਸੀ ।

5 ਡੇਰਾ ਪ੍ਰੇਮੀਆਂ ਨੇ ਪਾਈ ਸੀ ਪਟੀਸ਼ਨ

ਜਿੰਨਾਂ 5 ਡੇਰਾ ਪ੍ਰੇਮੀਆਂ ਦਾ ਨਾਂ ਬੇਅਦਬੀ ਮਾਮਲੇ ਵਿੱਚ ਸੀ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਤਿੰਨ ਕੇਸ ਫਰੀਦਕੋਟ ਦੀ ਅਦਾਲਤ ਵਿੱਚ ਚੱਲ ਰਹੇ ਹਨ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਬਾਹਰ ਸ਼ਿਫਟ ਕੀਤਾ ਜਾਵੇ । ਬਰਗਾੜੀ ਬੇਅਦਬੀ ਮਾਮਲੇ ਵਿੱਚ ਕੁੱਲ 12 ਮੁਲਜ਼ਮ ਹਨ । ਜਿੰਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਰ ਸਰੂਪ ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਚੋਰੀ ਕੀਤਾ ਸੀ ਇਸ ਤੋਂ ਬਾਅਦ 24 ਸਤੰਬਰ ਨੂੰ ਮਾੜੀ ਸ਼ਬਦਾਵਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਧਮਕੀ ਦਿੱਤੀ ਗਈ ਸੀ । 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਦੀ ਬੇਅਦਬੀ ਵਿੱਚ ਸ਼ਾਮਲ ਸਨ ।

12 ਮੁਲਜ਼ਮਾਂ ਦੇ ਵਿੱਚੋ 3 ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ ਜਦਕਿ ਪ੍ਰਦੀਪ ਦਾ ਪਿਛਲੇ ਸਾਲ 10 ਨਵੰਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਜਿੰਨਾਂ 5 ਡੇਰਾ ਪ੍ਰੇਮਿਆ ਨੇ ਅਦਾਲਤ ਵਿੱਚ ਕੇਸ ਬਾਹਰ ਸ਼ਿਫਟ ਕਰਨ ਦੀ ਪਟੀਸ਼ਨ ਪਾਈ ਸੀ ਉਨ੍ਹਾਂ ਵਿੱਚ ਸੁਖਜਿੰਦਰ ਸਿੰਘ ਉਰਫ ਸੰਨੀ,ਸ਼ਕਤੀ ਸਿੰਘ,ਰਣਜੀਤ ਸਿੰਘ ਉਰਫ ਭੋਲਾ,ਨਿਸ਼ਾਨ ਸਿੰਘ,ਬਲਜੀਤ ਸਿੰਘ । ਇਹ ਪੰਜੋ ਮੁਲਜ਼ਮ ਤਿੰਨੋ ਕੇਸਾਂ ਵਿੱਚ ਨਾਮਜ਼ਦ ਸਨ । ਪੰਜਾਂ ਨੇ ਦਸੰਬਰ ਵਿੱਚ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ । ਮ੍ਰਿਤਕ ਪ੍ਰਦੀਪ 2 ਕੇਸਾਂ ਵਿੱਚ ਨਾਮਜ਼ਦ ਸੀ । ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੋਰੀ ਕਰਨ ਦੂਜਾ ਬੇਅਦਬੀ ਕਰਨ ਦੇ ਮਾਮਲੇ ਵਿੱਚ । ਪ੍ਰਦੀਪ ਨੂੰ 3 ਅਗਸਤ 2021 ਵਿੱਚ ਫਰੀਦਕੋਟ ਦੀ ਜ਼ਿਲ੍ਹਾਂ ਅਦਾਲਤ ਵਿੱਚ ਜ਼ਮਾਨਤ ਮਿਲੀ ਸੀ ।

ਸੁਪਰੀਮ ਕੋਰਟ ਨੇ ਜਿੰਨਾਂ ਤਿੰਨ ਕੇਸਾਂ ਵਿੱਚ ਡੇਰਾ ਪ੍ਰੇਮੀਆਂ ਨੂੰ ਰਾਹਤ ਦਿੱਤੀ ਹੈ ਉਨ੍ਹਾਂ ਖਿਲਾਫ਼ ਤਿੰਨੋ ਕੇਸ ਫਰੀਦਕੋਟ ਦੀ ਅਦਾਲਤ ਵਿੱਚ ਚੱਲ ਰਹੇ ਸਨ । ਫਿਲਹਾਲ ਇਸ ਮਾਮਲੇ ਵਿੱਚ ਟਰਾਇਲ ਹੀ ਚੱਲ ਰਿਹਾ ਸੀ । ਸੌਦਾ ਸਾਧ ਨੂੰ ਮੁੱਖ ਸਾਜਿਸ਼ਕਰਤਾ ਬਣਾਇਆ ਗਿਆ ਸੀ । SPS ਪਰਮਾਰ ਦੀ SIT ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ । ਇਸ ਤੋਂ ਪਹਿਲਾਂ 2020 ਵਿੱਚ ਵੀ ਰਾਮ ਰਹੀਮ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਉਸ ਦੇ ਖਿਲਾਫ਼ ਮੋਗਾ,ਬਠਿੰਡਾ ਅਤੇ ਫਰੀਦਕੋਟ ਵਿੱਚ ਚੱਲ ਰਹੇ ਕੇਸਾਂ ਨੂੰ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾਵੇ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ ।