Punjab

ਪੱਟੀ ਮਾਮਲੇ ਦੀ ਗੁਨਾਹਗਾਰ ਨੂੰ ਪੁਲਿਸ ਨੇ ਕੀਤਾ ਕਾਬੂ,ਸੀਸੀਟੀਵੀ ਨੇ ਖੋਲੇ ਸੀ ਵਾਰਦਾਤ ਦੇ ਭੇਦ

ਤਰਨਤਾਰਨ : ਪੱਟੀ ਮਾਮਲੇ ਵਿੱਚ ਮੁਲਜ਼ਮ ਮੰਨੀ ਗਈ ਮਹਿਲਾ ਨੂੰ ਆਖਰਕਾਰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਕੱਲ ਤਰਨਤਾਰਨ ਵਿੱਚ ਹੋਈ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਨੇ ਸਾਰੇ ਪੰਜਾਬ ਵਿੱਚ ਸਨਸਨੀ ਫੈਲਾ ਦਿੱਤੀ ਸੀ। ਇੱਕ ਮਹਿਲਾ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਮੰਨਿਆ ਸੀ ਤੇ ਘਟਨਾ ਤੋਂ ਬਾਅਦ ਉਹ ਫਰਾਰ ਹੋ ਗਈ ਸੀ।

ਪੁਲਿਸ ਇਸ ਮਾਮਲੇ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਤੇ ਵੱਡੀ ਗੱਲ ਇਹ ਵੀ ਸੀ ਕਿ ਹਾਲੇ ਤੱਕ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਨਹੀਂ ਸੀ ਹੋਇਆ।ਆਖਰਕਾਰ ਪੁਲਿਸ ਨੂੰ ਸਫਲਤਾ ਮਿਲੀ ਤੇ ਇਹ ਔਰਤ ਪੁਲਿਸ ਦੀ ਗ੍ਰਿਫਤ ਵਿੱਚ ਆ ਗਈ । ਇਸ ਕੋਲੋਂ ਮੇਜ਼ਰ ਸਿੰਘ ਧਾਲੀਵਾਲ ਦਾ ਲਾਈਸੈਂਸੀ ਰਿਵਾਲਵਰ ਵੀ ਬਰਾਮਦ ਹੋ ਗਿਆ ਹੈ। ਇਸ ਵਿੱਚੋਂ ਹੀ ਤਿੰਨ ਗੋਲੀਆਂ ਦਾਗ ਕੇ ਇਸ ਨੇ ਸਾਬਕਾ ਚੇਅਰਮੈਨ ਨੂੰ ਮੌਤ ਦੇ ਘਾਟ ਉਤਾਰਿਆ ਸੀ।

ਕੱਲ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਕਾਂਗਰਸੀ ਆਗੂ ਮੇਜ਼ਰ ਸਿੰਘ ਧਾਲੀਵਾਲ ਨੂੰ ਉਹਨਾਂ ਦੇ ਪੈਲੇਸ ਵਿੱਚ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਸ਼ੁਰੂਆਤ ਵਿੱਚ ਇਹ ਕੇਸ ਅਣਪਛਾਤਿਆਂ ਵੱਲੋਂ ਕੀਤੇ ਕਤਲ ਦਾ ਲੱਗ ਰਿਹਾ ਸੀ ਪਰ ਸੀਸੀਟਵੀ ਫੂਟੇਜ਼ ਨੇ ਸਾਰੇ ਭੇਦ ਖੋਲਦਿਆਂ ਪੈਲੇਸ ਵਿੱਚ ਕੰਮ ਕਰਦੀ ਇੱਕ ਔਰਤ ਨੂੰ ਹੀ ਸਾਬਕਾ ਚੇਅਰਮੈਨ ਦੇ ਮਗਰ ਰਿਵਾਲਵਰ ਲੈ ਕੇ ਦੌੜਦੇ ਹੋਏ ਦਿਖਾਇਆ ,ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਤੇ ਇਹ ਗੱਲ ਸਾਹਮਣੇ ਆਈ ਕਿ ਆਪਸੀ ਝਗੜੇ ਤੋਂ ਬਾਅਦ ਹੀ ਸਾਬਕਾ ਚੇਅਰਮੈਨ ‘ਤੇ ਇਸ ਔਰਤ ਨੇ ਉਹਨਾਂ ਦੀ ਹੀ ਲਾਇਸੈਂਸੀ ਰਿਵਾਲਵਰ ਨਾਲ ਹਮਲਾ ਕਰ ਦਿੱਤਾ ਸੀ।ਹਸਪਤਾਲ ਲਿਜਾਉਣ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

ਇਸ ਸੰਬੰਧ ਵਿੱਚ ਅੱਜ ਤਰਨਤਾਰਨ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਪੁਲਿਸ ਨੇ ਅਹਿਮ ਖੁਲਾਸੇ ਕਰਦਿਆਂ ਦੱਸਿਆ ਹੈ ਕਿ ਦੋ ਲੱਖ ਰੁਪਏ ਦੀ ਰਕਮ ਪਿਛੇ ਇਸ ਔਰਤ ਦਾ ਤਕਰਾਰ ਮੇਜਰ ਸਿੰਘ ਧਾਲੀਵਾਲ ਨਾਲ ਹੋਇਆ ਸੀ। ਬਹਿਸਬਾਜੀ ਦੇ ਦੌਰਾਨ ਇਸ ਦੇ ਹੱਥ ਧਾਲੀਵਾਲ ਦੀ ਲਾਇਸੈਂਸੀ ਰਿਵਾਲਵਰ ਲੱਗ ਗਈ ਤੇ ਉਸ ਤੋਂ ਹੀ ਤਿੰਨ ਫਾਇਰ ਕਰ ਕੇ ਇਸ ਨੇ ਮੇਜਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਹਾਲਾਕਿ ਇਸ ਮਹਿਲਾ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਪਾਇਆ ਗਿਆ ਹੈ।