Lok Sabha Election 2024 Punjab

ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਲਈ ਵਟਸਐਪ ਨੰਬਰ ਜਾਰੀ, ਤੁਰੰਤ ਕੀਤਾ ਜਾਵੇਗਾ ਨਿਪਟਾਰਾ

ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਪਟਿਆਲਾ ਦੇ ਵੋਟਰਾਂ ਦੀਆਂ ਚੋਣਾਂ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਇੱਕ ਵਟਸਐਪ (WhatsApp) ਨੰਬਰ ਜਾਰੀ ਕੀਤਾ ਗਿਆ ਹੈ। ਪਟਿਆਲਾ ਵਾਸੀ ਵਟਸਐਪ ਨੰਬਰ 70095-50957 ’ਤੇ ਚੋਣ ਜਾਬਤੇ ਸਬੰਧੀ ਆਪਣੀਆਂ ਸ਼ਿਕਾਇਤਾਂ ਲਿਖ ਕੇ ਭੇਜ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਆਪਣੀਆਂ ਚੋਣਾਂ ਨਾਲ ਸਬੰਧਿਤ ਸ਼ਿਕਾਇਤ ਇਸ ਨੰਬਰ ’ਤੇ ਦਰਜ ਕਰਵਾ ਸਕਦਾ ਹੈ।

ਭਾਰਤੀ ਚੋਣ ਕਮਿਸ਼ਨ ਦੀ ਆਨਲਾਈਨ ਸ਼ਿਕਾਇਤ ਪ੍ਰਣਾਲੀ ਵਾਸਤੇ ਬਣਾਈ ਐਂਡਰਾਇਡ ਤੇ ਆਈ.ਓ.ਐਸ ਐਪ ਸੀ-ਵਿਜਿਲ ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਟੋਲ ਫਰੀ ਨੰਬਰ 1950 ਨੰਬਰ ’ਤੇ ਵੀ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛ-ਗਿੱਛ ਦੇ ਨਾਲ-ਨਾਲ ਸ਼ਿਕਾਇਤ ਵੀ ਦਰਜ ਕੀਤੀ ਜਾ ਸਕਦੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਮੁਤਾਬਕ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ, ਸੁਝਾਓ ਤੇ ਫੀਡਬੈਕ ਪ੍ਰਾਪਤੀ ਲਈ ਸਿੰਗਲ ਵਿੰਡੋ (ਐਨ.ਜੀ.ਐਸ.ਪੀ.) ਨੈਸ਼ਨਲ ਗ੍ਰੀਵਾਂਸ ਸਰਵਿਸ ਪੋਰਟਲ ਵੀ ਕੰਮ ਕਰ ਰਿਹਾ ਹੈ। ਇਸ ਤੋਂ ਬਿਨ੍ਹਾਂ ਪਟਿਆਲਾ ਵਿਖੇ ਸਥਾਪਤ ਸ਼ਿਕਾਇਤ ਸੈਲ ਦੇ ਫੋਨ ਨੰਬਰ 0175-2923084 ਅਤੇ ਈਮੇਲ ਆਈਡੀ complaintcellpta2024@gmail.com ’ਤੇ ਵੀ ਵੋਟਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਟਿਆਲਾ ਵਿਖੇ ਜ਼ਿਲ੍ਹਾ ਪੱਧਰ ‘ਤੇ ਸ਼ਿਕਾਇਤ ਸੈਲ ਪੂਰੀ ਪ੍ਰਤੀਬੱਧਤਾ ਨਾਲ 24 ਘੰਟੇ ਨਿਰੰਤਰ ਕੰਮ ਕਰ ਰਿਹਾ ਹੈ। ਇਹ ਸੈਲ ਨਿਰਧਾਰਿਤ ਸਮੇਂ ਦੇ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਤੁਰੰਤ ਕਾਰਵਾਈ ਕਰੇਗਾ।

ਸਬੰਧਿਤ ਖ਼ਬਰ  – ਕੱਲ੍ਹ ਪੰਜਾਬ ਦੀ ਸਿਆਸਤ ’ਚ ਵੱਡਾ ਦਿਨ! ਅਗਲਾ PM ਚੁਣਨ ਦੀ ਰਸਮੀ ਸ਼ੁਰੂਆਤ