ਲੋਕਸਭਾ ਚੋਣਾਂ ਦੌਰਾਨ ਬਠਿੰਡਾ ਅਤੇ ਖਡੂਰ ਸਾਹਿਬ ਪੰਜਾਬ ਦੀਆਂ ਸਭ ਤੋਂ ਹਾਟ ਸੀਟਾਂ ਵਿੱਚੋ ਇੱਕ ਹੈ। ਪਾਰਟੀਆਂ ਦੇ ਵਿਚਾਲੇ ਗਹਿਗਚ ਮੁਕਾਬਲੇ ਵਿੱਚ ਹੁਣ ਇਕ ਹੋਰ ਖੇਡ ਸ਼ੁਰੂ ਹੋ ਗਿਆ ਹੈ। ਵੋਟਰਾਂ ਨੂੰ ਉਲਝਾਉਣ (Confuse) ਲਈ ਤਾਕਤਵਰ ਉਮੀਦਵਾਰ ਦੇ ਹਮਨਾਮ ਲੋਕਾਂ ਕੋਲੋ ਨਾਮਜ਼ਦਗੀਆਂ ਕਰਵਾਈਆਂ ਗਈਆਂ ਹਨ।
ਖਡੂਰ ਸਾਹਿਬ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕਰ ਰਹੇ ਹਨ ਤਾਂ ਉਨ੍ਹਾਂ ਦੇ ਹਮਨਾਮ ਇੱਕ ਹੋਰ ਅੰਮ੍ਰਿਤਪਾਲ ਸਿੰਘ ਨੂੰ ਅਜ਼ਾਦ ਖੜਾ ਕਰ ਦਿੱਤਾ ਗਿਆ ਹੈ ਤਾਂ ਕਿ ਵੋਟਾਂ ਤੋੜੀਆਂ ਜਾਣ ਸਕਣ।
ਇਸੇ ਤਰ੍ਹਾਂ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਹਮਨਾਮ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਪਿੰਡ ਗੁਲਾਬ ਖੁੱਡੀਆਂ ਵਿੱਚ ਰਹਿਣ ਵਾਲਾ ਮਜ਼ਦੂਰ, ਜਿਸ ਦੀ ਉਮਰ 49 ਸਾਲ ਹੈ।
ਸਿਆਸੀ ਮਾਹਿਰ ਕਹਿੰਦੇ ਹਨ ਵਿਰੋਧੀ ਪਾਰਟੀ ਵੱਲੋਂ ਵੋਟਾਂ ਨੂੰ ਵੰਡਣ ਦੀ ਚਾਲ ਦੇ ਤੌਰ ’ਤੇ ਹਮਨਾਮ ਉਮੀਦਵਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਖ਼ਾਸ ਕਰਕੇ ਜਦੋਂ ਕੋਈ ਮੁਕਾਬਲਾ ਸਖ਼ਤ ਹੋਵੇ। ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਨਾਮ ਦਾ ਇੱਕ ਆਜ਼ਾਦ ਉਮੀਦਵਾਰ ਵੀ ਵੀ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਹੈ ਜਿੱਥੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਹਨ। ਇਸ ਉਮੀਦਵਾਰ ਨੇ ਤਾਂ ਆਪਣੀ ਫੋਟੋ ਵੀ ਬੜੀ ਰਲਦੀ-ਮਿਲਦੀ ਲਗਵਾਈ ਹੈ ਜਿਸ ਕਰਕੇ ਵੋਟਰ ਦੋਵਾਂ ਅੰਮ੍ਰਿਤਪਾਲ ਸਿੰਘ ਵਿੱਚ ਉਲਝ ਸਕਦੇ ਹਨ। ਵੋਟ ਵੰਡੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਬਠਿੰਡਾ ਸੀਟ ਦੀ ਗੱਲ ਕਰੀਏ ਤਾਂ ਇੱਥੇ ਇਹ ਨਾਂ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ 2014 ਵਿੱਚ ਜਦੋਂ ਮਨਪ੍ਰੀਤ ਬਾਦਲ ਇੱਥੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਸਨ ਤਾਂ ਪਿੰਡ ਬਾਦਲ ਤੋਂ ਮਨਪ੍ਰੀਤ ਸਿੰਘ ਨਾਮੀ ਵਿਅਕਤੀ ਨੇ ‘ਪਤੰਗ’ ਚੋਣ ਨਿਸ਼ਾਨ ’ਤੇ ਚੋਣ ਲੜ ਕੇ 4618 ਵੋਟਾਂ ਹਾਸਲ ਕੀਤੀਆਂ ਸਨ।
ਇਸੇ ਤਰ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਠਿੰਡਾ ਦੇ ਰਾਮਪੁਰਾ ਫੂਲ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਮੁਕਾਬਲੇ ਤਿੰਨ ਹਮਨਾਮ ਉਮੀਦਵਾਰਾਂ ਨੇ ਚੋਣ ਲੜੀ ਸੀ। ਇਹ ਵੋਟਰਾਂ ਵਿੱਚ ਭੰਬਲਭੂਸਾ ਪੈਦਾ ਕਰਦਾ ਹੈ। ਵੋਟਰ ਨਾਮਾਂ ਵਿੱਚ ਫ਼ਰਕ ਕਰਨ ਵਿੱਚ ਅਸਮਰੱਥ ਹੋ ਜਾਂਦੇ ਹਨ ਤੇ ਆਪਣੀ ਵੋਟ ਦੂਜੇ ਉਮੀਦਵਾਰ ਦੇ ਹੱਕ ਵਿੱਚ ਪਾ ਦਿੰਦੇ ਹਨ।