Punjab

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਪੀਲ,27 ਦਸੰਬਰ ਨੂੰ ਪਹੁੰਚੋ ਜ਼ੀਰਾ ਧਰਨੇ ‘ਚ

ਜ਼ੀਰਾ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਾਰਿਆਂ ਨੂੰ 27 ਦਸੰਬਰ ਨੂੰ ਜ਼ੀਰਾ ਮੋਰਚੇ ‘ਤੇ ਕੀਤੀ ਜਾਣ ਵਾਲੇ ਇਕੱਠ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਜ਼ੀਰਾ ਮੋਰਚੇ ਦੀ ਗੱਲ ਕਰਦਿਆਂ ਪੰਜਾਬ ਸਰਕਾਰ ਦੇ ਰਵਈਏ ਤੇ ਹਾਈ ਕੋਰਟ ਦੇ ਹੁਕਮਾਂ ‘ਤੇ ਸਵਾਲ ਚੁੱਕੇ ਹਨ। ਉਹਨਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਾਲੇ ਬਿਆਨ ਦੀ ਇੱਕ ਵੀਡੀਓ ਦਿਖਾਉਂਦੇ ਹੋਏ ਉਹਨਾਂ ਕਿਹਾ ਕਿ ਸਾਰਿਆਂ ਨੂੰ ਆਸ ਸੀ ਕਿ ਇੰਨੀਆਂ ਵਧੀਆ ਤੇ ਪੰਜਾਬ ਪੱਖੀ ਗੱਲਾਂ ਕਰਨ ਵਾਲੇ ਵਿਅਕਤੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹਾਲਾਤ ਕੁਝ ਸੁਧਰਨਗੇ ਪਰ ਅੱਜ ਤੱਕ ਮੁੱਖ ਮੰਤਰੀ ਪੰਜਾਬ ਅਣਜਾਣ ਹਨ ਕਿ ਇਸ ਸ਼ਰਾਬ ਫੈਕਟਰੀ ਦੇ ਅੱਗੇ ਧਰਨਾ ਕਿਉਂ ਲਗਾਇਆ ਗਿਆ ਹੈ ਤੇ ਨਾ ਹੀ ਉਹਨਾਂ ਨੂੰ ਧਰਨਾਕਾਰੀਆਂ ਦੀ ਆਵਾਜ਼ ਸੁਣ ਰਹੀ ਹੈ।

ਉਹਨਾਂ ਕਿਹਾ ਕਿ ਮਾਨ ਨੂੰ ਇਸ ਗੱਲ ‘ਤੇ ਗੌਰ ਕਰਨੀ ਚਾਹੀਦੀ ਸੀ ਕਿ ਲੋਕ ਉਹਨਾਂ ਫੈਕਟਰੀਆਂ ਅੱਗੇ ਧਰਨੇ ‘ਤੇ ਬੈਠੇ ਹਨ,ਜਿਹਨਾਂ ਦੀ ਉਹ ਆਪ ਗੱਲ ਕਰਦੇ ਹੁੰਦੇ ਸੀ ਪਰ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਕੀ ਹੋ ਰਿਹਾ ਹੈ, ਇਹ ਸਭ ਨੂੰ ਪਤਾ ਹੈ।ਹਾਈ ਕੋਰਟ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਉਥੇ ਤਾਂ ਉਹੀ ਫੈਸਲੇ ਹੋਣਗੇ,ਜਿਹੋ ਜਿਹੇ ਦਸਤਾਵੇਜ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਹਾਲਾਤ ਹੋਰ ਹੋਣੇ ਸੀ ਜੇਕਰ ਸਰਕਾਰ ਸਹੀ ਤਰੀਕੇ ਨਾਲ ਲੋਕਾਂ ਦਾ ਪੱਖ ਅਦਾਲਤ ਵਿੱਚ ਰਖਦੀ।

ਜਗਜੀਤ ਸਿੰਘ ਡੱਲੇਵਾਲ,ਕਿਸਾਨ ਆਗੂ

ਡੱਲੇਵਾਲ ਨੇ ਦਾਅਵਾ ਕੀਤਾ ਹੈ ਕਿ ਇਸ ਫੈਕਟਰੀ ਨੂੰ ਲਾਉਣ ਵੇਲੇ public hearing ਵੀ ਇਸ ਇਲਾਕੇ ਦੇ ਲੋਕਾਂ ਤੋਂ ਨਾ ਕਰਵਾ ਕੇ ਹੋਰ ਪਾਸਿਉਂ ਹੀ ਕਰਵਾਈ ਗਈ ਸੀ,ਦੋ ਕਿ ਇਸ ਇਲਾਕੇ ਦੇ ਲੋਕਾਂ ਨਾਲ ਸਰਾਸਰ ਧੋਖਾ ਹੈ।ਜਿਸ ਕਾਰਨ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਉਹਨਾਂ ਮਾਨ ਸਰਕਾਰ ‘ਤੇ ਇਹ ਇਲਜ਼ਾਮ ਲਗਾਇਆ ਹੈ ਕਿ ਸਿਆਸੀ ਹਿੱਤਾਂ ਦੀ ਪੂਰਤੀ ਲਈ ਫੈਕਟਰੀ ਦਾ ਮਾਲਕ ਦਾ ਪੱਖ ਪੂਰ ਰਹੀ ਹੈ ਤੇ ਹਾਈ ਕੋਰਟ ਵਿੱਚ ਵੀ ਇਹ ਤੱਥ ਲੁਕਾਏ ਜਾ ਰਹੇ ਹਨ। ਹਾਲਾਂਕਿ ਸਰਕਾਰ ਦਾ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਫੈਕਟਰੀ ਦੇ ਮਾਲਕ ‘ਤੇ ਹੀ ਪਰਚਾ ਦਰਜ ਕਰਵਾਇਆ ਜਾਵੇ।

ਡੱਲੇਵਾਲ ਨੇ ਇਹ ਵੀ ਕਿਹਾ ਹੈ ਕਿ ਜੇਲ ਚੋਂ ਰਿਹਾਅ ਕੀਤੇ ਗਏ ਲੋਕਾਂ ਟਤੇ ਲਾਈਆਂ ਗਈਆਂ ਧਾਰਾਵਾਂ ਤੇ ਕੇਸ ਹਾਲੇ ਖ਼ਤਮ ਹੋਣੇ ਬਾਕੀ ਹਨ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਭਾਵੇਂ ਜਿੰਨੀ ਮਰਜੀ ਧੱਕੇਸ਼ਾਹੀ ਕਰ ਲਈ ਜਾਵੇ ਪਰ ਲੋਕ ਹੁਣ ਜਾਗ ਚੁੱਕੇ ਹਨ ਤੇ ਲਾਮਬੰਦ ਹੋ ਚੁੱਕੇ ਹਨ, ਆਖਰਕਾਰ ਸਰਕਾਰ ਨੂੰ ਇਹ ਫੈਕਟਰੀ ਬੰਦ ਕਰਨੀ ਹੀ ਪਵੇਗੀ।