India Lok Sabha Election 2024

ਜੇਲ੍ਹੋਂ ਬਾਹਰ ਆਉਂਦੇ ਹੀ ਕੇਜਰੀਵਾਲ ਦਾ ਜ਼ਬਰਦਸਤ ਸੁਆਗਤ! ਮੋਦੀ ਸਰਕਾਰ ਖ਼ਿਲਾਫ਼ 2 ਵੱਡੇ ਐਲਾਨ! ਅੱਗੇ ਦੀ ਰਣਨੀਤੀ ਦੱਸੀ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਚੋਣ ਪ੍ਰਚਾਰ ਦੇ ਲਈ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ ਹਨ। ਜੇਲ੍ਹ ਦੇ ਬਾਹਰ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਖ਼ਾਸ ਤੌਰ ’ਤੇ ਪੰਜਾਬ ਵਿੱਚ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਉਨ੍ਹਾਂ ਨੂੰ ਜੇਲ੍ਹ ਦੇ ਬਾਹਰ ਲੈਣ ਦੇ ਲਈ ਪਹੁੰਚੇ। ਕੇਜਰੀਵਾਲ ਦੀ ਪਤਨੀ ਬੱਚੇ ਤੇ ਪਾਰਟੀ ਦੇ ਹੋਰ ਵੱਡੇ ਆਗੂ ਕੇਜਰੀਵਾਲ ਦਾ ਸੁਆਗਤ ਕਰਨ ਲਈ ਮੌਜੂਦ ਸਨ। ਤਕਰੀਬਨ ਸ਼ਾਮ 7 ਵਜੇ ਜਿਵੇਂ ਹੀ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ, ਉਨ੍ਹਾਂ ਦਾ ਜ਼ਬਰਦਸਤ ਸੁਆਗਤ ਕੀਤਾ ਗਿਆ। ਇਸ ਦੌਰਾਨ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ’ਤੇ ਜੰਮ ਕੇ ਨਿਸ਼ਾਨਾ ਲਗਾਇਆ।

ਅਰਵਿੰਦ ਕੇਜਰੀਵਾਲ ਨੇ ਕਿਹਾ ਮੈਂ ਹਨੂਮਾਨ ਜੀ ਦੀ ਕ੍ਰਿਪਾ ਦੀ ਵਜ੍ਹਾ ਕਰਕੇ ਜੇਲ੍ਹ ਤੋਂ ਬਾਹਰ ਆਇਆ ਹਾਂ, ਕੱਲ੍ਹ ਸਭ ਤੋਂ ਪਹਿਲਾਂ ਦਿੱਲੀ ਦੇ ਕਨਾਟ ਪਲੇਸ ਵਿੱਚ ਹਨੂਮਾਨ ਮੰਦਰ ਜਾ ਕੇ ਮੱਥਾ ਟੇਕਾਂਗਾ। ਤੁਸੀਂ ਸਾਰੇ ਵੀ ਉੱਥੇ ਵੱਡੀ ਗਿਣਤੀ ਵਿੱਚ ਜ਼ਰੂਰ ਪਹੁੰਚਣਾ। 1 ਵਜੇ ਕੇਜਰੀਵਾਲ ਪਾਰਟੀ ਦੇ ਦਫ਼ਤਰ ਪ੍ਰੈਸ ਕਾਂਫਰੰਸ ਕਰਨਗੇ। ਆਪ ਸੁਪਰੀਮੋ ਨੇ ਸੁਪਰੀਮ ਕੋਰਟ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ। ਅਸੀਂ ਤਾਨਾਸ਼ਾਹੀ ਦੇ ਖ਼ਿਲਾਫ਼ ਸੰਘਰਸ਼ ਕਰਾਂਗੇ। ਇਹ 140 ਕਰੋੜ ਲੋਕਾਂ ਦੀ ਲੜਾਈ ਹੈ। ਮੈਨੂੰ ਤੁਹਾਡੇ ਵਿੱਚ ਆ ਕੇ ਚੰਗਾ ਲੱਗ ਰਿਹਾ ਹੈ।

ਉਧਰ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਇਕੱਠੇ ਹੋਏ ਜਿਨ੍ਹਾਂ ਨੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ਜਿਵੇਂ ਹੀ ਕੇਜਰੀਵਾਲ ਘਰ ਪਹੁੰਚੇ, ਪਾਰਟੀ ਵਰਕਰਾਂ ਨੇ ਉਨ੍ਹਾਂ ਦੇ ਹੱਕ ਵਿੱਚ ਨਾਅਰੇ ਲਗਾਏ।

ਸੁਪਰੀਮ ਕੋਰਟ ਨੇ ਇਹ ਸੁਣਾਇਆ ਫੈਸਲਾ

ਸੁਪਰੀਮ ਕੋਰਟ ਦੀ ਡਬਲ ਬੈਂਚ ਨੇ 1 ਜੂਨ ਤੱਕ ਕੇਜਰੀਵਾਲ ਨੂੰ ਚੋਣ ਪ੍ਰਚਾਰ ਦੇ ਲਈ ਅੰਤਰਿਮ ਜ਼ਮਾਨਤ ਦਿੱਤੀ ਹੈ, 2 ਜੂਨ ਨੂੰ ਕੇਜਰੀਵਾਲ ਨੂੰ ਸਰੰਡਰ ਕਰਨਾ ਹੋਵੇਗਾ। ਹਾਲਾਂਕਿ ਕੇਜਰੀਵਾਲ ਦੇ ਵਕੀਲਾਂ ਨੇ 5 ਜੂਨ ਤੱਕ ਨਤੀਜਿਆਂ ਤੱਕ ਰਾਹਤ ਦੀ ਅਪੀਲ ਕੀਤੀ ਸੀ। ਪਰ ਅਦਾਲਤ ਨੇ ਇਸ ਨੂੰ ਖਾਰਜ ਕਰਦੇ ਹੋਏ ਕਿਹਾ 1 ਜੂਨ ਨੂੰ ਚੋਣ ਪ੍ਰਕਿਰਿਆ ਖ਼ਤਮ ਹੋ ਜਾਵੇਗੀ। ਸੁਪਰੀਮ ਕੋਰਟ ਨੇ 2 ਦਿਨਾਂ ਤੱਕ ਕੇਜਰੀਵਾਲ ਦੇ ਵਕੀਲ ਅਤੇ ED ਦੀ ਦਲੀਲਾਂ ਸੁਣਨ ਤੋ ਬਾਅਦ ਅੱਜ ਸਿਰਫ਼ ਇੱਕ ਹੀ ਲਾਈਨ ਵਿੱਚ ਆਪਣਾ ਫੈਸਲਾ ਸੁਣਾਇਆ।

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਤਿੰਨ ਅਹਿਮ ਗੱਲਾਂ ਕਹੀਆਂ ਹਨ, ਪਹਿਲੀ ਕਿ ਉਹ ਸ਼ਰਾਬ ਨੀਤੀ ਕੇਸ ਬਾਰੇ ਕੁਝ ਨਹੀਂ ਬੋਲਣਗੇ। ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ‘ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ। 2 ਜੂਨ ਨੂੰ ਸਰੰਡਰ ਕਰਨਾ ਹੋਵੇਗਾ। ਅੰਤਰਿਮ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਕਿਹਾ 22 ਦਿਨਾਂ ਵਿੱਚ ਕੋਈ ਫ਼ਰਕ ਨਹੀਂ ਪਏਗਾ। ਜਸਟਿਸ ਸੰਜੀਵ ਖੰਨਾ ਨੇ ਕਿਾਹ ਅਗਸਤ 2022 ਵਿੱਚ ਈਡੀ ਨੇ ਕੇਸ ਦਰਜ ਕੀਤਾ ਸੀ, ਮਾਰਚ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਡੇਢ ਸਾਲ ਤੱਕ ਉਹ ਕਿੱਥੇ ਸੀ। ਗ੍ਰਿਫਤਾਰੀ ਚੋਣਾਂ ਤੋਂ ਬਾਅਦ ਜਾਂ ਫਿਰ ਪਹਿਲਾਂ ਵੀ ਹੋ ਸਕਦੀ ਸੀ।

ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਕੇਜਰੀਵਾਲ ਕੋਈ ਅਪਰਾਧੀ ਨਹੀਂ ਹੈ, ਉਹ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਹਨ। ਚੋਣਾਂ 5 ਸਾਲ ਵਿੱਚ ਇੱਕ ਵਾਰ ਆਉਂਦੀ ਹੈ। ਜੇਕਰ ਚੋਣਾਂ ਨਹੀਂ ਚੱਲ ਰਹੀਆਂ ਹੁੰਦੀਆਂ ਤਾਂ ਅੰਤਰਿਮ ਜ਼ਮਾਨਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਦਾਲਤ ਨੇ ਸੁਣਵਾਈ ਦੌਰਾਨ ਇਹ ਵੀ ਸ਼ਰਤ ਰੱਖੀ ਸੀ ਕਿ ਕੇਜਰੀਵਾਲ ਸਰਕਾਰੀ ਕੰਮ-ਕਾਜ ਵਿੱਚ ਦਖ਼ਲ ਨਹੀਂ ਦੇਣਗੇ। ਜੇਕਰ ਉਨ੍ਹਾਂ ਨੇ ਕੀਤਾ ਤਾਂ ਹਿੱਤਾਂ ਦਾ ਟਕਰਾਅ ਹੋਵੇਗਾ। ਇਸ ਤੇ ਕੇਜਰੀਵਾਲ ਦੇ ਵਕੀਲ ਨੇ ਕਿਹਾ ਸੀ ਕਿ ਸਾਨੂੰ ਮਨਜ਼ੂਰ ਹੈ ਪਰ LG ਫਾਈਲਾਂ ਨੂੰ ਸਾਈਨ ਦੀ ਵਜ੍ਹਾ ਕਰਕੇ ਨਾ ਰੋਕਣ।

ਅੰਤਰਿਮ ਜ਼ਮਾਨਤ ਦੇ ਵਿਰੋਧ ਵਿੱਚ ਈਡੀ ਨੇ ਦਲੀਲ ਦਿੱਤੀ ਸੀ ਕਿ ਚੋਣ ਪ੍ਰਚਾਰ ਜ਼ਮਾਨਤ ਦਾ ਅਧਾਰ ਨਹੀਂ ਹੋ ਸਕਦਾ ਹੈ ਕਿਉਂਕਿ ਇਹ ਕੋਈ ਮੌਲਿਕ ਅਧਿਕਾਰ ਜਾਂ ਫਿਰ ਕਾਨੂੰਨੀ ਅਧਿਕਾਰ ਨਹੀਂ ਹੋ ਸਕਦਾ ਹੈ। ਸਿਰਫ਼ ਏਨਾਂ ਹੀ ਨਹੀਂ, ਈਡੀ ਨੇ ਕਿਹਾ ਜ਼ਮਾਨਤ ਦੇਣ ਨਾਲ ਗ਼ਲਤ ਮਿਸਾਲ ਕਾਇਮ ਹੋਵੇਗੀ। ਇਸ ਤੋਂ ਪਹਿਲਾਂ ਆਪ ਦੇ ਰਾਜ ਸਭਾ ਐੱਮਪੀ ਸੰਜੈ ਸਿੰਘ ਨੂੰ ਵੀ ਜ਼ਮਾਨਤ ਦਿੱਤੀ ਗਈ ਸੀ ਜਦਕਿ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਸਮੇਤ ਆਪ ਦੇ ਕਈ ਆਗੂ ਹੁਣ ਵੀ ਜੇਲ੍ਹ ਵਿੱਚ ਹਨ।

ਇਹ ਵੀ ਪੜ੍ਹੋ – ਕੇਜਰੀਵਾਲ ਨੂੰ ‘ਸੁਪ੍ਰੀਮ’ ਰਾਹਤ! ਪਹਿਲੀ ਮਈ ਤੱਕ ਮਿਲੀ ਜ਼ਮਾਨਤ, 2 ਨੂੰ ਕਰਨਾ ਪਵੇਗਾ ਸਰੰਡਰ