Punjab

ਖੂਨੀ ਡੋਰ ਵਿੱਚ ਲਪੇਟ ਹੁੰਦੀ ਜਿੰਦਗੀ,ਕਿਸਾਨ ਆਗੂ ਨੇ ਚੁੱਕੇ ਵੱਡੇ ਸਵਾਲ

ਚੰਡੀਗੜ੍ਹ : ਪੰਜਾਬ ਵਿੱਚ ਖੂਨੀ ਚਾਇਨਾ ਡੋਰ ਦੀ ਵਿਕਰੀ ਤੇ ਸਪਲਾਈ ਨੂੰ ਪਿੱਛਲੇ 10 ਸਾਲ ਤੋਂ ਨਾਂ ਰੋਕੇ ਜਾਣ ਨੂੰ ਸਰਕਾਰ ਦੀ ਵੱਡੀ ਨਾਕਾਮੀ ਦੱਸਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਸਰਕਾਰ ਹਰ ਸਾਲ ਕਹਿੰਦੀ ਹੈ ਕਿ ਚਾਈਨਾ ਡੋਰ ਮਨੁੱਖੀ ਜਿੰਦਗੀਆਂ ਅਤੇ ਜੀਵ ਜੰਤੂਆਂ ਲਈ ਬਹੁਤ ਖ਼ਤਰਨਾਕ ਹੈ,ਇਸ ਲਈ ਸਰਕਾਰ ਨੇ ਇਹ ਸਖ਼ਤੀ ਨਾਲ ਬੈਨ ਕੀਤੀ ਹੋਈ ਹੈ ਪਰ ਜੇਕਰ ਸਰਕਾਰ ਨੇ ਇਹ ਸੱਚਮੁੱਚ ਬੈਨ ਕੀਤੀ ਹੋਈ ਹੈ ਤਾਂ ਫਿਰ ਇਹ ਚਾਈਨਾ ਤੋਂ ਆ ਕਿਸ ਤਰ੍ਹਾਂ ਰਹੀ ਹੈ?

ਡੱਲੇਵਾਲ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਇਹ ਮੰਨਿਆ ਜਾਵੇ ਕਿ ਇਹ ਚਾਈਨਾ ਤੋਂ ਨਹੀਂ ਆ ਰਹੀ ਅਤੇ ਏਥੇ ਹੀ ਬਣ ਰਹੀ ਹੈ ਤਾਂ ਫਿਰ ਸਰਕਾਰ ਇਸ ਨੂੰ ਬਣਾਉਣ ਵਾਲਿਆਂ ਉੱਪਰ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ? ਇਸ ਖੂਨੀ ਡੋਰ ਨਾਲ ਰੋਜਾਨਾ ਬੱਚੇ ਅਤੇ ਜੀਵ ਜੰਤੂ ਸ਼ਿਕਾਰ ਹੋ ਰਹੇ ਹਨ ਤੇ ਕਈ ਕੀਮਤੀ ਜਾਨਾਂ ਜਾ ਰਹੀਆ ਹਨ।

ਉਹਨਾਂ ਇਹ ਵੀ ਕਿਹਾ ਕਿ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਜਿੱਥੇ ਵੀ ਇਸ ਖੂਨੀ ਡੋਰ ਨਾਲ ਕੋਈ ਘਟਨਾ ਹੁੰਦੀ ਹੈ,ਉਸ ਦੇ ਲਈ ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਸੰਬੰਧਿਤ ਥਾਣਾ ਮੁਖੀ ਵੀ ਬਰਾਬਰ ਦੇ ਦੋਸ਼ੀ ਹਨ ਕਿਉਂਕਿ ਪ੍ਰਸਾਸ਼ਨ ਦੀ ਨਾਕਾਮੀ ਕਾਰਨ ਹੀ ਮੌਤ ਵੰਡਣ ਵਾਲੀ ਇਹ ਡੋਰ ਖੁਲੇਆਮ ਵਿੱਕ ਰਹੀ ਹੈ,ਜਿਸ ਕਾਰਨ ਸੜਕ ਉੱਪਰ ਜਾਂਦੇ ਹੋਏ ਰਾਹਗੀਰਾਂ ਲਈ ਹਰ ਸਮੇਂ ਮੌਤ ਦਾ ਖੌਫ ਬਣਿਆ ਰਹਿੰਦਾ ਹੈ ਅਤੇ ਅਣਗਿਣਤ ਘਟਨਾਵਾਂ ਵਾਪਰ ਰਹੀਆਂ ਹਨ। ਜਿਹਨਾਂ ਲਈ ਚਾਈਨਾ ਡੋਰ ਵੇਚਣ ਵਾਲੇ ਤੇ ਉਸ ਦੇ ਨਾਲ-ਨਾਲ ਪਤੰਗ ਉਡਾਉਣ ਵਾਲੇ ਵੀ ਬਰਾਬਰ ਦੇ ਜਿੰਮੇਵਾਰ ਹਨ। ਇਸ ਲਈ ਚਾਈਨਾ ਡੋਰ ਨਾਲ ਪਤੰਗ ਬਾਜ਼ੀ ਕਰਨ ਵਾਲਾ ਚਾਹੇ ਕੋਈ ਵੱਡਾ ਹੈ ਜਾ ਛੋਟਾ ਹੈ ,ਉਸ ਉੱਪਰ ਵੀ FIR ਹੋਣੀ ਚਾਹੀਦੀ ਹੈ।

ਹਾਲਾਂਕਿ ਕਿਸਾਨ ਆਗੂ ਨੇ ਕੁੱਝ ਥਾਵਾਂ ‘ਤੇ ਕੁੱਝ ਪੁਲਸ ਅਫਸਰਾਂ ਵਲੋਂ ਸ਼ਲਾਘਾ ਯੋਗ ਕਦਮ ਚੁੱਕੇ ਜਾਣ ਦੀ ਤਾਰੀਫ ਵੀ ਕੀਤੀ ਹੈ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ।

ਇਸ ਤੋਂ ਇਲਾਵਾ ਉਹਨਾਂ ਪੰਜਾਬ ਪੁਲਸ ਦੇ ਸਾਰੇ ਅਫਸਰ ਸਾਹਿਬਾਨ ਨੂੰ ਅਪੀਲ ਵੀ ਕੀਤੀ ਹੈ ਕਿ ਇਸ ਖੂਨੀ ਡੋਰ ਦੀ ਵਰਤੋਂ ਬੰਦ ਕਰਨ ਲਈ ਸਖ਼ਤੀ ਨਾਲ ਪੇਸ਼ ਆਇਆ ਜਾਵੇ ਅਤੇ ਉਹਨਾਂ ਮਾਪਿਆਂ ‘ਤੇ ਵੀ ਕਾਰਵਾਈ ਹੋਵੇ,ਜਿਹੜੇ ਖੁਦ ਬੱਚਿਆਂ ਨਾਲ ਜਾ ਕੇ ਇਹ ਖੂਨੀ ਚਾਈਨਾ ਡੋਰ ਲੈ ਕੇ ਦੇ ਰਹੇ ਹਨ।