Punjab

ਜ਼ਹਿਰ ਵੰਡਣ ਵਾਲੀ ਫੈਕਟਰੀ ਖਿਲਾਫ਼ ਆ ਗਿਆ ਸਬੂਤ,ਹੋਏ ਵੱਡੇ ਖੁਲਾਸੇ

ਫਿਰੋਜ਼ਪੁਰ : ਜ਼ੀਰਾ ਵਿੱਚ ਸ਼ਰਾਬ ਫੈਕਟਰੀ ਮਾਮਲੇ ਵਿੱਚ ਇੱਕ ਅਹਿਮ ਮੋੜ ਆਇਆ ਹੈ । ਜ਼ੀਰਾ ਸ਼ਰਾਬ ਫੈਕਟਰੀ ਦੇ ਲਏ ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ ਤੇ ਇਸ ਦੇ ਮੁਤਾਬਿਕ ਇਥੋਂ ਲਏ ਗਏ ਸੈਂਪਲ ਫੇਲ੍ਹ ਪਾਏ ਗਏ ਹਨ। ਇਸ ਇਲਾਕੇ ਵਿੱਚ ਪਾਣੀ ਵਿੱਚ ਜ਼ਹਿਰੀਲੇ ਤੱਤਾਂ ਦੀ ਮੌਜੂਦਗੀ ਸੰਬੰਧੀ ਜਾਂਚ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਟੀਮ ਨੇ 5 ਕਿਲੋਮੀਟਰ ਦੇ ਘੇਰੇ ਵਿਚੋਂ  ਕੁੱਲ 13 ਸੈਂਪਲ ਲਏ ਸੀ ਤੇ ਉਹਨਾਂ ਨੂੰ ਜਾਂਚ ਲਈ ਪਟਿਆਲਾ, ਦਿੱਲੀ ਤੇ ਲਖਨਾਊ ਭੇਜਿਆ ਗਿਆ ਸੀ।

ਜ਼ੀਰਾ ਮੋਰਚਾ ਸੰਘਰਸ਼ ਕਮੇਟੀ ਮੈਂਬਰ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਹਾਲ ਦੀ ਘੜੀ ਇਹ ਸੰਘਰਸ਼ ਜਾਰੀ ਰਹੇਗਾ ਤੇ ਮੋਰਚੇ ਦੀ ਅਗਲੀ ਕਾਰਵਾਈ ਬਾਰੇ ਮੀਟਿੰਗ ਕਰ ਕੇ ਫੈਸਲਾ ਲਿਆ ਜਾਵੇਗਾ।ਜ਼ਿਕਰਯੋਗ ਹੈ ਕਿ ਸ਼ਰਾਬ ਫੈਕਟਰੀ ਦੇ ਆਲੇ-ਦੁਆਲੇ ਧਰਤੀ ਹੇਠਲੇ ਪਾਣੀ ਵਿੱਚ ਗੰਦਾ ਤੇ ਜ਼ਹਿਰੀਲਾ ਪਾਣੀ ਮਿਲ ਜਾਣ ਕਾਰਨ  ਇਸ ਨੂੰ ਬੰਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਜਾਰੀ ਹੈ।

ਜ਼ੀਰਾ ਮੋਰਚੇ ਦੀ ਹਰ ਪਲ ਦੀ ਜਾਣਕਾਰੀ ਸਾਂਝੀ ਕਰਨ ਵਾਲੇ ਟਵਿਟਰ ਹੈਂਡਲਰ Tractor2ਟਵਿੱਟਰ ਪੰਜਾਬ ਨੇ ਵੀ ਆਪਣੇ ਪੇਜ਼ ‘ਤੇ ਇਸ ਖ਼ਬਰ ਨੂੰ ਸਾਂਝਾ ਕੀਤਾ ਹੈ ਤੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕਿਆ ਹੈ ਕਿ ਹੁਣ ਜੇਕਰ ਸਰਕਾਰ ਨੇ ਸ਼ਿਕਾਇਤ ਦਰਜ ਕਰਨ ਦੇ ਨਾਲ ਨਾਲ ਜ਼ੁਰਮਾਨਾ ਨਾ ਲਾਇਆ ਤਾਂ ਇਹ ਸਮਝਿਆ ਜਾਵੇਗਾ ਕਿ ਸਰਕਾਰ ਸ਼ਰਾਬ ਮਾਫੀਆ ਨੂੰ ਬਚਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁੱਦ ਇਸ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਚੁੱਕੇ ਹਨ ਪਰ ਸਰਕਾਰ ਵੱਲੋਂ ਹਾਲੇ ਤੱਕ ਲਿਖਤੀ ਹੁਕਮ ਜਾਰੀ ਨਾ ਹੋਏ ਹੋਣ ਕਾਰਨ ਹਾਲੇ ਵੀ ਇਥੇ ਧਰਨਾ ਜਾਰੀ ਹੈ।

ਸੈਂਪਲ ਫੇਲ ਹੋ ਜਾਣ ਤੋਂ ਬਾਅਦ ਜ਼ੀਰਾ ਇਨਸਾਫ਼ ਮੋਰਚਾ ਕਮੇਟੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਵਾਲ ਕਰਦੇ ਹੋਏ ਪੁਛਿਆ ਹੈ ਕਿ ਉਹ ਫੈਕਟਰੀ ਦੇ ਸਹੀ ਹੋਣ ਦੀ ਗਵਾਹੀ ਭਰ ਰਹੇ ਸੀ ਪਰ ਹੁਣ ਰਿਪੋਰਟਾਂ ਵਿੱਚ ਸੱਚ ਸਾਬਿਤ ਹੋ ਗਿਆ ਹੈ,ਹੁਣ ਉਹ ਕੀ ਕਹਿਣਗੇ ? ਕੰਪਨੀ ਨੂੰ ਕਲੀਨਚਿੱਟ ਦੇਣ ਵਾਲੇ ਸਰਕਾਰੀ ਮੰਤਰੀ ਨੇ ਮੋਰਚੇ ਤੋਂ ਸਬੂਤ ਮੰਗੇ ਸੀ ,ਹੁਣ  ਉਹ ਆਪਣੀ ਹੀ ਸਰਕਾਰ ਦੀ ਬਣਾਈ ਹੋਈ ਕਮੇਟੀ ਦੀ ਰਿਪੋਰਟ ਦੇਖ ਲੈਣ।

ਮੋਰਚੇ ਨੇ ਸਰਕਾਰ ਅੱਗੇ ਇਹ ਮੰਗਾਂ ਰਖੀਆਂ ਹਨ।

  • ਆਲੇ ਦੁਆਲੇ ਦੇ ਪਿੰਡਾਂ ਦੇ ਪਾਣੀ ਤੇ ਹਵਾ ਨੂੰ ਖਰਾਬ ਕਰਨ ਲਈ ਫੈਕਟਰੀ ਨੂੰ ਘੱਟ ਤੋਂ ਘੱਟ 1000 ਕਰੋੜ ਦਾ ਜ਼ੁਰਮਾਨਾ ਲਾਇਆ ਜਾਵੇ।
  • ਧਰਨਾਕਾਰੀਆਂ ‘ਤੇ ਪਾਏ ਝੂਠੇ ਕੇਸ ਵਾਪਸ ਲਏ ਜਾਣ।
  • ਸ਼ਰਾਬ ਫੈਕਟਰੀ ਨੂੰ ਬੰਦ ਕਰ ਕੇ ਸੀਲ ਕਰਨ ਤੋਂ ਇਲਾਵਾ ਬਲੈਕਲਿਸਟ  ਜਾਵੇ।
  • ਪੰਜਾਬ ਪ੍ਰਦਸ਼ਣ ਬੋਰਡ ਦੇ ਚੇਅਰਮੈਨ ਬਾਬੂ ਰਾਮ ਤੋਂ ਫੈਕਟਰੀ ਨੂੰ ਇਜਾਜ਼ਤ ਦੇਣ ਲਈ ਜਵਾਬ ਤਲਬੀ ਕੀਤੀ ਜਾਵੇ ਤੇ ਕਾਰਵਾਈ ਹੋਵੇ।
  • ਹਾਈ ਕੋਰਟ ਵਿੱਚ ਅਟੈਚ ਕੀਤੀਆਂ ਜਾਇਦਾਦਾਂ ਨੂੰ ਰੱਦ ਕੀਤਾ ਜਾਵੇ।

ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਪਾਣੀ ਤੇ ਧਰਤੀ ਤੋਂ ਲਏ ਗਏ ਸੈਂਪਲ ਫੇਲ ਹੋਏ ਹਨ ਤੇ ਇਸ ਵਿੱਚ ਲੈਡ,ਮਰਕਰੀ ਤੇ ਹੋਰ ਕਈ ਜ਼ਹਿਰੀਲੇ ਤੱਥਾਂ ਦੇ ਹੋਣ ਦੀ ਪੁਸ਼ਟੀ ਹੋਈ ਹੈ। ਜਿਹਨਾਂ ਦੇ ਮਨੁੱਖੀ ਸ਼ਰੀਰ ‘ਤੇ ਕਈ ਘਾਤਕ ਅਸਰ ਪੈ ਰਹੇ ਹਨ। ਪਾਣੀ ਵਿੱਚ ਪਾਅ ਜਾਣ ਵਾਲੇ ਰਸਾਇਣਾਂ ਵਿੱਚ ਫਿਨਾਲੈਕ ਕੰਪਾਊਡ,ਆਇਰਨ ਲੈਡ,ਮਰਕਰੀ,ਕ੍ਰੋਮੀਅਮ,ਵੀਐਫਏ ਲੈਡ ਸ਼ਾਮਲ ਹਨ ਤੇ ਮਿੱਟੀ ਵਿੱਚ ਸਾਇਨਾਇਡ ਵਰਗੇ ਜ਼ਹਿਰੀਲੇ ਪਦਾਰਥ ਪਾਏ ਗਏ ਹਨ। ਹੁਣ ਪਟਿਆਲਾ,ਦਿੱਲੀ ਤੇ ਬੰਗਲੌਰ ਦੀਆਂ ਲੈਬੋਟਰੀਆਂ ਵਿੱਚ ਉੱਚ ਪੱਧਰੀ ਜਾਂਚ  ਤੋਂ ਬਾਅਦ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਹਨ। ਇਹ ਖ਼ਤਰਨਾਕ ਰਸਾਇਨ ਜਾਨਲੇਵਾ ਸਾਬਿਤ ਹੋ ਰਹੇ ਹਨ ਤੇ ਪਿਛੇ ਜਿਹੇ ਪਿੰਡ ਵਿੱਚ ਹੋਈਆਂ 2 ਮੌਤਾਂ ਵਿੱਚ ਮਰਨ ਵਾਲੇ ਵਿਅਕਤੀਆਂ ਨੇ ਵੀ ਆਪਣੀ ਮੌਤ ਤੋਂ ਪਹਿਲਾਂ ਸਿੱਧਾ ਫੈਕਟਰੀ ਨੂੰ ਜਿੰਮੇਵਾਰ ਠਹਿਰਾਇਆ ਹੈ।

ਇਸ ਰਿਪੋਰਟ ਤੋਂ ਬਾਅਦ ਹੁਣ ਮਾਲਬਰੋਸ ਫੈਕਟਰੀ ਨੂੰ ਬਚਣ ਲਈ ਕੋਈ ਵੀ ਕਾਰਨ ਬਾਕੀ ਨਹੀਂ ਰਹਿ ਗਿਆ ਹੈ।  ਇਹ ਇਸ ਲਈ ਜਲਦੀ ਤੋਂ ਜਲਦੀ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ।ਖੁੱਦ ਮੁੱਖ ਮੰਤਰੀ ਪੰਜਾਬ ਨੇ ਇਹ ਦਾਅਵਾ ਕੀਤਾ ਸੀ ਕਿ ਇਕ ਵੀ ਸਬੂਤ ਹੋਵੇ ਤਾਂ ਫੈਕਟਰੀ  ਬੰਦ ਕਰ ਦਿੱਤੀ ਜਾਵੇਗੀ।ਹੁਣ ਸਬੂਤ ਸਾਹਮਣੇ ਹੈ, ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਮੋਰਚੇ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਬਿਨਾਂ ਕਿਸੇ ਇਜਾਜ਼ਤ ਤੋਂ ਫੈਕਟਰੀ ਵੱਲੋਂ ਸਿਲਵਰ ਪੋਟਾਸ਼ੀਅਮ ਸਾਈਨਾਈਡ ਵਰਗੇ ਖ਼ਤਰਨਾਕ ਰਸਾਇਣ ਵੀ ਬਣਾਏ ਜਾਂਦੇ ਸੀ।ਇਸ ਤੋਂ ਇਲਾਵਾ ਫੈਕਟਰੀ ਵਿੱਚ ਟਰੀਟਮੈਂਟ ਪਲਾਂਟ ਨੂੰ ਬਿਲਕੁਲ ਵੀ ਨਹੀਂ ਚਲਾਇਆ ਗਿਆ ਸੀ। ਸ਼ਰਾਬ ਫੈਕਟਰੀ ਖਿਲਾਫ਼ ਸਾਰੀ ਰਿਪੋਰਟ ਨੂੰ ਜਨਤਕ ਕਰਨ ਦੀ ਗੱਲ ਵੀ ਮੋਰਚੇ ਨੇ ਕੀਤੀ ਹੈ।