Punjab

ਸੰਦੀਪ ਨੰਗਲ ਅੰਬੀਆਕਤਲ ਕੇਸ ‘ਚ ਗੈਂਗਸਟਰ ਗ੍ਰਿਫਤਾਰ

ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਵਰਨਦੀਪ ਸਿੰਘ ਵਾਸੀ ਪ੍ਰੀਤਮ ਐਨਕਲੇਵ, ਗੋਲਡਨ ਗੇਟ, ਅੰਮ੍ਰਿਤਸਰ ਵਜੋਂ ਹੋਈ ਹੈ। ਸੰਦੀਪ ਦੇ ਕਤਲ ਤੋਂ ਬਾਅਦ ਮੁਲਜ਼ਮ ਫਰਾਰ ਸੀ। ਕਤਲ ਦੇ ਛੇ ਮਹੀਨੇ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ। ਜਿਸ ਤੋਂ ਬਾਅਦ ਹੁਣ ਪੁਲਿਸ ਨੇ ਉਸ ਨੂੰ ਅੰਮ੍ਰਿਤਸਰ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ।

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ 14 ਮਾਰਚ 2022 ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿਖੇ 5 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹ ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੰਦੀਪ ਪਿੰਡ ‘ਚ ਚੱਲ ਰਹੇ ਟੂਰਨਾਮੈਂਟ ‘ਚ ਪੁੱਜਾ ਸੀ। ਮੈਚ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮੱਚ ਗਈ।

ਹਮਲਾਵਰ ਚਿੱਟੇ ਰੰਗ ਦੀ ਕਾਰ ਵਿੱਚ ਆਏ ਸਨ। ਉਨ੍ਹਾਂ ਨੇ ਸੰਦੀਪ ‘ਤੇ ਕਰੀਬ 20 ਰਾਉਂਡ ਫਾਇਰ ਕੀਤੇ। ਉਸ ਨੂੰ ਮੂੰਹ ਤੋਂ ਛਾਤੀ ਤੱਕ ਗੋਲੀ ਮਾਰੀ ਗਈ ਸੀ। ਲਾਰੈਂਸ ਗੈਂਗ ਨਾਲ ਜੁੜੇ ਗੈਂਗਸਟਰ ਫਤਿਹ ਨੇ ਕਬੂਲ ਕੀਤਾ ਸੀ ਕਿ ਉਸ ਨੇ ਕੈਨੇਡਾ ਬੈਠੇ ਸਨੋਵਰ ਢਿੱਲੋਂ ਦੇ ਕਹਿਣ ‘ਤੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਅਤੇ ਸੁੱਖਾ ਦੁੱਨੇਕੇ ਨਾਲ ਮਿਲ ਕੇ ਸ਼ੂਟਰਾਂ ਦਾ ਇੰਤਜ਼ਾਮ ਕੀਤਾ ਸੀ।

ਸੰਦੀਪ ਕਤਲ ਕੇਸ ਵਿੱਚ ਫਰਾਰ ਹੋਏ ਦੋਵੇਂ ਮੁਲਜ਼ਮਾਂ ਪੁਨੀਤ ਅਤੇ ਲਾਲੀ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲੰਧਰ ਦੇ ਰਹਿਣ ਵਾਲੇ ਪੁਨੀਤ ਅਤੇ ਲਾਲੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਲੰਧਰ ਸਿਟੀ ਪੁਲਸ, ਜਲੰਧਰ ਦੇਹਟ ਪੁਲਸ, ਮੋਗਾ ਪੁਲਸ, ਦਿੱਲੀ ਸਪੈਸ਼ਲ ਸੈੱਲ ਅਤੇ ਏਜੰਸੀਆਂ ਵੀ ਉਨ੍ਹਾਂ ਦੀ ਭਾਲ ‘ਚ ਜੁਟੀਆਂ ਹੋਈਆਂ ਹਨ। ਪਰ ਅਜੇ ਤੱਕ ਦੋਵਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।