Punjab

ਮੇਰੀ ਗੋਦੀ ‘ਚ ਸਿਰ ਰੱਖ ਕੇ ਸੋਂਦੇ,ਛੋਟੀ ਗੱਲ ‘ਤੇ ਬਾਪੂ ਨਾਲ ਰੁਸਦੇ,ਮੈਨੂੰ ਸਭ ਕਰਦੇ ਦਿਖਦੇ ਓ ਤੁਸੀਂ ਸ਼ੁੱਭ,ਦਲੇਰ ਮਾਂ ਦੀ ਹਿੰਮਤ ਦੇਣ ਵਾਲੀ ਇਹ ਪੂਰੀ ਚਿੱਠੀ ਪੜੋ

ਬਿਊਰੋ ਰਿਪੋਰਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਨੇ ਪੁੱਤਰ ਦੀ ਯਾਦ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤਾ ਹੈ । ਇਸ ਪੋਸਟ ਵਿੱਚ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਨੂੰ ਯਾਦ ਕਰਦੇ ਹੋਏ ਜਿਹੜੀਆਂ ਲਾਈਨਾਂ ਲਿਖੀਆਂ ਹਨ। ਉਹ ਭਾਵੁਕ ਤੋਂ ਜ਼ਿਆਦਾ ਦਲੇਰੀ ਅਤੇ ਹਿੰਮਤ ਦੇਣ ਵਾਲੀਆਂ ਹਨ । ਉਨ੍ਹਾਂ ਨੇ ਹਰ ਹਫਤੇ ਹਵੇਲੀ ਵਿੱਚ ਆਉਣ ਵਾਲੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ ਪੁੱਤਰ ਖੋਹ ਦਿੱਤਾ ਹੈ ਪਰ ਲੋਕਾਂ ਦੇ ਪਿਆਰ ਨੂੰ ਵੇਖ ਕੇ ਉਨ੍ਹਾਂ ਨੂੰ ਹਿੰਮਤ ਮਿਲਦੀ ਹੈ ।

ਮਾਂ ਚਰਨ ਕੌਰ ਦੇ ਹਿੰਮਤੀ ਬੋਲ

ਮਾਂ ਚਰਨ ਕੌਰ ਨੇ ਲਿਖਿਆ ਕਿ ਅੱਜ ਵੀ ਵੇਹੜੇ ਵਿੱਚ ਬੈਠੇ, ਘਰ ਦੇ ਅੰਦਰ ਤੁਰਦੇ ਬਾਪੂ ਨਾਲ ਸਲਾਹਾਂ ਕਰਦੇ,ਮੇਰੀ ਗੋਦ ਵਿੱਚ ਸਿਰ ਰੱਖ ਕੇ ਸੋਂਦੇ,ਨਵੀਆਂ ਬਣਾਈਆਂ ਤਰਜ਼ਾਂ ਤੇ ਲਿਖਤਾ ਸਾਨੂੰ ਸੁਣਾਉਂਦੇ, ਦੇਰੀ ਨਾਲ ਘਰ ਆਉਣ ਤੇ ਮੈਥੋਂ ਗਾਲਾ ਖਾਂਦੇ,ਨਿੱਕੀ ਛੋਟੀ ਗੱਲ ‘ਤੇ ਬਾਪੂ ਨਾਲ ਰੁੱਸਦੇ, ਆਪਣੇ ਸੰਦਾਂ ਤੇ ਕੱਪੜਾ ਮਾਰਦੇ,ਮੈਨੂੰ ਸਭ ਕਰਦੇ ਦਿਖਦੇ ਰਹਿੰਦੇ ਓ ਤੁਸੀਂ ਸ਼ੁੱਭ,ਇਹ ਹੀ ਗੱਲ ਨੂੰ ਅਪਣਾਉਂਦਿਆਂ ਕਿ ਤੁਸੀਂ ਹੁਣ ਸਾਨੂੰ ਕਦੇ ਨਹੀਂ ਮਿਲਣਾ,ਸਾਲ ਹੋਣ ਨੂੰ ਆਇਆ ਪੁੱਤ,ਇਉਂ ਲੱਗਿਆ ਨਹੀਂ ਕਿ ਤੁਸੀਂ ਮੈਥੋਂ ਦੂਰ ਹੋ ਗਏ ਓ,ਘਰ ਆਉਂਦਾ ਹਰੇਕ ਸਮਰਥਕ ਮੈਨੂੰ ਤੁਹਾਡਾ ਕਿਸੇ ਹੋਰ ਰੂਪ ਵਿੱਚ ਆ ਕਿ ਮੈਨੂੰ ਮਿਲਣ ਵਰਗਾ ਲੱਗਦਾ ਹੁੰਦਾ ਐ,ਜਦੋਂ ਓ ਸਾਨੂੰ ਆ ਕਿ ਮਿਲਦੇ ਆ ਇਉਂ ਲੱਗਦਾ ਜਿਵੇਂ ਤੁਸੀਂ ਮੈਨੂੰ ਮਿਲਣ ਆਉਂਦੇ ਓ ਤੇ ਮੈਨੂੰ ਹਿੰਮਤ ਨਾ ਹਾਰਨ ਲਈ ਕਹਿੰਦੇ ਓ,ਤੁਸੀਂ ਸਹੀ ਕਹਿੰਦੇ ਸੀ ਪੁੱਤ, ਤੁਹਾਡੇ ਸਮਰਥਣ ਤੁਹਾਨੂੰ ਬਹੁਤ ਪਿਆਰ ਕਰਦੇ ਆ,ਸ਼ੁੱਭ ਅਸੀਂ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕਰਦੇ ਆ, ਤੇ ਸਾਰੇ ਸਮਰਥਕਾਂ ਦਾ ਸਾਡਾ ਸਾਥ ਦਿੰਦੇ ਰਹਿਣ ਲਈ ਧੰਨਵਾਦ ਕਰਦੇ ਆ ।

19 ਮਾਰਚ ਨੂੰ ਮੂਸੇਵਾਲਾ ਦੀ ਬਰਸੀ

2 ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਦੀ ਬਰਸੀ ਦਾ ਐਲਾਨ ਕੀਤਾ ਸੀ । ਬਲਕੌਰ ਸਿੰਘ ਨੇ ਕਿਹਾ ਕਿ ਪਹਿਲੀ ਬਰਸੀ ‘ਤੇ ਸਿੱਧੂ ਦੇ ਵੱਡੀ ਗਿਣਤੀ ਵਿੱਚ ਹਮਾਇਤੀ ਪਹੁੰਚਣਗੇ। ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵੱਧ ਸਕਦੀ ਹੈ ਅਜਿਹੇ ਵਿੱਚ ਹਮਾਇਤਿਆਂ ਨੂੰ ਪਰੇਸ਼ਾਨੀ ਨਾ ਹੋਏ ਇਸ ਦਾ ਧਿਆਨ ਰੱਖ ਦੇ ਹੋਏ 19 ਮਾਰਚ ਨੂੰ ਬਰਸੀ ਦੀ ਤਰੀਕ ਰੱਖੀ ਗਈ ਹੈ । 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਆਪਣੇ ਘਰ ਤੋਂ ਨਿਕਲੇ ਸਨ ।