Punjab

ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਮਾਨ ਦੇ 2 ਮੰਤਰੀਆਂ ਦੇ ਬਿਆਨ ਤੋਂ ਨਰਾਜ਼ ਤੇ ਦੁਖੀ ਹੋਏ ਪਿਤਾ ਬਲਕੌਰ ਸਿੰਘ ! ਦਿੱਤੀ ਵੱਡੀ ਨਸੀਹਤ

Sidhu moosawala father snub with aman arora

ਬਿਊਰੋ ਰਿਪੋਰਟ : ਪੰਜਾਬ ਵਿਧਾਨਸਭਾ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈਕੇ ਮਾਨ ਸਰਕਾਰ ਦੇ 2 ਮੰਤਰੀਆਂ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪਿਤਾ ਬਲਕੌਰ ਸਿੰਘ ਕਾਫੀ ਨਰਾਜ਼ ਅਤੇ ਬੇਹੱਦ ਦੁਖੀ ਨਜ਼ਰ ਆ ਰਹੇ ਹਨ । ਇੰਨਾਂ ਵਿੱਚ ਇੱਕ ਅੰਤਰੀ ਹਨ ਅਮਨ ਅਰੋੜਾ ਅਤੇ ਦੂਜੇ ਮੀਤ ਹੇਅਰ । ਵੀਰਵਾਰ ਨੂੰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲੀਕ ਕਰਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ ਜਿਸ ਦੇ ਜਵਾਬ ਵਿੱਚ ਅਮਨ ਅਰੋੜਾ ਨੇ ਬਹੁਤ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਸੀ । ਉਨ੍ਹਾਂ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੁਰੱਖਿਆ ਵਾਪਸ ਲਏ ਜਾਣ ਦੀ ਜਾਣਕਾਰੀ ਕਦੇ ਨਾ ਕਦੇ ਤਾਂ ਪਬਲਿਕ ਵਿੱਚ ਲੀਕ ਹੋ ਜਾਣੀ ਸੀ ਇਸ ਵਿੱਚ ਕੋਈ ਰਾਕੇਟ ਸਾਇੰਸ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੂਸੇਵਾਲਾ ਦੀ ਮੌਤ ਨੂੰ ਲੈਕੇ ਇੱਕ ਹੋਰ ਵੱਡਾ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਸੁਰੱਖਿਆ ਹਟਾਈ ਨਹੀਂ ਸੀ ਬਲਕਿ ਘਟਾਈ ਗਈ ਸੀ । ਜਿਹੜੇ 2 ਸੁਰੱਖਿਆ ਗਾਰਡ ਅਤੇ ਬੁਲਟ ਪਰੂਫ ਗੱਡੀ ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ ਸੀ ਉਹ ਕਿਹੜੀ ਉਹ ਨਾਲ ਲੈਕੇ ਗਏ ਸਨ ? ਅਮਨ ਅਰੋੜਾ ਦੇ ਇਸ ਬਿਆਨ ‘ਤੇ ਨਰਾਜ਼ ਪਿਤਾ ਨੇ ਉਨ੍ਹਾਂ ਨੂੰ ਨਸੀਹਤ ਦਿੱਤੀ ਹੈ ।

ਬਲਕੌਰ ਸਿੰਘ ਦੀ ਅਮਨ ਅਰੋੜਾ ਨੂੰ ਨਸੀਹਤ

ਬਲਕੌਰ ਸਿੰਘ ਨੇ ਦੁਖੀ ਮਨ ਨਾਲ ਅਮਨ ਅਰੋੜਾ ਨੂੰ ਕਿਹਾ ਕਿ ਜੇਕਰ ਅਸੀਂ ਗਲਤੀ ਕੀਤੀ ਹੈ ਤਾਂ ਅਸੀਂ ਆਪਣਾ ਪੁੱਤ ਗਵਾ ਲਿਆ ਹੈ ਤੇ ਸਾਨੂੰ ਉਸ ਦੀ ਸਜ਼ਾ ਮਿਲ ਰਹੀ ਹੈ । ਤੁਸੀਂ ਇੱਕ ਜ਼ਿੰਮੇਵਾਰ ਮੰਤਰੀ ਹੋ, ਤੁਹਾਡੇ ਮੂੰਹ ਤੋਂ ਇਹ ਗੱਲ ਠੀਕ ਨਹੀਂ ਲਗ ਦੀ ਹੈ । ਤੁਸੀਂ ਇਹ ਕਹਿਕੇ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹੱਟ ਸਕਦੇ ਹੋ। ਪਿਤਾ ਬਲਕੌਰ ਸਿੰਘ ਨੇ ਕੈਬਨਿਟ ਮੰਤਰੀ ਮੀਤ ਹੇਅਰ ਦੇ ਉਸ ਬਿਆਨ ‘ਤੇ ਵੀ ਸਵਾਲ ਚੁੱਕੇ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਗੈਂਗਸਟਰ ਪਿਛਲੀ ਸਰਕਾਰਾਂ ਦੀ ਦੇਨ ਹੈ ਜਿਸ ‘ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਵੀ ਪੁਰਾਣੀ ਸਰਕਾਰ ਵਾਂਗ ਹੀ ਕਤਲ ਹੋਣ ਦੇਣੇ ਸਨ ਤਾਂ ਲੋਕਾਂ ਵੱਲੋਂ ਤੁਹਾਨੂੰ ਵੋਟਾਂ ਪਾਉਣ ਦਾ ਕੀ ਫਾਇਦੀ । ਉਨ੍ਹਾਂ ਕਿਹਾ ਦੋਵਾਂ ਮੰਤਰੀਆਂ ਦਾ ਪੁੱਤਰ ਨੂੰ ਲੈਕੇ ਦਿੱਤਾ ਗਿਆ ਬਿਆਨ ਗੈਰ ਜ਼ਿੰਮੇਦਾਰ ਹੈ ਅਤੇ ਨਿੰਦਣਯੋਗ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ ਅਸੀਂ ਲੜਾਈ ਲੜਾਂਗੇ ।

19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਬਰਸੀ ਹੈ। ਇਸ ਮੌਕੇ ਵੱਡਾ ਸਮਾਗਮ ਰੱਖਿਆ ਗਿਆ ਹੈ। ਵੈਸੇ 29 ਮਈ ਨੂੰ ਸਿੱਧੂ ਮੂ੍ਸੇਵਾਲਾ ਦੇ ਦੇਹਾਂਤ ਨੂੰ 1 ਸਾਲ ਪੂਰਾ ਹੋ ਜਾਣਾ ਹੈ ਪਰ ਪਿਤਾ ਨੇ ਮੌਸਮ ਨੂੰ ਧਿਆਨ ਵਿੱਚ ਰੱਖ ਦੇ ਹੋਏ ਬਰਸੀ ਜਲਦੀ ਕਰਨ ਦਾ ਫੈਸਲਾ ਲਿਆ ਹੈ । ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਹੋਣ ਦੀ ਵਜ੍ਹਾ ਕਰਕੇ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਕੋਈ ਪਰੇਸ਼ਾਨੀ ਨਾ ਹੋਏ ਇਸੇ ਲਈ ਪਰਿਵਾਰ ਨੇ 19 ਮਾਰਚ 2 ਮਹੀਨੇ ਪਹਿਲਾਂ ਬਰਸੀ ਮਨਾਉਣ ਦਾ ਫੈਸਲਾ ਕੀਤਾ ਹੈ।