Khaas Lekh Khalas Tv Special Lok Sabha Election 2024 Punjab

ਖ਼ਾਸ ਰਿਪੋਰਟ – ਅੰਮ੍ਰਿਤਸਰ ਲੋਕ ਸਭਾ ਹਲਕਾ ਕਰੇਗਾ ਵੱਡਾ ਉਲਟਫੇਰ! ਕਾਂਗਰਸ ਲਈ ਵੱਡੀ ਚੁਣੌਤੀ ਬਣਿਆ ‘ਵਿਕਾਸ ਪੁਰਸ਼’ ਉਮੀਦਵਾਰ

Lok Sabha Elections 2024 Amritsar Seat Gurjeet Singh Aujla Kuldeep Singh Dhaliwal Taranjit Singh Sandhu Anil Joshi

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਸਿਫ਼ਤੀ ਦੇ ਘਰ ਅੰਮ੍ਰਿਤਸਰ ਵਿੱਚ ਦਾਖ਼ਲ ਹੋਣ ਲਈ 12 ਗੇਟ ਹਨ। ਹਰ ਗੇਟ ਦੀ ਜਿਸ ਤਰ੍ਹਾਂ ਆਪਣੀ ਕਹਾਣੀ ਹੈ, ਉਸੇ ਤਰ੍ਹਾਂ ਅੰਮ੍ਰਿਤਸਰ ਲੋਕਸਭਾ ਹਲਕੇ ਦੇ ਹਰ ਦੌਰ ਦੀ ਆਪਣੀ ਕਹਾਣੀ ਹੈ। ਅੰਮ੍ਰਿਤਸਰ ਦਾ ਨਾਂ ਸੁਣਦਿਆਂ ਹੀ ਸਭ ਤੋਂ ਪਹਿਲੀ ਤਸਵੀਰ ਸਿੱਖੀ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਆਉਂਦੀ ਹੈ। ਮਨ ਵਿੱਚ ਖ਼ਿਆਲ ਆਉਂਦਾ ਹੈ ਕਿ ਇੱਥੇ ਵੱਡੀ ਗਿਣਤੀ ਸਿੱਖ ਹਨ ਅਤੇ ਹਲਕੇ ਦੀ ਸਿਆਸਤ ਵੀ ਇੰਨਾਂ ਦੇ ਇਰਦ ਗਿਰਦ ਘੁੰਮਦੀ ਹੈ।

ਪਰ ਅਸਲ ਵਿੱਚ ਅੰਮ੍ਰਿਤਸਰ ਲੋਕਸਭਾ ਹਲਕੇ ਦੀ ਸਿਆਸੀ ਤਸਵੀਰ ਬਿਲਕੁਲ ਉਲਟ ਹੈ। 1952 ਤੋਂ ਲੈਕੇ 2024 ਤੱਕ ਹਰ ਦਹਾਕੇ ਵਿੱਚ ਅੰਮ੍ਰਿਤਸਰ ਦੀ ਸਿਆਸਤ ਵਿੱਚ ਕੀ ਬਦਲਾਅ ਆਇਆ ਹੈ। 2024 ਵਿੱਚ ਅੰਮ੍ਰਿਤਸਰ ਦੇ ਲੋਕਾਂ ਦੀ ਸੋਚ ਕਿਹੜਾ ਸਿਆਸੀ ਇਸ਼ਾਰਾ ਕਰ ਰਹੀ ਹੈ ਲੋਕਾਂ ਦੇ ਸਿਆਸੀ ਮਨ ਨੂੰ ਪੜਨ ਦੀ ਕੋਸ਼ਿਸ਼ ਕਰਾਂਗੇ।

ਕਾਂਗਰਸ ਨਾਲ ਅੰਮ੍ਰਿਤਸਰ ਦਾ ਸਿਆਸੀ ਇਤਿਹਾਸ

ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ 70 ਸਾਲ ਦੀ ਸਿਆਸਤ ਨੂੰ ਕੁਝ ਤੱਥਾਂ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਤੱਕ ਅੰਮ੍ਰਿਤਸਰ ਵਿੱਚ 17 ਚੋਣਾਂ ਵਿੱਚੋਂ 9 ਵਾਰ ਹਿੰਦੂ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ, ਸਿਰਫ਼ 7 ਵਾਰ ਹੀ ਸਿੱਖ ਉਮੀਦਵਾਰ ਜਿੱਤ ਸਕੇ ਹਨ। 1952 ਤੋਂ ਲੈਕੇ 1999 ਤੱਕ ਹਿੰਦੂ ਉਮੀਦਵਾਰਾਂ ਦਾ ਅੰਮ੍ਰਿਤਸਰ ਹਲਕੇ ਵਿੱਚ ਦਬਦਬਾ ਰਿਹਾ ਹੈ। ਇਸ ਦੌਰਾਨ ਕਾਂਗਰਸ ਦੇ ਰਘੁਨੰਦਨਲਾਲ ਭਾਟੀਆ 1992 ਤੋਂ ਲੈਕੇ 1999 ਤੱਕ 5 ਵਾਰ ਜਿੱਤੇ।

2004 ਤੋਂ ਅੰਮ੍ਰਿਤਸਰ ਵਿੱਚ ਸਿਆਸੀ ਟਰੈਂਡ ਬਦਲਿਆ ਤੇ 2019 ਤੱਕ ਸਿੱਖ ਉਮੀਦਵਾਰ ਨੇ ਹੀ ਜਿੱਤ ਹਾਸਲ ਕੀਤੀ। ਬੀਜੇਪੀ ਨੇ 2004 ਵਿੱਚ ਨਵਜੋਤ ਸਿੰਘ ਸਿੱਧੂ ਨੂੰ ਖੜਾ ਕਰਕੇ ਇਹ ਰਿਵਾਜ਼ ਬਦਲਿਆ ਸੀ। ਹਾਲਾਂਕਿ ਕਾਂਗਰਸ ਨੇ 2004 ਅਤੇ 2009 ਵਿੱਚ ਵੀ ਹਿੰਦੂ ਉਮੀਦਵਾਰ ’ਤੇ ਦਾਅ ਖੇਡਿਆ ਸੀ। ਪਰ ਪਾਰਟੀ ਨੂੰ ਜਲਦ ਹੀ ਸਮਝ ਆ ਗਈ ਅਤੇ ਉਸ ਨੇ ਜਿਵੇਂ ਹੀ 2014 ਵਿੱਚ ਸਿਆਸੀ ਗੇਰ ਬਦਲਿਆ ਅਤੇ ਕੈਪਨਟ ਅਮਰਿੰਦਰ ਸਿੰਘ ਦੇ ਰੂਪ ਵਿੱਚ ਸਿੱਖ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ, 15 ਸਾਲ ਬਾਅਦ ਮੁੜ ਤੋਂ ਅੰਮ੍ਰਿਤਸਰ ਸੀਟ ’ਤੇ ਕਬਜ਼ਾ ਕੀਤਾ।

ਅੰਮ੍ਰਿਤਸਰ ਦੇ ਲੋਕ ਲੋਕਲ ਲਈ ਵੋਕਲ

ਅੰਮ੍ਰਿਤਸਰ ਲੋਕਸਭਾ ਸੀਟ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਹੈ। 17 ਚੋਣਾਂ ਵਿੱਚ ਕਾਂਗਰਸ ਨੇ 12 ਵਾਰ ਜਿੱਤ ਹਾਸਲ ਕੀਤੀ। 15 ਸਾਲਾਂ ਅਤੇ ਪਿਛਲੇ 3 ਲੋਕਸਭਾ ਚੋਣਾਂ ਵਿੱਚ ਅੰਮ੍ਰਿਤਸਰ ਲੋਕਸਭਾ ਸੀਟ ਦਾ ਇੱਕ ਸੁਭਾਅ ਹੋਰ ਵੇਖਣ ਨੂੰ ਮਿਲਿਆ ਹੈ, ਉਹ ਹੈ ਬਾਹਰੀ ਜਾਂ ਫਿਰ ‘ਪੈਰਾਸ਼ੂਟ’ ਉਮੀਦਵਾਰ ਨੂੰ ਲੋਕਾਂ ਨੇ ਨਾ ਸਿਰਫ਼ ਨਕਾਰਿਆ ਬਲਕਿ ਇਹ ਕਹਿ ਲਿਉ ਮੂੰਹ ਨਹੀਂ ਲਾਇਆ।

ਪਿਛਲੀਆਂ 2 ਚੋਣਾਂ ਵਿੱਚ ਬੀਜੇਪੀ ਨੇ ਇਸ ਦਾ ਅੰਜਾਮ ਭੁਗਤਿਆ ਹੈ ਇਸ ਦੇ ਬਾਵਜੂਦ ਲੋਕ ਪੁਰਾਣੇ ਵਰਕਰ ‘ਤੇ ਦਾਅ ਖੇਡਣ ਦੀ ਥਾਂ ਸਾਬਕਾ IFS ਤਰਨਜੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾ ਕੇ ਮੈਦਾਨ ਵਿੱਚ ਉਤਾਰਿਆ ਹੈ। ਇਸ ਵਾਰ ਤਾਂ ਅਕਾਲੀ ਦਲ ਬੀਜੇਪੀ ਦਾ ਗਠਜੋੜ ਨਾ ਹੋਣ ਦੀ ਵਜ੍ਹਾ ਕਰਕੇ ਸੰਧੂ ਦੇ ਲਈ ਦੁਗਣੀ ਮੁਸ਼ਕਲ ਹੈ।

2014 ਵਿੱਚ ਬੀਜੇਪੀ ਦੇ ਦੂਜੇ ਸਭ ਤੋਂ ਤਾਕਤਵਰ ਆਗੂ ਅਰੁਣ ਜੇਟਲੀ ਨੂੰ ਬੀਜੇਪੀ ਨੇ ਉਮੀਦਵਾਰ ਬਣਾਇਆ ਸੀ ਪਰ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰ ਕੇ ਬਾਹਰੀ ਵਰਸਿਸ ਪੰਜਾਬੀ ਦਾ ਮੁੱਦਾ ਬਣਾ ਕੇ ਵੱਡੀ ਜਿੱਤ ਹਾਸਲ ਕੀਤੀ ਸੀ। ਪਹਿਲੀ ਵਾਰ ਲੋਕਸਭਾ ਚੋਣ ਲੜਨ ਵਾਲੇ ਜੇਟਲੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਕੱਦ ਵੱਡਾ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਮੋਦੀ ਸਰਕਾਰ ਵਿੱਚ ਵਿੱਤ ਅਤੇ ਦੇਸ਼ ਦੇ ਰੱਖਿਆ ਮੰਤਰੀ ਵਰਗੇ ਅਹਿਮ ਅਹੁਦੇ ਮਿਲੇ ਸਨ।

ਫਿਰ 2019 ਵਿੱਚ ਬੀਜੇਪੀ ਨੇ ਮੁੜ ਤੋਂ ਸਾਬਕਾ IFS ਅਫ਼ਸਰ ਹਰਦੀਪ ਸਿੰਘ ਪੁਰੀ ਨੂੰ ਸਿੱਖ ਚਿਹਰਾ ਹੋਣ ਦੀ ਵਜ੍ਹਾ ਕਰਕੇ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ। ਪੁਰੀ ਨੇ ਅੰਮ੍ਰਿਤਸਰ ਦੇ ਨਾਲ ਬਥੇਰੇ ਆਪਣੇ ਲਿੰਕ ਜੋੜੇ ਪਰ ਲੋਕਾਂ ਨੇ ਸਾਰਿਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੂੰ 1 ਲੱਖ ਵੋਟਾਂ ਦੇ ਫ਼ਰਕ ਦੇ ਨਾਲ ਚੁਣਿਆ। ਹਾਲਾਂਕਿ ਮੋਦੀ ਨੇ ਪੁਰੀ ਨੂੰ ਵੀ ਸਰਕਾਰ ਵਿੱਚ ਥਾਂ ਦਿੰਦੇ ਹੋਏ ਕੈਬਨਿਟ ਮੰਤਰੀ ਬਣਾਇਆ।

ਹੁਣ ਇੱਕ ਵਾਰ ਮੁੜ ਸਾਬਕਾ IAS ਤਰਨਜੀਤ ਸਿੰਘ ਸੰਧੂ ਨੂੰ ਬੀਜੇਪੀ ਨੇ ਉਮੀਦਵਾਰ ਬਣਾਇਆ ਹੈ। ਇਸ ਵਾਰ ਖ਼ਾਸ ਗੱਲ ਇਹ ਹੈ ਕਿ ਉਹ ਅੰਮ੍ਰਿਤਸਰ ਤੋਂ ਹਨ ਅਤੇ ਉਨ੍ਹਾਂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਦਾ ਸਿੱਖ ਸਿਆਸਤ ਵਿੱਚ ਵੱਡਾ ਨਾਂ ਰਿਹਾ ਹੈ। ਪਰ ਵਿਰੋਧੀ ਧਿਰ ਪੈਰਾਸ਼ੂਟ ਉਮੀਦਵਾਰ ਦੇ ਰੂਪ ਵਿੱਚ ਉਨ੍ਹਾਂ ਦਾ ਪ੍ਰਚਾਰ ਰਹੇ ਹਨ।

ਹੁਣ ਸਵਾਲ ਇਹ ਹੈ ਕਿ ਬੀਜੇਪੀ ਨੇ ਤੀਜੀ ਵਾਰ ਪੈਰਾਸ਼ੂਟ ਉਮੀਦਵਾਰ ਉਤਾਰ ਕੇ ਗ਼ਲਤੀ ਕੀਤੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿੱਚ ਬੀਜੇਪੀ ਕੋਲ ਕੋਈ ਲੋਕਲ ਵੱਡਾ ਆਗੂ ਨਹੀਂ ਸੀ। ਪਾਰਟੀ ਨੇ ਅੰਮ੍ਰਿਤਸਰ ਤੋਂ ਜਿਸ ਤਰ੍ਹਾਂ ਨਾਲ ਹਾਰੇ ਹੋਏ ਉਮੀਦਵਾਰਾਂ ਨੂੰ ਸਰਕਾਰ ਵਿੱਚ ਵੱਡਾ ਅਹੁਦਾ ਦਿੱਤਾ। ਉਸੇ ਤਰ੍ਹਾਂ ਬੀਜੇਪੀ ਵੱਡਾ ਸਿਆਸੀ ਸੁਨੇਹੇ ਨਾਲ ਉਤਰ ਰਹੀ ਹੈ ਕਿ ਜੇਕਰ ਤਰਨਜੀਤ ਸਿੰਘ ਸੰਧੂ ਨੂੰ ਜਿਤਾਇਆ ਤਾਂ ਕੇਂਦਰ ਵਿੱਚ ਵੱਡਾ ਅਹੁਦਾ ਮਿਲੇਗਾ ਅਤੇ ਅੰਮ੍ਰਿਤਸਰ ਨੂੰ ਫਾਇਦਾ ਪਹੁੰਚੇਗਾ।

ਤਰਨਜੀਤ ਸਿੰਘ ਸੰਧੂ ਵੀ ਇਸੇ ਲਾਈਨ ‘ਤੇ ਪ੍ਰਚਾਰ ਕਰ ਰਹੇ ਹਨ। ਪਰ ਤਰਨਜੀਤ ਸਿੰਘ ਸੰਧੂ ਦੇ ਸਾਹਮਣੇ 2 ਮੁਸ਼ਕਲਾਂ ਹਨ, ਇੱਕ ਤਾਂ ਅਕਾਲੀ ਦਲ ਦਾ ਸਾਥ ਨਹੀਂ ਹੈ ਤੇ ਦੂਜਾ ਕਿਸਾਨ ਵਿਰੋਧ ਕਰ ਰਹੇ ਹਨ। ਅਜਿਹੇ ਵਿੱਚ ਇੱਕ ਮੁਸ਼ਕ ਹਿੰਦੂ ਵੋਟ ਉਨ੍ਹਾਂ ਨੂੰ ਭੁਗਤਨਾ ਮੁਸ਼ਕਿਲ ਹੈ ਅਜਿਹੇ ਵਿੱਚ ਜਿੱਤ ਨੂੰ ਯਕੀਨੀ ਬਣਾਉਣਾ ਉਨ੍ਹਾਂ ਲਈ ਮੁਸ਼ਕਲ ਹੈ। ਤਰਨਜੀਤ ਸਿੰਘ ਸੰਧੂ ਵੀ ਇਸ ਹਕੀਕਤ ਨੂੰ ਭਲੀਭਾਂਤ ਜਾਣਦੇ ਹਨ, ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਸਨਾਵਰ ਵਿੱਚ ਪੜੇ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਹਿੰਦੂ-ਸਿੱਖ ਦੇ ਨੂੰਹ ਮਾਸ ਦੇ ਰਿਸ਼ਤੇ ਦੀ ਗੱਲ ਯਾਦ ਕਰਦੇ ਹੋਏ ਇਸ ਗਠਜੋੜ ਨੂੰ ਜ਼ਰੂਰੀ ਦੱਸ ਦੇ ਹਨ।

ਅੰਮ੍ਰਿਤਸਰ ਵਿੱਚ ਬੀਜੇਪੀ ਲਈ ਇੱਕ ਹੋਰ ਮੁਸ਼ਕਲ ਇਹ ਹੈ ਕਿ ਬੀਜੇਪੀ ਦਾ ਵੋਟ ਫੀਸਦ ਹਰ ਚੋਣ ਵਿੱਚ ਘਟਿਆ ਹੈ। 2009 ਵਿੱਚ ਬੀਜੇਪੀ ਦਾ ਵੋਟ ਫੀਸਦ 48 ਸੀ। 2014 ਵਿੱਚ 37 ਰਹਿ ਗਿਆ। ਹਾਲਾਂਕਿ 2019 ਵਿੱਚ ਬੀਜੇਪੀ ਦਾ ਵੋਟ 40 ਫ਼ੀਸਦ ਹੋਇਆ ਪਰ ਕਾਂਗਰਸ ਦੇ 52 ਫੀਸਦੀ ਦੇ ਮੁਕਾਬਲੇ ਇਹ ਕਾਫੀ ਪਿੱਛੇ ਸੀ।

ਅਕਾਲੀ ਦਲ ਦਾ ਮਜ਼ਬੂਤ ਉਮੀਦਵਾਰ

ਅਕਾਲੀ ਦਲ 1972 ਵਿੱਚ ਅਖ਼ੀਰਲੀ ਵਾਰ ਅੰਮ੍ਰਿਤਸਰ ਲੋਕਸਭਾ ਹਲਕੇ ਤੋਂ ਚੋਣ ਲੜੀ ਸੀ। ਜਦਕਿ ਸਭ ਤੋਂ ਪਹਿਲਾਂ 1951 ਵਿੱਚ, ਪਰ ਹਰ ਵਾਲ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਦੇ ਪਿੱਛੇ ਵੱਡਾ ਕਾਰਨ ਹੈ ਕਿ ਸਿਰਫ਼ ਸਿੱਖ ਵੋਟਰ ਦੇ ਨਾਲ ਬੇੜਾ ਪਾਰ ਹੋਣਾ ਮੁਸ਼ਕਲ ਹੈ। ਜੋ ਬੀਜੇਪੀ ਦੀ ਸਿਆਸੀ ਮੁਸ਼ਕਲ ਹੈ ਉਹ ਹੀ ਸਿਆਸੀ ਰੋੜਾ ਅਕਾਲੀ ਦਲ ਲਈ ਵੀ ਹਨ। ਇਸੇ ਲਈ ਅਕਾਲੀ ਦਲ ਨੇ ਸੋਚ ਸਮਝ ਕੇ ਅੰਮ੍ਰਿਤਸਰ ਦੇ ਲਈ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਇਆ ਹੈ।

ਅਕਾਲੀ ਨੂੰ ਲੱਗਦਾ ਹੈ ਕਿ ਸਿੱਖ ਵੋਟ ਤਾਂ ਉਸ ਨੂੰ ਮਿਲ ਹੀ ਜਾਣਗੇ ਜੋਸ਼ੀ ਦੇ ਖੜੇ ਹੋਣ ਨਾਲ ਹਿੰਦੂ ਵੋਟ ਵੀ ਉਨ੍ਹਾਂ ਦੇ ਨਾਲ ਆ ਜਾਣਗੇ। ਅਨਿਲ ਜੋਸ਼ੀ ਨੇ ਕਿਸਾਨ ਅੰਦੋਲਨ ਸਮੇਂ ਪਾਰਟੀ ਛੱਡੀ ਸੀ ਇਸ ਲਈ ਕਿਸਾਨ ਵੀ ਉਨ੍ਹਾਂ ਤੋਂ ਖੁਸ਼ ਹਨ। ਹਲਕੇ ਵਿੱਚ ਉਨ੍ਹਾਂ ਨੂੰ ‘ਵਿਕਾਸ ਪੁਰਸ਼’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਦਕਿ ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ ਨੇ 2004 ਦੇ ਟਰੈਂਡ ਨੂੰ ਫਾਲੋ ਕਰਕੇ ਹੋਏ ਸਿੱਖ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪਰ ਅਕਾਲੀ ਦਲ ਲਈ ਇਹ ਏਨਾਂ ਅਸਾਨ ਨਹੀਂ ਹੈ। ਅੰਮ੍ਰਿਤਸਰ ਕਾਂਗਰਸ ਦਾ ਗੜ੍ਹ ਹੈ। ਉਸ ਦੇ ਕੋਲ ਹਿੰਦੂ, ਮੁਸਲਿਮ, ਦਲਿਤ ਅਤੇ ਹਰ ਭਾਈਚਾਰੇ ਦੇ ਵੋਟਰ ਹਨ।

ਆਪ ਦਾ ਕਮਜ਼ੋਰ ਉਮੀਦਵਾਰ

ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਗੱਲ ਕਰਦੇ ਹਾਂ। ਅੰਮ੍ਰਿਤਸਰ ਲੋਕਸਭਾ ਹਲਕੇ ਵਿੱਚ 9 ਵਿਧਾਨਸਭਾ ਹਲਕੇ ਆਉਂਦੇ ਹਨ। 6 ਵਿਧਾਨਸਭਾ ਹਲਕਿਆਂ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਜਦਕਿ ਮਜੀਠਾ ਅਤੇ ਰਾਜਾਸਾਂਸੀ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕ ਹਨ। 2019 ਦੀਆਂ ਅੰਮ੍ਰਿਤਸਰ ਲੋਕਸਭਾ ਚੋਣਾਂ ਵਿੱਚ ਕੁਲਦੀਪ ਸਿੰਘ ਧਾਲੀਵਾਲ ਪਾਰਟੀ ਦੇ ਉਮੀਦਵਾਰ ਸਨ ਉਨ੍ਹਾਂ ਨੂੰ ਸਿਰਫ਼ 20 ਹਜ਼ਾਰ ਵੋਟਾਂ ਪਈਆਂ ਸਨ। ਇਸ ਤੋਂ ਉਨ੍ਹਾਂ ਦੇ ਸਿਆਸੀ ਕੱਦ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹਾਲਾਂਕਿ ਇਸ ਵਾਰ ਸੂਬੇ ਦੇ ਵਜ਼ੀਰ ਦੇ ਤੌਰ ਉਹ ਮਜ਼ਬੂਤ ਉਮੀਦਵਾਰ ਹਨ। ਲੋਕਸਭਾ ਦੇ ਉਮੀਦਵਾਰ ਦੇ ਤੌਰ ’ਤੇ ਲੋਕਾਂ ਵਿੱਚ ਉਨ੍ਹਾਂ ਦਾ ਕੱਦ ਸ਼ਾਇਦ ਏਨਾਂ ਵੱਡਾ ਨਹੀਂ ਹੈ।

ਔਜਲਾ ਲਈ ਬਾਗ਼ੀਆਂ ਨੂੰ ਕੰਟਰੋਲ ਕਰਨਾ ਚੁਣੌਤੀ

ਗੁਰਜੀਤ ਸਿੰਘ ਔਜਲਾ ਨੂੰ ਕਾਂਗਰਸ ਨੇ ਤੀਜੀ ਵਾਰ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਹਿਲੀ ਵਾਰ 2017 ਵਿੱਚ ਜ਼ਿਮਨੀ ਚੋਣ ਜਿੱਤੇ, ਉਸ ਵੇਲੇ ਕਿਹਾ ਜਾ ਸਕਦਾ ਹੈ ਕਿ ਉਹ ਸੂਬੇ ਵਿੱਚ ਕਾਂਗਰਸ ਦੀ ਸਿਆਸੀ ਲਹਿਰ (Political Wave) ਵਿੱਚ ਜਿੱਤ ਗਏ ਪਰ 2019 ਵਿੱਚ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਹਰਦੀਪ ਸਿੰਘ ਪੁਰੀ (Hardeep Singh Puri) ਨੂੰ ਹਰਾਇਆ। ਉਸ ਨੇ ਗੁਰਜੀਤ ਔਜਲਾ (Gurjeet Singh Aujla) ਦਾ ਕੱਦ ਵੱਡਾ ਕਰ ਦਿੱਤਾ।

ਔਜਲਾ ਨੇ ਪਿਛਲੇ 7 ਸਾਲਾਂ ਵਿੱਚ ਸਾਂਸਦ ਰਹਿੰਦੇ ਹੋਏ ਅੰਮ੍ਰਿਤਸਰ ਦੇ ਕਈ ਮੁੱਦੇ ਸੰਸਦ ਵਿੱਚ ਚੁੱਕੇ। ਪਾਰਟੀ ਦੇ ਪ੍ਰਤੀ ਵਫ਼ਾਦਾਰੀ ਨਿਭਾਈ। ਵੋਟਰਾਂ ਦੇ ਵਿਚਾਲੇ ਵਿਚਰਨ ਦੀ ਵਜ੍ਹਾ ਕਰਕੇ ਜਦੋਂ ਪਾਰਟੀ ਨੇ ਸਰਵੇਂ ਕਰਵਾਇਆ ਤਾਂ ਉਸ ਦਾ ਨਤੀਜਾ ਚੰਗਾ ਆਇਆ ਹੈ। ਹਾਲਾਂਕਿ 5 ਵਾਰ ਵਿਧਾਇਕ ਅਤੇ 2009 ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਰੜੀ ਟੱਕਰ ਦੇਣ ਵਾਲੇ ਓ.ਪੀ ਸੋਨੀ (Om Parkash Soni) ਵੀ ਅੰਮ੍ਰਿਤਸਰ ਸੀਟ ਤੋਂ ਦਾਅਵੇਦਾਰੀ ਪੇਸ਼ ਕਰ ਰਹੇ ਸਨ।

ਪਰ ਭਵਿੱਖ ਦੀ ਸਿਆਸਤ ਨੂੰ ਵੇਖ ਦੇ ਹੋਏ ਪਾਰਟੀ ਨੇ 2 ਵਾਰ ਦੇ ਜੇਤੂ ਐੱਮਪੀ ਨੂੰ ਹਟਾਉਣ ਦਾ ਜ਼ੋਖ਼ਮ ਨਹੀਂ ਚੁੱਕਿਆ। ਇਸ ਤੋਂ ਇਲਾਵਾ ਔਜਲਾ ਦਾ ਵਿਰੋਧੀ ਕਾਂਗਰਸ ਦੇ ਹੋਰ ਸਾਬਕਾ ਵਿਧਾਇਕਾਂ ਵੱਲੋਂ ਨਹੀਂ ਕੀਤਾ ਜਾ ਰਿਹਾ ਹੈ। ਬੀਜੇਪੀ ਅਤੇ ਅਕਾਲੀ ਦਲ ਵਿੱਚ ਗਠਜੋੜ ਨਾ ਹੋਣ ਕਰਕੇ ਔਜਲਾ ਦੀ ਅੰਮ੍ਰਿਤਸਰ ਦੀ ਸਿਆਸੀ ਲੜਾਈ ਅਸਾਨ ਹੋ ਗਈ ਹੈ।

ਆਪ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਭਾਵੇਂ ਕੈਬਨਿਟ ਮੰਤਰੀ ਹਨ, ਪਰ ਲੋਕ ਸਭਾ ਪੱਖੋਂ ਉਨ੍ਹਾਂ ਦਾ ਤਜਰਬਾ ਫਿਲਹਾਲ ਉਨ੍ਹਾਂ ਨਹੀਂ ਹੈ। ਔਜਲਾ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਸ਼ਤੇ ਵੀ ਚੰਗੇ ਹਨ, ਇਸੇ ਲਈ ਇਹ ਵੀ ਖ਼ਬਰਾਂ ਹਨ ਕਿ ਔਜਲਾ ਦੇ ਖ਼ਿਲਾਫ਼ ਪਾਰਟੀ ਨੇ ਕੋਈ ਵੱਡਾ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰਿਆ ਹੈ।

4 ਜੂਨ ਨੂੰ ਅੰਮ੍ਰਿਤਸਰ ਦੀ ਜਨਤਾ ਦੇ ਸਿਆਸੀ ਫਤਵੇ ‘ਤੇ ਪੂਰੇ ਪੰਜਾਬ ਦੀ ਨਜ਼ਰਾ ਹੋਵੇਗੀ। ਅੰਮ੍ਰਿਤਸਰ ਦੇ ਲੋਕ ਕੀ 15 ਸਾਲ ਬਾਅਦ ਮੁੜ ਤੋਂ ਸਿਆਸਤ ਦੀ ਨਵੀਂ ਕਹਾਣੀ ਲਿਖਣਗੇ ਜਾਂ ਫਿਰ ਇੱਕ ਵਾਰ ਮੁੜ ਤੋਂ ਕਾਂਗਰਸ ਦੇ ਗੜ੍ਹ ‘ਤੇ ਮੋਹਰ ਲਗਾਉਣਗੇ।

ਇਹ ਵੀ ਜ਼ਰੂਰ ਪੜ੍ਹੋ – ਖ਼ਾਸ ਰਿਪੋਰਟ- ਜਲੰਧਰ ’ਚ ਨਹੀਂ ਚੱਲੇਗੀ ‘ਸਿਆਸੀ ਤਿਤਲੀਆਂ’ ਦੀ ਖੇਡ! ਬਾਹਰੀ ‘ਟੈਗ’ ਵਾਲੇ ਉਮੀਦਵਾਰ ਦਾ ਪੱਲਾ ਭਾਰੀ!