India Lok Sabha Election 2024 Punjab

ਤਾਮਿਲਨਾਡੂ ਦੇ ਸਿੱਖ ਹੁਸ਼ਿਆਰਪੁਰ ਤੋਂ ਲੜਨਗੇ ਚੋਣ

ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਵੱਖੋਂ ਵੱਖ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਚੋਣਾਂ ਜਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਇਸੇ ਦੌਰਾਨ ਬਹੁਜਨ ਦ੍ਰਵਿੜ ਪਾਰਟੀ (ਬੀਡੀਪੀ) ਦੇ ਮੁਖੀ ਤਮਿਲ ਮੂਲ ਦੇ ਸਿੱਖ ਜੀਵਨ ਸਿੰਘ ਮੱਲਾ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਹੁਸ਼ਿਆਰਪੁਰ  ਰਾਖਵੇਂ ਹਲਕੇ ਤੋਂ ਚੋਣ ਲੜਨਗੇ।

ਉਨ੍ਹਾਂ ਨੇ ਪਹਿਲਾਂ ਹੀ ਹੁਸ਼ਿਆਰਪੁਰ ਵਿਚ ਮੁੱਖ ਤੌਰ ‘ਤੇ ਸਿੱਖ ਕਾਰਕੁਨਾਂ ਨਾਲ ਛੋਟੀਆਂ-ਛੋਟੀਆਂ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ ਅਤੇ ਕਿਹਾ ਹੈ ਕਿ ਉਹ ਦਲਿਤ ਕਾਰਕੁਨਾਂ ਦਾ ਸਮਰਥਨ ਹਾਸਲ ਕਰ ਰਹੇ ਹਨ। ਇਨ੍ਹਾਂ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਤਾਮਿਲਨਾਡੂ ਵਿਚ 7 ​​ਤਾਮਿਲ ਮੂਲ ਦੇ ਸਿੱਖ ਚੋਣ ਮੈਦਾਨ ਵਿਚ ਹਨ, ਸਾਰੇ ਉਮੀਦਵਾਰ ਬੀਡੀਪੀ ਪਾਰਟੀ ਵਲੋਂ ਚੋਣ ਲੜਨਗੇ।

ਜੀਵਨ ਸਿੰਘ (ਪਹਿਲਾਂ ਜੀਵਨ ਕੁਮਾਰ ਮੱਲਾ) ਇਕ ਦਲਿਤ ਭਾਈਚਾਰੇ ਨਾਲ ਸਬੰਧਤ ਹਨ, ਉਨ੍ਹਾਂ ਨੇ ਜਨਵਰੀ 2023 ਵਿਚ ਸਿੱਖ ਧਰਮ ਅਪਣਾਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ 1996 ਵਿਚ ਇਸ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਪੇਰੀਆਰ ਅਤੇ ਕਾਂਸ਼ੀ ਰਾਮ ਬੀਡੀਪੀ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ, “ਪੰਜਾਬ ਤੋਂ ਮੇਰਾ ਮੁਕਾਬਲਾ ਤੁਰੰਤ ਚੋਣ ਨਤੀਜਿਆਂ ਤੋਂ ਪਰੇ ਹੈ, ਅਤੇ ਇਸ ਦਾ ਮਜ਼ਬੂਤ ​​​​ਰਾਜਨੀਤਿਕ ਅਤੇ ਸੱਭਿਆਚਾਰਕ ਸੰਦੇਸ਼ ਹੈ ਕਿਉਂਕਿ ਅਸੀਂ ਗੁਰੂ ਨਾਨਕ ਦੇ ਵਿਚਾਰਾਂ ਨੂੰ ਫੈਲਾਉਣ ਲਈ ਬਹੁਤ ਉਤਸੁਕ ਹਾਂ”।

ਉਨ੍ਹਾਂ ਦਸਿਆ ਕਿ ਉਹ ਤਾਮਿਲਨਾਡੂ ਦੇ ਦੇਵੇਂਦਰ ਕੁਲਾ ਵੇਲਾਲਰ ਭਾਈਚਾਰੇ ਨਾਲ ਸਬੰਧਤ ਹਨ। ਉਹ ਸਾਰੇ ਛੋਟੇ ਅਤੇ ਸੀਮਾਂਤ ਕਿਸਾਨ ਹਨ, 60% ਲੋਕ ਬੇਜ਼ਮੀਨੇ ਖੇਤੀਬਾੜੀ ਕੁਲੀ ਹਨ”। ਜੀਵਨ ਸਿੰਘ ਨੇ ਐਤਵਾਰ ਨੂੰ ਪਟਿਆਲਾ ਵਿਖੇ ਸਾਬਕਾ ਸੰਸਦ ਮੈਂਬਰ ਅਤਿੰਦਰਪਾਲ ਸਿੰਘ ਨਾਲ ਮੁਲਾਕਾਤ ਕੀਤੀ ਸੀ।