Khaas Lekh Khalas Tv Special Lok Sabha Election 2024 Punjab

ਖ਼ਾਸ ਰਿਪੋਰਟ- ਜਲੰਧਰ ’ਚ ਨਹੀਂ ਚੱਲੇਗੀ ‘ਸਿਆਸੀ ਤਿਤਲੀਆਂ’ ਦੀ ਖੇਡ! ਬਾਹਰੀ ‘ਟੈਗ’ ਵਾਲੇ ਉਮੀਦਵਾਰ ਦਾ ਪੱਲਾ ਭਾਰੀ!

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ)- ਜਲੰਧਰ ਪੰਜਾਬ ਦੇ ਨਕਸ਼ੇ ਵਿੱਚ ਬਿਲਕੁਲ ਕੇਂਦਰ ਵਿੱਚ ਹੈ। ਇਸ ਵਾਰ ਪੰਜਾਬ ਦੀਆਂ 2024 ਦੀਆਂ ਲੋਕਸਭਾ ਚੋਣਾਂ ਵੀ ਇਸੇ ਦੇ ਇਰਦ-ਗਿਰਦ ਘੁੰਮਦੀਆਂ ਹੋਈਆਂ ਨਜ਼ਰ ਆਉਣਗੀਆਂ। ਇਸੇ ਲਈ ਸਿਆਸੀ ਤਿਤਲੀਆਂ ਵੀ ਇਸੇ ਹਲਕੇ ਵਿੱਚ ਸਭ ਤੋਂ ਜ਼ਿਆਦਾ ਉਡਾਰੀਆਂ ਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪਾਰਟੀ ਦੇ ਵਫ਼ਾਦਾਰ ਰਾਤੋ-ਰਾਤ ਬੇਵਫ਼ਾ ਹੋ ਰਹੇ ਹਨ। ਇਹ ਸੀਟ ਸੂਬੇ ਦੀ ਹਰ ਪਾਰਟੀ ਲਈ ਸਾਖ਼ ਅਤੇ ਸਬਕ ਸਿਖਾਉਣ ਦਾ ਸਵਾਲ ਬਣ ਗਈ ਹੈ।

ਸੋ ਅੱਜ ਅਸੀਂ ਦੋਆਬੇ ਦੀ ਸਭ ਤੋਂ ਅਹਿਮ ਸੀਟ ਜਲੰਧਰ ਦੀ ਗੱਲ ਕਰਨ ਜਾ ਰਹੇ ਹਾਂ। ਉਮੀਦਵਾਰਾਂ ਦੇ ਐਲਾਨਾ ਨਾਲ ਜਿੱਤ ਅਤੇ ਹਾਰ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ।

2024 ਦੀਆਂ ਲੋਕਸਭਾ ਚੋਣਾਂ ਵਿੱਚ ਜਲੰਧਰ ਦੇ ਲੋਕਾਂ ਦਾ ਫੈਸਲਾ ਕੀ ਹੋਵੇਗਾ? ਇਸ ਹਲਕੇ ਦੀ ਸੋਚ ਪੂਰੇ ਪੰਜਾਬ ਤੋਂ ਵੱਖ ਹੈ ਜਾਂ ਇਹ ਕਹਿ ਲਿਉ ਕਿ ਇਸ ਹਲਕੇ ਦੀ ਆਪਣੀ ਸੋਚ ਹੀ ਨਹੀਂ ਹੈ, ਬਲਕਿ ਡੇਰਿਆਂ ਦੇ ਇਸ਼ਾਰੇ ‘ਤੇ ਚੱਲਦਾ ਹੈ ਅਤੇ ਇਹ ਡੇਰੇ ਦਲਿਤ ਭਾਈਚਾਰੇ ਦੇ ਹਨ।

ਕਹਿੰਦੇ ਹਨ ਪੰਜਾਬ ਵਿੱਚ ਦਲਿਤਾਂ ਦੀ ਕੁੱਲ ਗਿਣਤੀ 38 ਫੀਸਦੀ ਹੈ ਜੋ ਪੂਰੇ ਭਾਰਤ ਵਿੱਚ ਕਿਸੇ ਸੂਬੇ ਦੀ ਨਹੀਂ ਹੈ। ਜਲੰਧਰ ਉਸੇ ਦਲਿਤ ਭਾਈਚਾਰੇ ਦਾ ਤਾਜ ਹੈ। ਜਲੰਧਰ ਵਿੱਚ 42.7 ਫੀਸਦੀ ਵੋਟ ਦਲਿਤਾਂ ਦੇ ਕੋਲ ਹਨ। ਹਲਕੇ ਦੇ 49 ਫੀਸਦੀ ਵੋਟਰ ਸ਼ਹਿਰੀ ਹਨ ਅਤੇ ਇੱਥੇ ਵੀ ਦਬਦਬਾ ਦਲਿਤ ਭਾਈਚਾਰੇ ਦਾ ਹੀ ਹੈ। ਹੁਣ ਇਹ ਦਲਿਤ ਜੁੜੇ ਕਿਸ ਡੇਰੇ ਨਾਲ ਹਨ, ਡੇਰਾ ਸੱਚ ਖੰਡ ਬਲਾਨ ਸਭ ਤੋਂ ਵੱਡਾ ਡੇਰਾ ਹੈ ਜਿਸ ਨਾਲ ਰਵੀਦਾਸੀ, ਰਵੀਦਾਸੀਆ, ਆਦਿ ਧਰਮੀ, ਮਜ਼੍ਹਬੀ ਸਿੱਖ,ਵਾਲਮੀਕੀ ਦਲਿਤ ਭਾਈਚਾਰਾ ਜੁੜਿਆ ਹੈ। ਇਸ ਦੇ ਡੇਰਾ ਮੁਖੀ ਹਨ ਸੰਤ ਨਿਰਜਨ ਦਾਸ।

ਇਸ ਤੋਂ ਇਲਾਵਾ ਦਿਵਿਆ ਜੋਤ ਜਾਗਰਤੀ ਸੰਸਥਾਨ ਆਸ਼ੂਤੋਸ਼ ਦਾ ਡੇਰਾ ਇਸ ਨਾਲ ਵੀ ਵੱਡੀ ਗਿਣਤੀ ਵਿੱਚ ਲੋਕ ਜੁੜੇ ਹਨ। ਹਾਲਾਂਕਿ ਡੇਰਾ ਦਾ ਮੁਖੀ ਆਸ਼ੂਤੋਸ਼ 10 ਸਾਲ ਪਹਿਲਾਂ ਹੀ ਦੁਨੀਆ ਤੋਂ ਚਲਾ ਗਿਆ, ਪਰ ਹੁਣ ਵੀ ਮ੍ਰਿਤਕ ਦੇਹ ਡੇਰੇ ਵਿੱਚ ਪਈ ਹੈ। ਡੇਰੇ ਦੇ ਪੈਰੋਕਾਰ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹਨ।

ਇਨ੍ਹਾਂ ਡੇਰਿਆਂ ਦੇ ਨਾਲ ਇਸਾਈ ਪਾਸਟਰ ਦਾ ਵੀ ਇਸ ਹਲਕੇ ਵਿੱਚ ਵੱਡਾ ਪ੍ਰਭਾਅ ਹੈ। ਇਸ ਵਿੱਚ ਵੀ ਵੱਡੀ ਗਿਣਤੀ ਵਿੱਚ ਦਲਿਤ ਜੁੜੇ ਹਨ। ਇਸਾਈ ਪਾਸਟਰ ਇਸ ਵੇਲੇ ਜਲੰਧਰ ਵਿੱਚ ਇਸ ਕਦਰ ਤਾਕਤਵਰ ਬਣ ਚੁੱਕੇ ਹਨ ਕਿ ਜਲੰਧਰ ਦੀ ਸਿਆਸਤ ਇਨ੍ਹਾਂ ਦੇ ਇਰਦ-ਗਿਰਦ ਘੁੰਮਣ ਲੱਗ ਗਈ ਹੈ। ਮਾਲਵੇ ਅਤੇ ਮਾਂਝੇ ਵਾਲੀ ਜੱਟ ਸਿਆਸਤ ਇੱਥੇ ਤੁਹਾਨੂੰ ਬਿਲਕੁਲ ਨਜ਼ਰ ਨਹੀਂ ਆਵੇਗੀ। ਡੇਰਾ ਰਾਧਾ ਸੁਆਮੀ ਦਾ ਵੀ ਇਸ ਹਲਕੇ ਵਿੱਚ ਚੰਗਾ ਅਸਰ ਹੈ, ਪਰ ਇਸ ਦਾ ਅਸਰ ਤੁਹਾਨੂੰ ਦਲਿਤਾਂ ਵਿੱਚ ਘੱਟ ਜਦਕਿ ‘ਮਿਡਲ ਕਲਾਸ’ ਵਿੱਚ ਜ਼ਿਆਦਾ ਨਜ਼ਰ ਆਏਗਾ।

ਨਜ਼ਰ ਅੰਦਾਜ਼ ਨਹੀਂ ਕੀਤੀ ਜਾ ਸਕਦੀ ਡੇਰਿਆਂ ਦੀ ਤਾਕਤ

ਜਲੰਧਰ ਵਿੱਚ ਡੇਰਿਆ ਦੀ ਤਾਕਤ ਅਤੇ ਵੋਟ ਸਮੀਕਰਣ ਦਾ ਤੁਹਾਨੂੰ ਹੁਣ ਤੱਕ ਅੰਦਾਜ਼ਾ ਹੋ ਗਿਆ ਹੋਵੇਗਾ। ਹੁਣ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦਲਿਤ ਵੋਟ ਆਖਿਰ ਸੂਬੇ ਦੀ ਕਿਸ ਪਾਰਟੀ ਦੀ ਤਾਕਤ ਹੈ। 70 ਸਾਲ ਦੇ ਨਤੀਜੇ ਨੂੰ ਵੇਖੋ ਤਾਂ ਜਵਾਬ ਮਿਲੇਗਾ ਕਾਂਗਰਸ। ਹੁਣ ਤੱਕ 17 ਵਾਰ ਲੋਕਸਭਾ ਚੋਣਾਂ ਹੋਈਆਂ ਹਨ। 11 ਵਾਰ ਕਾਂਗਰਸ ਜਿੱਤੀ ਹੈ। ਇਨ੍ਹਾਂ ਵਿੱਚੋ 5 ਵਾਰ ਤਾਂ 1999 ਤੋਂ ਲੈ ਕੇ 2019 ਤੱਕ ਲਗਾਤਾਰ ਜਿੱਤੀ। 3 ਵਾਰ ਅਕਾਲੀ ਦਲ ਜਿੱਤਿਆ, ਉਹ ਵੀ ਬੀਜੇਪੀ ਨਾਲ ਗਠਜੋੜ ਵਿੱਚ। 2 ਵਾਰ ਜਨਤਾ ਦਲ ਨੇ ਵੀ ਜਿੱਤ ਹਾਸਲ ਕੀਤੀ ਹੈ, ਪਰ ਉਸ ਵੇਲੇ ਵੋਟ ਪਾਰਟੀ ਤੋਂ ਜ਼ਿਆਦਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਤ ਦੇ ਚਿਹਰੇ ਨੂੰ ਜ਼ਿਆਦਾ ਪਏ ਸਨ।

ਇਸ ਤੋਂ ਸਾਫ ਹੈ ਇਹ ਕਾਂਗਰਸ ਦਾ ਗੜ੍ਹ ਹੈ। ਇਹ ਸੀਟ ਪਾਰਟੀ ਦੇ ਲਈ ਕਿਸੇ ਮਜ਼ਬੂਤ ਕਿਲ੍ਹੇ ਤੋਂ ਘੱਟ ਨਹੀਂ ਹੈ। 2023 ਵਿੱਚ ਜ਼ਿਮਨੀ ਚੋਣ ਵਿੱਚ ਕਾਂਗਰਸ ਨੂੰ 25 ਸਾਲ ਬਾਅਦ ਹਾਰ ਮਿਲੀ। ਪਰ ਇੱਥੇ ਇਹ ਵੀ ਵੇਖਣਾ ਹੋਵੇਗਾ ਕਿ 2022 ਵਿੱਚ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਸੀ ਤਾਂ ਵੀ ਜਲੰਧਰ ਦੇ ਲੋਕਾਂ ਨੇ 9 ਵਿਧਾਨਸਭਾ ਸੀਟਾਂ ਵਿੱਚੋਂ 5 ਕਾਂਗਰਸ ਦੇ ਖ਼ਾਤੇ ਵਿੱਚ ਪਾਈਆਂ ਸਨ ਜਦਕਿ ਆਪ ਨੂੰ 4 ਹੀ ਮਿਲੀਆਂ ਸਨ।

ਹੁਣ ਸਵਾਲ ਇਹ ਹੈ ਕਿ 2024 ਵਿੱਚ ਜਲੰਧਰ ਦੇ ਲੋਕ ਕਿਸ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇਣ ਜਾ ਰਹੇ ਹਨ। ਇਸ ਵਾਰ ਦੀ ਸਿਆਸੀ ਲੜਾਈ ਵਿੱਚ ਵੀ ਦਲਿਤ ਵੋਟ ਬੈਂਕ ਹੀ ਹਵਾ ਦਾ ਰੁਖ਼ ਤੈਅ ਕਰਨਗੇ। ਪਰ ਵੋਟ ਬੈਂਕ ਕਿਸ ਖ਼ਾਤੇ ਵਿੱਚ ਭੁਗਤੇਗਾ, ਇਸ ‘ਤੇ ਫ਼ੈਸਲਾ ਲੈਣ ਲਈ ਜਲੰਧਰ ਦੇ ਸਾਹਮਣੇ 3 ਸਵਾਲ ਹਨ- ਪਹਿਲਾ, ਉਨ੍ਹਾਂ ਨੂੰ ਸਿਆਸੀ ਤਿਲਤੀਆਂ ਵਰਗੇ ਉਮੀਦਵਾਰ ਚਾਹੀਦੇ ਜੋ ਕਦੇ ਵੀ ਕਿਸੇ ਵੀ ਸਿਆਸੀ ਸ਼ਾਖ ‘ਤੇ ਰਾਤੋ ਰਾਤ ਉਡਾਰੀ ਮਾਰਨ ਜਾਂ ਫਿਰ ਉਹ ਕੇਂਦਰ ਦੀ ਸੂਬੇ ਦੀ ਸਿਆਸਤ ਨੂੰ ਵੇਖ ਕੇ ਵੋਟ ਕਰਨ ਬਾਰੇ ਸੋਚਣਗੇ। ਤੀਜਾ ਸਵਾਲ ਹੈ ਕਿ ਜਲੰਧਰ ਦਾ ਦਲਿਤ ਵੋਟ ਇੱਕ ਵਾਰ ਮੁੜ ਤੋਂ ਕਾਂਗਰਸ ਦੀ ਬਾਂਹ ਫੜ੍ਹੇਗਾ।

2023 ਦੀ ਜ਼ਿਮਨੀ ਚੋਣ ਦੇ ਨਤੀਤਿਆਂ ਤੋਂ ਇੱਕ ਵੱਡਾ ਇਸ਼ਾਰਾ ਮਿਲਦਾ ਹੈ ਕਿ ਜਲੰਧਰ ਦੇ ਲੋਕ ਸੱਤਾ ਦੇ ਨਾਲ ਜਾਣਾ ਪਸੰਦ ਕਰਦੇ ਹਨ। ਉਨ੍ਹਾਂ ਨੇ ਕੇਂਦਰ ਦੀ ਥਾਂ ਸੂਬੇ ਦੀ ਸੱਤਾ ਨੂੰ ਚੁਣਿਆ। ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਡੇਰਾ ਸੱਚਖੰਡ ਬਲਾਨ ਦੇ ਮੁਖੀ ਸੰਤ ਨਿਰਜਨ ਦਾਸ ਨੂੰ ਮਿਲਣਾ ਅਤੇ 25 ਕਰੋੜ ਦਾ ਚੈੱਕ ਦੇਣਾ ਗੇਮ ਚੇਂਜਰ ਸਾਬਿਤ ਹੋਇਆ ਸੀ।

ਇੱਕ ਹੋਰ ਫੈਕਟਰ ਨੇ ਵੀ ਕਾਫ਼ੀ ਅਹਿਮ ਰੋਲ ਅਦਾ ਕੀਤਾ ਸੀ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਸਰ ਸਿੰਘ ਦੀ ਗ੍ਰਿਫ਼ਤਾਰੀ ਵੀ ਵੱਡਾ ਫੈਕਟਰ ਸੀ। ਅੰਮ੍ਰਿਤਸਰ ਪਾਲ ਸਿੰਘ ਦਾ ਸਿੱਧੀ ਲੜਾਈ ਪਾਸਟਰ ਦੇ ਨਾਲ ਸੀ। ਭਗਵੰਤ ਮਾਨ ਸਰਕਾਰ ਨੇ NSA ਲਗਾ ਕੇ ਅੰਮ੍ਰਿਤਸਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ। ਪਾਸਟਰ ਨੇ ਪ੍ਰੈਸ ਕਾਂਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਹਮਾਇਤੀ ਕੀਤੀ ਸੀ ਅਤੇ ਚਾਰ ਤਰਫਾ ਲੜਾਈ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ 59 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ। ਆਪ ਦਾ ਵੋਟ ਸ਼ੇਅਰ 34 ਫੀਸਦੀ ਰਿਹਾ ਜਦਕਿ ਕਾਂਗਰਸ ਦਾ 27 ਫੀਸਦੀ।

ਪਰ 2024 ਆਉਂਦੇ ਆਉਂਦੇ ਆਮ ਆਦਮੀ ਪਾਰਟੀ ਦੀ ਇਹ ਜਿੱਤ ਫਿੱਕੀ ਪੈ ਗਈ ਜਦੋਂ ਸੁਸ਼ੀਲ ਕੁਮਾਰ ਰਿੰਕੂ ਨੇ ਮੁੜ ਤੋਂ ਪਾਲਾ ਬਦਲਿਆ ਅਤੇ ਬੀਜੇਪੀ ਦਾ ਉਮੀਦਵਾਰ ਬਣ ਗਏ। ਆਮ ਆਦਮੀ ਪਾਰਟੀ 2 ਸਾਲ ਵਿੱਚ ਜਲੰਧਰ ਲੋਕਸਭਾ ਹਲਕੇ ਵਿੱਚ ਇੱਕ ਉਮੀਦਵਾਰ ਪੈਦਾ ਨਹੀਂ ਕਰ ਸਕੀ ਅਕਾਲੀ ਦਲ ਦੇ ਆਗੂ ਪਵਨ ਟੀਨੂੰ ਨੂੰ ਸ਼ਾਮਲ ਕਰਕੇ ਦਾਅ ਖੇਡਿਆ। ਟੀਨੂੰ 2014 ਵਿੱਚ ਅਕਾਲੀ ਦਲ ਦੇ ਉਮੀਦਵਾਰ ਸਨ ਅਤੇ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਤੋਂ ਜਲੰਧਰ ਲੋਕਸਭਾ ਸੀਟ ਹਾਰ ਚੁੱਕੇ ਹਨ। ਅਕਾਲੀ ਦਲ ਕੋਲ ਵੀ ਜਲੰਧਰ ਵਿੱਚ ਉਮੀਦਵਾਰ ਦਾ ਸੋਕਾ ਸੀ, ਟੀਨੂੰ ’ਤੇ ਦਾਅ ਲਗਾਉਣ ਦੀ ਪਾਰਟੀ ਸੋਚ ਰਹੀ ਸੀ ਪਰ ਉਹ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਤਾਂ ਅਕਾਲੀ ਦਲ ਨੇ ਕਾਂਗਰਸ ਦੇ ਬਾਗ਼ੀ ਮਹਿੰਦਰ ਸਿੰਘ ਕੇ.ਪੀ ਦੇ ਦਾਅ ਖੇਡਿਆ, ਕਾਂਗਰਸ ਤੋਂ ਟਿਕਟ ਨਾ ਮਿਲਣ ਦੀ ਵਜ੍ਹਾ ਕਰਕੇ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।

ਜਦਕਿ ਕਾਂਗਰਸ ਨੇ ਆਪਣੇ ਸਭ ਤੋਂ ਵੱਡੇ ਦਲਿਤ ਆਗੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜਿਸ ਤੋਂ ਬਾਅਦ ਕਾਂਗਰਸ ਦਾ ਹੱਥ ਇਸ ਵੇਲੇ ਜਲੰਧਰ ਹਲਕੇ ਵਿੱਚ ਸਭ ਤੋਂ ਮਜ਼ਬੂਤ ਨਜ਼ਰ ਆ ਰਿਹਾ ਹੈ। ਇਸ ਦੇ ਪਿੱਛੇ ਕਾਰਨ ਵੀ ਹਨ। ਚੰਨੀ ਭਾਵੇ ਵਿਧਾਨ ਸਭਾ ਵਿੱਚ ਆਪਣੀਆਂ ਦੋਵੇ ਸੀਟਾਂ ਹਾਰ ਗਏ ਪਰ ਜਲੰਧਰ ਵਿੱਚ ਉਨ੍ਹਾਂ ਦਾ ਸੀਟਾਂ ਦਾ ਮੈਨੇਜਮੈਂਟ ਕਾਫ਼ੀ ਕੰਮ ਆਇਆ ਸੀ। ਉਹ ਆਪ ਇੱਕ ਰਾਤ ਡੇਰਾ ਸੱਚ ਖੰਡ ਬਲਾਨ ਸੰਤ ਨਿਰਜਨ ਦਾਸ ਕੋਲ ਰੁਕੇ ਸਨ। ਜਿਸ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਦੀ ਵੇਵ ਦੇ ਬਾਵਜੂਦ ਕਾਂਗਰਸ 9 ਵਿੱਚੋਂ 5 ਸੀਟਾਂ ਜਿੱਤ ਸਕੀ ਸੀ। ਹੁਣ ਜਦੋਂ ਆਪ ਚੰਨੀ ਦਾਅਵੇਦਾਰੀ ਪੇਸ਼ ਕਰ ਰਹੇ ਹਨ ਤਾਂ ਉਨ੍ਹਾਂ ਲਈ ਡੇਰੇ ਦੇ ਵੋਟ ਆਪਣੇ ਨਾਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ।

1997 ਤੋਂ 2019 ਤੱਕ ਅਕਾਲੀ ਦਲ ਜਲੰਧਰ ਸੀਟ ਬੀਜੇਪੀ ਨਾਲ ਮਿਲਕੇ ਲੜਦੀ ਆਈ ਹੈ। 2023 ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਅਤੇ BSP ਮਿਲਕੇ ਚੋਣ ਲੜੇ ਸਨ। ਤੀਜੇ ਨੰਬਰ ‘ਤੇ ਰਹਿੰਦੇ ਹੋਏ 1 ਲੱਖ 58 ਹਜ਼ਾਰ ਵੋਟਰ ਹਾਸਲ ਕੀਤੇ ਜਦਕਿ ਇਸ ਤੋਂ ਪਹਿਲਾਂ 2019 ਵਿੱਚ ਬੀਜੇਪੀ ਨਾਲ ਮਿਲ ਦੇ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ 3 ਲੱਖ 66 ਵੋਟ ਹਾਲਕ ਕਰਕੇ 2 ਫੀਸਦੀ ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਤੋਂ ਹਾਰੇ ਸਨ।

ਇੱਥੇ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ 2019 ਦੀ ਲੋਕਸਭਾ ਚੋਣਾ ਵਿੱਚ BSP ਦੇ ਉਮੀਦਵਾਰ ਬਲਵਿੰਦਰ ਸਿੰਘ ਨੇ ਆਪਣੇ ਦਮ ’ਤੇ 2 ਲੱਖ 47 ਹਜ਼ਾਰ ਵੋਟ ਹਾਸਲ ਕੀਤੇ ਸਨ। ਯਾਨੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਨੂੰ BSP ਦੇ ਵੋਟ ਹੀ ਹਾਸਲ ਨਹੀਂ ਹੋਏ, ਜੇਕਰ ਹੁੰਦਾ ਤਾਂ ਨਤੀਜਾ ਕੁਝ ਹੋਰ ਹੋਣਾ ਸੀ। ਇਸ ਦੇ ਪਿੱਛੇ ਕਾਰਨ ਹੈ 2009 ਵਿੱਚ ਵੀਅਨਾ ਵਿੱਚ ਡੇਰੇ ਦੇ ਮੁੱਖ ਸੰਤ ਨਿਰੰਜਨ ਦਾਸ ਉੱਤੇ ਹਮਲਾ ਹੋਇਆ ਉਸ ਤੋਂ ਬਾਅਦ ਸਿੱਖ ਭਾਈਚਾਰੇ ਅਤੇ ਡੇਰੇ ਦੇ ਸਬੰਧ ਵਿਗੜੇ ਅਤੇ ਉਸ ਦਾ ਅਸਰ ਅਕਾਲੀ ਦਲ ’ਤੇ ਵੀ ਪਿਆ।

ਉੱਧਰ 2023 ਦੀ ਜ਼ਿਮਨੀ ਚੋਣ ਵਿੱਚ ਬੀਜੇਪੀ ਨੇ ਇਕੱਲੇ 1 ਲੱਖ 34 ਹਜ਼ਾਰ ਵੋਟ ਹਾਸਲ ਕੀਤੇ ਹਨ। ਇਹ ਇਸ਼ਾਰਾ ਸੀ ਸ਼ਹਿਰੀ ਵੋਟ ਬੀਜੇਪੀ ਦੇ ਨਾਲ ਹਨ। ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਹੀ ਅਕਾਲੀ ਅਤੇ ਬੀਜੇਪੀ ਦੇ ਗਠਜੋੜ ਦੀਆਂ ਚਰਚਾਵਾ ਨੇ ਹਵਾ ਫੜੀ ਸੀ ਪਰ ਇਹ ਹੋ ਨਹੀਂ ਸਕਿਆ।

ਹੁਣ ਕੁੱਲ ਮਿਲਾ ਕੇ ਜਲੰਧਰ ਦੀ ਸਿਆਸੀ ਜੰਗ ਵਿੱਚ ਦਲਿਤ ਫੈਕਟਰ ਹਰ ਵਾਰ ਵਾਂਗ ਵੱਡਾ ਸਿਆਸੀ ਰੋਲ ਪਲੇਅ ਕਰੇਗਾ। ਪਰ ਵੱਡਾ ਸਿਆਸੀ ਚਹਿਰਾ ਕਿਸ ਪਾਰਟੀ ਦਾ ਹੈ ਉਹ ਵੀ ਇੱਕ ਫੈਕਟਰ ਹੋਵੇਗਾ। ਕਾਂਗਰਸ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਦਾਅਵੇਦਾਰੀ ਨੇ ਸਾਰੇ ਸਮੀਕਰਨ ਹੀ ਬਦਲ ਦਿੱਤੇ ਹਨ।

ਜਲੰਧਰ ਵਿੱਚ 9 ਵਿਧਾਨਸਭਾ ਹਲਕਿਆਂ ਵਿੱਚੋ 5 ਵਿੱਚ ਕਾਂਗਰਸ ਦੇ ਵਿਧਾਇਕ ਹਨ। ਵਿਕਰਮ ਚੌਧਰੀ ਨੂੰ ਛੱਡ ਕੇ 4 ਵਿਧਾਇਕ ਚਰਨਜੀਤ ਸਿੰਘ ਚੰਨੀ ਦੀ ਹਮਾਇਤ ਕਰ ਰਹੇ ਹਨ। ਪਵਨ ਕੁਮਾਰ ਟੀਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਪਰ ਚਹਿਰੇ ਪੱਖੋ ਮਜ਼ਬੂਤ ਨਹੀਂ ਹਨ। ਸੁਸ਼ੀਲ ਕੁਮਾਰ ਰਿੰਕੂ ਨੇ ਭਾਵੇ 1 ਸਾਲ ਪਹਿਲਾ ਜ਼ਿਮਨੀ ਚੋਣ ਜਿੱਤੀ ਪਰ ਉਨ੍ਹਾਂ ਦੇ ਚਹਿਰਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੱਡਾ ਨਹੀਂ ਹੈ।

ਅਕਾਲੀ ਦਲ ਨਾਲ ਗਠਜੋੜ ਨਾ ਹੋਣ ਦੀ ਵਜ੍ਹਾ ਕਰਕੇ ਸ਼ਹਿਰੀ ਵੋਟ ਤਾਂ ਹਾਸਲ ਕਰ ਪਾਉਣਗੇ ਪਰ ਦਲਿਤ ਅਤੇ ਪੇਂਡੂ ਵੋਟ ਉਨ੍ਹਾਂ ਦੇ ਹੱਕ ਵਿੱਚ ਭੁਗਤਣਾ ਮੁਸ਼ਕਿਲ ਹੈ। ਮਹਿੰਦਰ ਸਿੰਘ ਕੇ.ਪੀ ਦੇ ਆਉਣ ਨਾਲ ਰਾਧਾ ਸੁਆਮੀ ਡੇਰੇ ਦੇ ਵੋਟ ਪਾਰਟੀ ਨੂੰ ਜ਼ਰੂਰ ਪੈ ਸਕਦੇ ਹਨ। ਕੇ.ਪੀ ਡੇਰੇ ਨਾਲ ਜੁੜੇ ਹਨ ਅਤੇ ਚੰਗਾ ਅਧਾਰ ਹੈ।

ਅਸੀਂ ਅੰਕੜਿਆਂ ਦੇ ਜ਼ਰੀਏ ਜਲੰਧਰ ਲੋਕ ਸਭਾ ਹਲਕੇ ਦੀ ਸੋਚ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਫ਼ੈਸਲਾ ਜਨਤਾ ਨੇ ਕਰਨਾ ਹੈ। 4 ਜੂਨ ਨੂੰ ਫੈਸਲਾ ਹੋ ਜਾਵੇਗਾ, ਜਲੰਧਰ ਦੀ ਜਨਤਾ ਚਿਹਰੇ ਨਾਲ ਜਾਵੇਗਾ ਜਾਂ ਫਿਰ ਸੂਬੇ ਅਤੇ ਕੇਂਦਰ ਦੀ ਸਿਆਸਤ ਦੇ ਹੱਕ ਵਿੱਚ ਫ਼ਤਵਾ ਦੇਵੇਗੀ।