Punjab

ਪਿੰਡ ਚੰਬਾ ਖ਼ੁਰਦ ‘ਚ ਪਾਈਪ ਪਾਉਂਦੇ 5 ਵਿਅਕਤੀਆਂ ‘ਤੇ ਡਿੱਗੀ ਮਿੱਟੀ ਦੀ ਢਿੱਗ, ਚਚੇਰੇ ਭਰਾਵਾਂ ਦੀ ਮੌਤ

ਤਰਨ ਤਾਰਨ ਦੇ ਪਿੰਡ ਚੰਬਾ ਖ਼ੁਰਦ ਤੋਂ ਇੱਕ ਦੁਖਦਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਪਾਈਪਾਂ ਪਾਉਂਦੇ ਸਮੇਂ 5 ਵਿਅਕਤੀ ਮਿੱਟੀ ਦੀ ਢਿੱਗ ਹੇਠਾਂ ਆ ਗਏ , ਜਿੰਨ੍ਹਾਂ ਵਿੱਚ 2 ਨੋਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ 2 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਪਿੰਡ ਚੰਬਾ ਖ਼ੁਰਦ ਦੇ ਸਰਪੰਚ ਨੇ ਪਾਈਪ ਪਾਉਣ ਲਈ ਉਨ੍ਹਾਂ ਦੇ ਬੱਚਿਆ ਨੂੰ ਕੰਮ ਦਿੱਤਾ ਸੀ। ਜਦੋਂ ਉਹ ਮਿੱਟੀ ਪੁੱਟ ਰਹੇ ਸਨ ਤਾਂ ਮਿੱਟੀ ਦੀ ਢਿੱਗ ਉਨ੍ਹਾਂ ਉੱਪਰ ਆ ਡਿੱਗੀ।

ਜਿਸ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ। ਜਿੰਨ੍ਹਾਂ ਵਿੱਚ ਜੁਗਰਾਜ ਸਿੰਘ ਪੁੱਤਰ ਮੁਖ਼ਤਾਰ ਸਿੰਘ ਉਮਰ ਕ਼ਰੀਬ 20 ਸਾਲ ਅਤੇ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਉਮਰ ਕ਼ਰੀਬ ਮਹਿਜ 17 ਸਾਲ ਸੀ। ਜਿੰਨ੍ਹਾਂ ਦੀਆ ਮ੍ਰਿਤਕ ਦੇਹਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ।

ਇਸ ਬਾਰੇ ਥਾਣਾ ਗੋਇੰਦਵਾਲ਼ ਸਾਹਿਬ ਦੇ ਐਸਐਚਓ ਪਰਮਜੀਤ ਸਿੰਘ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਵੀ ਪਰਿਵਾਰ ਬਿਆਨ ਦੇਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।