ਬਿਉਰੋ ਰਿਪੋਰਟ – ਅਕਾਲੀ ਦਲ ਤੋਂ ਕੱਢੇ ਗਏ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ (Ravikaran Singh Kahlon Joins Bjp) ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਗਤਿਵਿਧੀਆਂ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬੀਤੇ ਦਿਨ ਪਾਰਟੀ ਤੋਂ ਕੱਢ ਦਿੱਤਾ ਸੀ।
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਕਾਹਲੋਂ ਵੱਲੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਸੀ। ਡੇਰਾ ਬਾਬਾ ਨਾਨਕ ਵਿੱਚ ਰੱਖੀਆਂ ਗਈਆਂ ਰੈਲੀਆਂ ਨੂੰ ਬਿਨਾਂ ਦੱਸੇ ਕਾਹਲੋਂ ਨੇ ਰੱਦ ਕਰ ਦਿੱਤਾ ਸੀ। ਰਵੀਕਰਨ ਸਿੰਘ ਕਾਹਲੋਂ ਦੇ ਪਿਤਾ ਨਿਰਮਲ ਸਿੰਘ ਕਾਹਲੋਂ ਪੰਜਾਬ ਵਿਧਾਨਸਭਾ ਦੇ ਸਪੀਕਰ ਵੀ ਰਹਿ ਚੁੱਕੇ ਹਨ। ਬੀਜੇਪੀ ਵਿੱਚ ਸ਼ਾਮਲ ਤੋਂ ਬਾਅਦ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਏ।
‘ਮਜੀਠੀਆ ਨੇ ਮਾਝੇ ’ਚ ਪਾਰਟੀ ਨੂੰ ਖ਼ਤਮ ਕੀਤਾ’
ਰਵੀਕਰਨ ਸਿੰਘ ਕਾਹਲੋਂ ਨੇ ਸੁਖਬੀਰ ਸਿੰਘ ਬਾਦਲ ‘ਤੇ ਤੰਜ ਕੱਸਦੇ ਹੋਏ ਕਿਹਾ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਪਾਰਟੀ ਤੋਂ ਕੱਢਿਆ, ਮੈਂ ਸਿਰਫ਼ ਇਹ ਹੀ ਕਿਹਾ ਸੀ ਕਿ ਸੁੱਚਾ ਸਿੰਘ ਲੰਗਾਹ ਵਰਗੇ ਜਬਰਜਨਾਹ ਦੇ ਮੁਲਜ਼ਮਾਂ ਨੂੰ ਪਾਰਟੀ ਵਿੱਚ ਸ਼ਾਮਲ ਨਾ ਕੀਤਾ ਜਾਵੇ। ਮੈਨੂੰ ਰਾਤ ਜਾਖੜ ਸਾਹਿਬ ਨੇ ਫੋਨ ਕੀਤਾ ਅਤੇ ਕਿਹਾ ਸਾਡੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਹਨ,ਅਸੀਂ ਤੁਹਾਨੂੰ ਪਰਿਵਾਰ ਦਾ ਮੈਂਬਰ ਬਣਾ ਕੇ ਰੱਖਾਂਗੇ।
ਰਵੀਕਰਨ ਸਿੰਘ ਕਾਹਲੋਂ ਨੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਹੁਣ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ। ਇਸ ਨੂੰ 2 ਲੋਕ ਚਲਾਉਂਦੇ ਹਨ, ਇੱਕ ਸੁਖਬੀਰ ਸਿੰਘ ਬਾਦਲ ਦੂਜਾ ਬਿਕਰਮ ਸਿੰਘ ਮਜੀਠੀਆ। ਉਨ੍ਹਾਂ ਕਿਹਾ ਮੈਂ ਹਲਕਾ ਫਤਿਹਗੜ੍ਹ ਚੂੜੀਆ ਵਿੱਚ ਕੰਮ ਕਰਦਾ ਸੀ, ਮਜੀਠੀਆ ਨੂੰ ਪਤਾ ਸੀ ਮੈਂ ਉਸ ਹਲਕੇ ਤੋਂ ਜਿੱਤ ਜਾਣਾ ਹੈ, ਪਰ ਉਹ ਨਹੀਂ ਚਾਹੁੰਦੇ ਸਨ ਕਿ ਮੈਂ ਵਿਧਾਨਸਭਾ ਪਹੁੰਚਾਂ, ਕਾਂਗਰਸ ਦੇ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਨਾਲ ਉਨ੍ਹਾਂ ਦੀ ਦੋਸਤੀ ਸੀ, ਇਸੇ ਲਈ ਮੈਨੂੰ 2022 ਵਿੱਚ ਡੇਰਾ ਬਾਬਾ ਨਾਨਕ ਸਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਟਿਕਟ ਦਿੱਤੀ ਗਈ। ਉਹ ਚਾਹੁੰਦੇ ਸਨ ਮੈਂ ਹਾਰ ਜਾਵਾਂ ਅਤੇ ਮੇਰਾ ਸਿਆਸੀ ਕਰੀਅਰ ਖ਼ਤਮ ਹੋ ਜਾਵੇ। ਮੈਂ ਉੱਥੇ ਵੀ ਮਿਹਨਤ ਕੀਤੀ ਅਤੇ ਸਿਰਫ਼ 234 ਵੋਟਾਂ ਨਾਲ ਹਾਰ ਗਿਆ।
ਕਾਹਲੋਂ ਨੇ ਇਲਜ਼ਾਮ ਲਾਇਆ ਹੈ ਕਿ 2007 ਤੋਂ ਬਾਅਦ ਮਾਝੇ ਦੇ ਕਈ ਸਿਆਸੀ ਪਰਿਵਾਰਾਂ ਨੂੰ ਬਿਕਰਮ ਸਿੰਘ ਮਜੀਠੀਆ ਨੇ ਖਤਰ ਕਰ ਦਿੱਤਾ ਜਿਸ ਵਿੱਚ ਬ੍ਰਹਮਪੁਰਾ ਅਤੇ ਅਜਨਾਲਾ ਦਾ ਪਰਿਵਾਰ ਵੀ ਸ਼ਾਮਲ ਹੈ।
2022 ਤੋਂ ਚੱਲ ਰਹੀ ਸੀ ਨਰਾਜ਼ਗੀ
ਰਵੀਕਰਨ ਸਿੰਘ ਕਾਹਲੋਂ ਦੀ ਪਾਰਟੀ ਨਾਲ ਨਰਾਜ਼ਗੀ ਕੁਝ ਹੀ ਦਿਨਾਂ ਦੀ ਨਹੀਂ ਹੈ। 2022 ਵਿੱਚ ਵਿਧਾਨਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਰਵੀਕਰਨ ਦੇ ਪਿਤਾ ਨਿਰਮਲ ਸਿੰਘ ਕਾਹਲੋਂ ਦਾ ਦੇਹਾਂਤ ਹੋ ਗਿਆ। ਭੋਗ ਤੋਂ ਠੀਕ ਪਹਿਲਾਂ ਬੀਬੀ ਜਗੀਰ ਕੌਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਰਵੀਕਰਨ ਸਿੰਘ ਕਾਹਲੋਂ ਦੇ ਘਰ ਮੀਟਿੰਗ ਕਰਕੇ ਬਗਾਵਤ ਦੇ ਸੰਕੇਤ ਦੇ ਦਿੱਤੇ ਸਨ। ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਖੁੱਲ੍ਹ ਕੇ ਬਗਾਵਤ ਕੀਤੀ ਅਤੇ ਪਾਰਟੀ ਤੋਂ ਬਾਹਰ ਜਾਣ ਤੋਂ ਵਾਪਸੀ ਵੀ ਕਰ ਲਈ ਅਤੇ ਮਨਪ੍ਰੀਤ ਸਿੰਘ ਇਆਲੀ ਵੀ ਹੁਣ ਪਾਰਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲੱਗੇ ਹਨ। ਪਰ ਰਵੀਕਰਨ ਨੇ ਬਗਾਵਤ ਕਰਨ ਦੇ ਲਈ 2 ਸਾਲ ਲਾ ਦਿੱਤੇ।