Punjab

‘ਪਪਲਪ੍ਰੀਤ ਨਹੀਂ ਸੀ ਅਜਨਾਲਾ ਹਿੰਸਾ ਵਾਲੀ ਥਾਂ, ਸਬੂਤ ਦਿਓ ! ਪਤਨੀ ਦਾ ਦਾਅਵਾ

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਦੀ ਕੱਥੂਨੰਗਲ ਤੋਂ ਹੋਈ ਗ੍ਰਿਫਤਾਰੀ ਤੋਂ ਬਾਅਦ ਮਾਂ ਅਤੇ ਪਤਨੀ ਦੋਵਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਮਾਂ ਮਨਧੀਰ ਕੌਰ ਨੇ ਕਿਹਾ ਅਜਨਾਲਾ ਹਿੰਸਾ ਤੋਂ ਬਾਅਦ ਪੁਲਿਸ ਪਰੇਸ਼ਾਨ ਕਰਨ ਲੱਗੀ ਸੀ ਇਸ ਲਈ ਉਹ ਬਹੁਤ ਘੱਟ ਘਰ ਆਇਆ,ਸਿਰਫ਼ 18 ਮਾਰਚ ਨੂੰ ਜਦੋਂ ਪੁਲਿਸ ਪਿੱਛੇ ਪਈ ਤਾਂ ਹੀ ਮੈਸੇਜ ਦੇ ਜ਼ਰੀਏ ਗੱਲ ਹੋਈ ਸੀ। ਮਾਂ ਨੇ ਕਿਹਾ ਸਾਨੂੰ ਪਤਾ ਹੈ ਸਾਡੇ ਬੱਚੇ ਨੇ ਕੋਈ ਕਸੂਰ ਨਹੀਂ ਕੀਤਾ ਹੈ ਨਾ ਹੀ ਉਸ ਨੇ ਕਦੇ ਹਥਿਆਰ ਚੁੱਕੇ ਹਨ । ਮਾਤਾ ਮਨਧੀਰ ਕੌਰ ਨੇ ਕਿਹਾ ਅੰਮ੍ਰਿਤਪਾਲ ਕੁਝ ਗਲਤ ਨਹੀਂ ਕਰ ਰਿਹਾ ਸੀ ਉਹ ਅੰਮ੍ਰਿਤਪਾਨ ਕਰਵਾ ਰਿਹਾ ਸੀ ਸਿੱਧੇ ਰਾਹ ਪਾ ਰਿਹਾ ਸੀ । ਉਨ੍ਹਾਂ ਨੇ ਪੁਲਿਸ ਅਤੇ ਸਰਕਾਰ ਨੂੰ ਕਿਹਾ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ, ਉਸ ‘ਤੇ ਕਿਸੇ ਤਰ੍ਹਾਂ ਦੀ ਤਸ਼ੱਦਦ ਨਹੀਂ ਹੋਣੀ ਚਾਹੀਦੀ ਹੈ ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਮਾਂ ਨੇ ਕਿਹਾ ਪਪਲਪ੍ਰੀਤ ਸਿੰਘ ਪਿੰਡ ਦੀ ਪੰਚਾਇਤ ਦਾ ਮੈਂਬਰ ਸੀ ਅਤੇ ਵਾਰਿਸ ਪੰਜਾਬ ਦਾ ਮੀਡੀਆ ਸਲਾਹਕਾਰ ਸੀ ਉਹ ਸਲਾਹ ਦਿੰਦਾ ਸੀ ਕਿਸ ਨੂੰ ਇੰਟਰਵਿਊ ਦੇਣਾ ਹੈ । ਪਪਲਪ੍ਰੀਤ ਦੀ ਮਾਤਾ ਨੇ ਵਿਦੇਸ਼ੀ ਸਿੱਖਾਂ ਨੂੰ ਵੀ ਵੱਡੀ ਅਪੀਲ ਕੀਤੀ ਹੈ

ਪਪਲਪ੍ਰੀਤ ਦੀ ਮਾਂ

ਪਪਲਪ੍ਰੀਤ ਦੀ ਮਾਂ ਦੀ ਵਿਦੇਸ਼ੀ ਸਿੱਖਾਂ ਨੂੰ ਅਪੀਲ

ਮਾਂ ਨੇ ਕਿਹਾ ਪਪਲਪ੍ਰੀਤ ਗਰੀਬ ਬੱਚਿਆਂ ਨੂੰ ਪੜਾਉਂਦਾ ਸੀ । ਉਸ ਦਾ ਇੱਕ ਪੁੱਤਰ ਹੈ ਭੈਣ ਆਸਟ੍ਰੇਲੀਆ ਰਹਿੰਦੀ ਹੈ,ਉਨ੍ਹਾਂ ਕਿਹਾ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਫੰਡਿੰਗ ਨਹੀਂ ਹੋ ਰਹੀ ਸੀ,ਸਿਰਫ ਬਦਨਾਮ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਵਿਦੇਸ਼ ਵਿੱਚ ਬੈਠੇ ਸਿੱਖਾਂ ਨੂੰ ਖਾਸ ਅਪੀਲ ਕਰਦੇ ਹੋਏ ਕਿਹਾ ਮੇਰੇ ਪੁੱਤਰ ਦੇ ਨਾਂ ‘ਤੇ ਕਿਸੇ ਤਰ੍ਹਾਂ ਦੀ ਫੰਡਿੰਗ ਨਾ ਕੀਤੀ ਜਾਵੇ ਸਿਰਫ਼ ਅਰਦਾਸ ਕਰੋ । ਉਧਰ ਪਤਨੀ ਰਾਜਵਿੰਦਰ ਕੌਰ ਨੇ ਵੱਡਾ ਦਾਅਵਾ ਕੀਤਾ ਹੈ।

ਪਪਲਪ੍ਰੀਤ ਦੀ ਪਤਨੀ

ਪਪਲਪ੍ਰੀਤ ਦੀ ਪਤਨੀ ਦਾ ਵੱਡਾ ਦਾਅਵਾ

ਪਪਲਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਅਜਨਾਲਾ ਹਿੰਸਾ ਵਿੱਚ ਮੇਰੇ ਪਤੀ ਦਾ ਕੋਈ ਹੱਥ ਨਹੀਂ ਹੈ, ਉਹ ਮੌਕੇ ‘ਤੇ ਮੌਜੂਦ ਹੀ ਨਹੀਂ ਸੀ, ਸ਼ਾਮ ਵੇਲੇ ਰਹਿਰਾਸ ਸਮੇਂ ਅੰਮ੍ਰਿਤਪਾਲ ਸਿੰਘ ਦੇ ਚਾਚਾ ਨੇ ਉਨ੍ਹਾਂ ਨੂੰ ਬੁਲਾਇਆ ਸੀ । ਪਤਨੀ ਨੇ ਪੁਲਿਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਸਾਬਿਤ ਕਰਕੇ ਵਿਖਾਉਣ ਕਿ ਪਪਲਪ੍ਰੀਤ ਅਜਨਾਲਾ ਹਿੰਸਾ ਦੌਰਾਨ ਉੱਥੇ ਸੀ । ਰਾਜਵਿੰਦਰ ਕੌਰ ਨੇ ਕਿਹਾ ਪਪਲਪ੍ਰੀਤ ਸਿੰਘ ਦਾ ਅਕਸ ਸਾਫ ਸੁਥਰਾ ਹੈ ਉਸ ਨੂੰ ਖਰਾਬ ਕੀਤਾ ਜਾ ਰਿਹਾ ਹੈ,ਉਨ੍ਹਾਂ ਨੇ ਕਦੇ ਵੀ ਕੋਈ ਹਥਿਆਰ ਦੀ ਗੱਲ ਨਹੀਂ ਕੀਤੀ । ਪਤਨੀ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਜੋ ਸਹੀ ਹੈ ਉਹ ਕੀਤਾ ਜਾਵੇ ਪਰ ਨਾਜਾਇਜ਼ ਕੁਝ ਨਾ ਕੀਤਾ ਜਾਵੇ, NSA ਨਾ ਲਗਾਇਆ ਜਾਵੇ ਜਦੋਂ ਕੋਈ ਗੁਰੂ ਘਰ ਵਿੱਚ ਜਾਂਦਾ ਹੈ ਤਾਂ ਕੇਸ ਨਹੀਂ ਪਾਏ ਜਾਂਦੇ ਹਨ ।