India Lok Sabha Election 2024

‘ਆਪ’ ਦਾ ਚੋਣ ਕਮਿਸ਼ਨ ‘ਤੇ ਗੰਭੀਰ ਇਲਜ਼ਾਮ, ਕੈਂਪੇਨ ਗੀਤ ‘ਤੇ ਰੋਕ ਲਗਾਉਣ ਤੇ ਜਤਾਈ ਨਰਾਜ਼ਗੀ

ਆਮ ਆਦਮੀ ਪਾਰਟੀ (AAP) ਅਰਵਿੰਦ ਕੇਜਰੀਵਾਲ (Arvind Kejriwal) ਦੀ ਗੈਰ ਹਾਜ਼ਰੀ ਵਿੱਚ ਵੀ ਚੋਣ ਪ੍ਰਚਾਰ ਵਿੱਚ ਲੱਗੀ ਹੋਈ ਹੈ। ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜੇਲ੍ਹ ਵਿੱਚੋਂ ਰਿਹਾਣ ਹੋਣ ਤੋਂ ਬਾਅਦ ਸੰਜੇ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪੂਰੀ ਤਰ੍ਹਾਂ ਸਰਗਰਮ ਹਨ। ਪਾਰਟੀ ਵੱਲੋਂ ਵੀ ਚੋਣ ਪ੍ਰਚਾਰ ਨੂੰ ਦੇਖਦਿਆਂ ਕੈਂਪੇਨ ਗੀਤ ਜਾਰੀ ਕੀਤਾ ਗਿਆ ਸੀ। ਜਿਸ ਉੱਤੇ ਚੋਣ ਕਮਿਸ਼ਨ ਨੇ ਰੋਕ ਲਗਾ ਦਿੱਤੀ ਹੈ।

ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਅਤੇ ਅਰਵਿੰਦ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਆਤਿਸ਼ੀ ਨੇ ਚੋਣ ਕਮਿਸ਼ਨ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਭਾਜਪਾ ਦੇ ਕਹਿਣ ‘ਤੇ ‘ਆਪ’ ਦੇ ਕੈਂਪੇਨ ਗੀਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਭਾਜਪਾ ਦੇ ਇਸ਼ਾਰੇ ‘ਤੇ ਸਾਡੇ ਕੈਂਪੇਨ ਗੀਤ ‘ਤੇ ਪਾਬੰਦੀ ਲਗਾਈ ਗਈ ਹੈ। ਆਤਿਸ਼ੀ ਨੇ ਕਿਹਾ ਕਿ ਭਾਜਪਾ ਦੀ ਤਾਨਾਸ਼ਾਹੀ ਸਰਕਾਰ ਵਿੱਚ ਵਿਰੋਧੀ ਧਿਰ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ।

ਇਸ ਦੌਰਾਨ ਉਨ੍ਹਾਂ ਚੋਣ ਕਮਿਸ਼ਨ ਨੂੰ ਕਰਾਰੇ ਹੱਥੀਂ ਲੈਦਿਆਂ ਪੁੱਛਿਆ ਕਿ ਚੋਣ ਕਮਿਸ਼ਨ ਨੂੰ ਭਾਜਪਾ ਦੁਆਰਾ ਕੀਤੀ ਗਈ ਚੋਣ ਜ਼ਾਬਤੇ ਦੀ ਉਲੰਘਣਾ ਨਜ਼ਰ ਕਿਉਂ ਨਹੀਂ ਆਉਂਦੀ। ਆਮ ਆਦਮੀ ਪਾਰਟੀ ਨੂੰ ਛੋਟੀ ਜਹੀ ਗੱਲ੍ਹ ਉੱਪਰ ਵੀ ਨੋਟਿਸ ਆ ਰਹੇ ਹਨ।

ਚੋਣ ਕਮਿਸ਼ਨ ਨੇ ਇਸ ਉੱਤੇ ਜਵਾਬ ਜਾਰੀ ਕਰਦਿਆਂ ਕਿਹਾ ਕਿ ਇਸ ਵਿੱਚ ਭਾਜਪਾ ਦੀ ਆਲੋਚਨਾ ਕੀਤੀ ਗਈ ਸੀ, ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਪਰ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਇਸ ਵਿੱਚ ਭਾਜਪਾ ਸਰਕਾਰ ਦੀ ਕੋਈ ਆਲੋਚਨਾ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ – ਮੁੱਖ ਮੰਤਰੀ ਮਾਨ ਦਾ ਐਲਾਨ, ਕੇਜਰੀਵਾਲ ਨਾਲ ਕਰਨਗੇ ਮੁਲਾਕਾਤ