India

ਦਿੱਲੀ ‘ਚ ਮੇਅਰ ਚੋਣ ‘ਚ ਵੱਡਾ ਹੰਗਾਮਾ ! AAP ਤੇ ਬੀਜੇਪੀ ਦੇ ਕੌਂਸਲਰ ਹੋਏ ਆਮੋ-ਸਾਹਮਣੇ

mcd mayor election fight with bjp aap counsellor

ਬਿਊਰੋ ਰਿਪੋਰਟ : ਦਿੱਲੀ ਵਿੱਚ ਨਵੇਂ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੀ ਚੋਣ ਨਹੀਂ ਹੋ ਸਕੀ ਹੈ । ਸਵੇਰ 11 ਵਜੇ ਕੌਂਸਲਰਾਂ ਨੇ ਸਹੁੰ ਚੁੱਕਣੀ ਸੀ । ਪਰ ਅਧਿਕਾਰੀਆਂ ਨੇ ਜਿਵੇਂ ਹੀ ਨਾਮਜ਼ਦ ਮੈਂਬਰਾਂ ਨੂੰ ਪਹਿਲਾਂ ਸਹੁੰ ਚੁਕਾਉਣੀ ਸ਼ੁਰੂ ਕੀਤੀ ਆਮ ਆਦਮੀ ਪਾਰਟੀ ਨੇ ਹੰਗਾਮਾਂ ਸ਼ੁਰੂ ਕਰ ਦਿੱਤਾ । ਆਪ ਦੇ ਵਿਰੋਧ ਦੇ ਖਿਲਾਫ਼ ਬੀਜੇਪੀ ਦੇ ਕੌਂਸਲਰ ਵੀ ਅੱਗੇ ਆ ਗਏ । ਦੋਵਾਂ ਦੇ ਵਿੱਚ ਧੱਕਾ-ਮੁੱਕੀ ਸ਼ੁਰੂ ਹੋ ਗਈ ਅਤੇ ਵੇਖ ਦੇ ਹੀ ਵੇਖ ਦੇ ਹੱਥੋਪਾਈ ਵੀ ਹੋਈ । AAP ਦੇ ਕੌਂਸਲਰਾਂ ਨੇ ਅਧਿਕਾਰੀਆਂ ਦੇ ਆਲੇ-ਦੁਆਲੇ ਘੇਰਾ ਬਣਾ ਲਿਆ ਤਾਂ ਕੁਝ ਕੌਂਸਲਰ ਕੁਰਸੀਆਂ ਚੁੱਕ-ਚੁੱਕ ਦੇ ਸੁਣਟ ਲੱਗੇ । ਧੱਕਾ-ਮੁੱਕੀ ਦੌਰਾਨ ਕਈ ਕੌਂਸਲਰਾਂ ਨੂੰ ਸੱਟਾਂ ਵੀ ਲੱਗੀਆਂ ਹਨ ।

ਵਿਵਾਦ ਦੀ ਵਜ੍ਹਾ

LG ਵੱਲੋਂ ਮੇਅਰ ਦੀ ਚੋਣ ਦੇ ਲਈ ਬੀਜੇਪੀ ਦੀ ਕੌਂਸਲਰ ਸਤਿਆ ਸ਼ਰਮਾ ਨੂੰ ਪ੍ਰੋਟਾਈਮ ਸਪੀਕਰ ਨਿਯੁਕਤ ਕੀਤਾ । AAP ਨੇ ਮੁਕੇਸ਼ ਗੋਇਲ ਦਾ ਨਾਂ ਰੱਖਿਆ । ਪਰ ਪ੍ਰੋਟਾਈਮ ਸਪੀਕਰ ਨੇ ਜਿਵੇਂ ਹੀ LG ਵੱਲੋਂ ਨਾਮਜ਼ਦ ਮੈਂਬਰਾਂ ਨੂੰ ਸਹੁੰ ਚੁਕਾਉਣੀ ਸ਼ੁਰੂ ਕੀਤੀ ਆਮ ਆਦਮੀ ਪਾਟਰੀ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਉਧਰ ਕਾਂਗਰਸ ਨੇ ਮੇਅਰ ਚੋਣਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ । ਮੇਅਰ ਦੀ ਚੋਣ ਵਿੱਚ 273 ਮੈਂਬਰ ਵੋਟ ਕਰਦੇ ਹਨ। ਬਹੁਮਤ ਦੇ ਲਈ 133 ਦੇ ਅੰਕੜੇ ਦੀ ਜ਼ਰੂਰਤ ਹੁੰਦੀ ਹੈ । AAP ਦੇ ਕੋਲ 150 ਹਨ ਜਦਕਿ ਬੀਜੇਪੀ ਕੋਲ 113 ਵੋਟ ਹਨ ।

ਬੀਜੇਪੀ ਦੀ ਐੱਮਪੀ ਮਿਨਾਸ਼ੀ ਲੇਖੀ ਨੇ ਕਿਹਾ AAP ਆਗੂਆਂ ਨੂੰ ਨਿਯਮਾਂ ਦਾ ਪਤਾ ਨਹੀਂ ਹੈ । ਇਸ ਲਈ ਉਹ ਹੰਗਾਮਾ ਕਰ ਰਹੇ ਹਨ ਜੇਕਰ ਬਹੁਮਤ ਹੈ ਤਾਂ ਡਰਨ ਦੀ ਕੀ ਜ਼ਰੂਰਤ ਹੈ ? ਰਾਜਸਭਾ ਵਿੱਚ ਵੀ ਆਪ ਦੇ ਮੈਂਬਰ ਅਜਿਹਾ ਹੀ ਕਰਦੇ ਹਨ । ਉਧਰ ਆਪ ਵਿਧਾਇਕ ਆਤਿਸ਼ੀ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਨੇ ਮੇਅਰ ਚੋਣਾਂ ਵਿੱਚ ਵੋਟ ਨਾ ਕਰਨ ਦਾ ਫੈਸਲਾ ਲੈਕੇ ਬੀਜੇਪੀ ਨੂੰ ਫਾਇਦਾ ਪਹੁੰਚਾਇਆ ਹੈ । ਬੀਜੇਪੀ ਦੇ ਐੱਮਪੀ ਮਨੋਜ ਤਿਵਾਰੀ ਨੇ ਕਿਹਾ ਕੀ ਕੇਂਦਰ ਵਿੱਚ ਸਾਡੀ ਸਰਕਾਰ ਹੈ ਅਤੇ MCD ਵਿੱਚ ਅਸੀਂ ਦੂਜੇ ਨੰਬਰ ‘ਤੇ ਹਾਂ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਸਾਡੇ ਵਿਧਾਇਕਾਂ ਨਾਲ ਗੁੰਡਾਗਰਦੀ ਕਰ ਰਹੀ ਹੈ । ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਮੇਅਰ ਦੇ ਲਈ ਉਨ੍ਹਾਂ ਦੇ ਕੌਂਸਲਰ ਸਾਥ ਨਹੀਂ ਦੇਣਗੇ ।

AAP ਦੀ ਸ਼ੈਲੀ ਅਤੇ BJP ਦੀ ਰੇਖਾ ਵਿੱਚ ਮੁਕਾਬਲਾ

ਮੇਅਰ ਦੇ ਲਈ ਆਮ ਆਦਮੀ ਪਾਰਟੀ ਨੇ ਸ਼ੈਲੀ ਓਬਰਾਏ ਨੂੰ ਮੈਦਾਨ ਵਿੱਚ ਉਤਾਰਿਆ ਹੈ । ਜਦਕਿ BJP ਵੱਲੋਂ ਰੇਖਾ ਗੁਪਤਾ ਮੈਦਾਨ ਵਿੱਚ ਹੈ । ਉਧਰ ਡਿਪਟੀ ਮੇਅਰ ਦੇ ਲਈ AAP ਨੇ ਮੁਹੰਮਦ ਇਕਬਾਲ ਅਤੇ ਕਮਲਾ ਬਾਗੜੀ ਨੂੰ ਬੀਜੇਪੀ ਨੇ ਮੈਦਾਨ ਵਿੱਚ ਉਤਾਰਿਆ ਹੈ ।