India

ਤਿਹਾੜ ਜੇਲ੍ਹ ਦੇ ਅਧਿਕਾਰੀ ਕੇਜਰੀਵਾਲ ਨਾਲ ਮੁਲਾਕਾਤ ਕਰਵਾਉਣ ਦੀ ਬਣਾਉਣਗੇ ਰਣਨੀਤੀ, ਮਾਨ ਅਸਾਮ ਰਵਾਨਾ

ਸ਼ਰਾਬ ਨੀਤੀ ਦੇ ਮਾਮਲੇ ‘ਚ ਤਿਹਾੜ ਜੇਲ੍ਹ (Tihar Jail) ‘ਚ ਬੰਦ ‘ਆਪ’ (AAP) ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan)ਦੀ ਮੁਲਾਕਾਤ ਨੂੰ ਲੈ ਕੇ ਅੱਜ ਰਣਨੀਤੀ ਬਣਾਈ ਜਾਵੇਗੀ। ਇਸ ਦੇ ਲਈ ਦਿੱਲੀ ‘ਚ ਅਹਿਮ ਮੀਟਿੰਗ ਹੋਣ ਜਾ ਰਹੀ ਹੈ।

ਮੀਟਿੰਗ ਵਿੱਚ ਪੰਜਾਬ ਪੁਲਿਸ ਦੇ ਏਡੀਜੀਪੀ ਪੱਧਰ ਦੇ ਅਧਿਕਾਰੀ ਅਤੇ ਤਿਹਾੜ ਜੇਲ੍ਹ ਦੇ ਸੀਨੀਅਰ ਅਧਿਕਾਰੀ ਹਾਜ਼ਰ ਹੋਣਗੇ। ਇਹ ਮੀਟਿੰਗ ਤਿਹਾੜ ਜੇਲ੍ਹ ਦੇ ਹੈੱਡ ਕੁਆਰਟਰ ਵਿੱਚ ਹੋਵੇਗੀ।

ਇਸ ਵਿੱਚ ਸਾਰੇ ਪ੍ਰਬੰਧਾਂ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ। ਇਸ ਤੋਂ ਬਾਅਦ ਮੀਟਿੰਗ ਦਾ ਸਮਾਂ ਤੈਅ ਕੀਤਾ ਜਾਵੇਗਾ। ਪਹਿਲਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਸੀਐਮ ਮਾਨ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਮੁਲਾਕਾਤ ਕਰਨ ਦਾ ਸਮਾਂ ਦਿੱਤਾ ਸੀ। ਜਿਸ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਖਰੀ ਸਮੇਂ ‘ਤੇ ਰੱਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਅੱਜ ਇਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਹਨ ਅਸਾਮ ਦੇ ਦੌਰੇ ‘ਤੇ

ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਲਈ ਅਸਾਮ ਦੌਰੇ ਲਈ ਜਾ ਰਹੇ ਹਨ। ਮੁੱਖ ਮੰਤਰੀ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਮੁੱਖ ਮੰਤਰੀ ਅੱਜ ਅਸਾਮ ਦੇ ਡਿਗਬੋਈ ਅਤੇ 13 ਅ੍ਰਪੈਲ ਨੂੰ ਵਿਸਵਨਾਥ ‘ਚ ਚੋਣ ਪ੍ਰਚਾਰ ਕਰਨਗੇ। ਆਮ ਆਦਮੀ ਪਾਰਟੀ ਅਸਾਮ ਵਿੱਚ ਦੋ ਥਾਵਾਂ ‘ਤੇ ਚੋਣ ਲੜ ਰਹੀ ਹੈ। ਇਸ ਤੋਂ ਪਹਿਲਾ ਉਹ ਹਰਿਆਣਾ ਵਿੱਚ ਪ੍ਰਚਾਰ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਗੁਜਰਾਤ ਅਤੇ ਦਿੱਲੀ ਵਿੱਚ ਚੋਣ ਪ੍ਰਚਾਰ ਕਰਨ ਦਾ ਪ੍ਰੋਗਰਾਮ ਤੈਅ ਹੈ।

ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ‘ਤੇ ਲੜੀ ਜਾ ਰਹੀ ਚੋਣ

ਇਸ ਵਾਰ ਸੂਬੇ ਦੀਆਂ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ‘ਤੇ ਲੜੀਆਂ ਜਾ ਰਹੀਆਂ ਹਨ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਸਮੇਂ ਜੇਲ੍ਹ ਵਿੱਚ ਹਨ। ਅਜਿਹੇ ‘ਚ ਇਸ ਵਾਰ ਚੋਣ ਪ੍ਰਚਾਰ ਤੋਂ ਲੈ ਕੇ ਰਣਨੀਤੀ ਬਣਾਉਣ ਤੱਕ ਦੀ ਸਾਰੀ ਜ਼ਿੰਮੇਵਾਰੀ ਮਾਨ ‘ਤੇ ਹੈ। ਭਗਵੰਤ ਮਾਨ ਵੀ ਇਸ ਗੱਲ ਨੂੰ ਸਮਝਦੇ ਹਨ। ਇਸੇ ਕਾਰਨ ਉਹ ਆਪਣੀ ਪੂਰੀ ਤਾਕਤ ਲਗਾ ਰਹੇ ਹਨ।

ਉਹ ਲਗਭਗ ਸਾਰੇ ਲੋਕ ਸਭਾ ਹਲਕਿਆਂ ਦੇ ਆਗੂਆਂ, ਵਿਧਾਇਕਾਂ, ਮੰਤਰੀਆਂ ਅਤੇ ਉਮੀਦਵਾਰਾਂ ਨੂੰ ਮਿਲ ਕੇ ਫੀਡਬੈਕ ਲੈ ਚੁੱਕੇ ਹਨ। ਇਸ ਤੋਂ ਇਲਾਵਾ ਵਲੰਟੀਅਰ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਹ 13-0 ਦਾ ਨਾਅਰਾ ਦੇ ਰਹੇ ਹਨ।