Punjab

ਬਹਿਬਲ ਕਲਾਂ ਮੋਰਚੇ ਦੇ ਆਗੂ ਕੱਲ੍ਹ ਆਉਣਗੇ ਚੰਡੀਗੜ੍ਹ , ਹੋਵੇਗਾ ਵੱਡਾ ਐਲਾਨ…

Leaders of Behbal Kalan Morche will come to Chandigarh tomorrow there will be a big announcement...

ਫਰੀਦਕੋਟ : ਅੱਜ ਬਹਿਬਲ ਕਲਾਂ ਵਿਖੇ ਪਿਛਲੇ ਇੱਕ ਸਾਲ ਤੋਂ ਲੱਗੇ ਧਰਨੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ‘ਦ ਖ਼ਾਲਸ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਦੱਸਿਆ ਕਿ ਅੱਜ ਕੋਈ ਵੀ ਫੈਸਲਾ ਨਹੀਂ ਲਿਆ ਜਾਵੇਗਾ ਅਤੇ ਨਾ ਹੀ ਕੋਈ ਇਕੱਠ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੌਸਮ ਦੇ ਕਰਕੇ ਅਤੇ ਕੱਲ੍ਹ ਚੰਡੀਗੜ੍ਹ ਵਿਖੇ ਹੋਣ ਵਾਲੇ ਇਕੱਠ ਕਰਕੇ ਅੱਜ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਕੱਲ੍ਹ ਹੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ।

ਦਰਅਸਲ ਬਹਿਬਲ ਕਲਾਂ ਗੋਲੀਕਾਂਡ ’ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਛੋਟੇ ਪੁੱਤਰ ਪ੍ਰਭਦੀਪ ਸਿੰਘ ਨੇ ਪਿਤਾ ਦੀ ਮੌਤ ਲਈ ਇਨਸਾਫ਼ ਨਾ ਦਿਵਾਏ ਜਾਣ ਦੇ ਰੋਸ ਵਜੋਂ ਸਰਕਾਰ ਵੱਲੋਂ ਤਰਸ ਦੇ ਆਧਾਰ ’ਤੇ ਮਿਲੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ। ਇਹ ਐਲਾਨ ਉਨ੍ਹਾਂ ਵੱਲੋਂ ਬਹਿਬਲ ਕਲਾਂ ’ਚ ਆਪਣੇ ਭਰਾ ਸੁਖਰਾਜ ਸਿੰਘ ਨਿਆਮੀ ਵਾਲਾ ਦੀ ਅਗਵਾਈ ਹੇਠ ਚੱਲ ਰਹੇ ਇਨਸਾਫ਼ ਮੋਰਚੇ ਦੌਰਾਨ ਕੀਤਾ ਗਿਆ ਸੀ।

ਦੱਸ ਦਈਏ ਕਿ ਪ੍ਰਭਦੀਪ ਸਿੰਘ ਨੂੰ 2015 ਵਿੱਚ ਹੋਈ ਉਸ ਦੇ ਪਿਤਾ ਦੀ ਮੌਤ ਮਗਰੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਬਲ ਕਲਾਂ ਵਿੱਚ ਕਰਲਕ ਦੀ ਨੌਕਰੀ ਮਿਲੀ ਸੀ। ਪ੍ਰਭਦੀਪ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਦਾ ਇਨਸਾਫ਼ ਚਾਹੀਦਾ ਹੈ ਤੇ ਇਸ ਦੇ ਇਵਜ਼ ਵਿੱਚ ਕੋਈ ਲਾਭ ਨਹੀਂ ਚਾਹੀਦਾ। ਇਸ ਮੌਕੇ ਸੁਖਰਾਜ ਸਿੰਘ ਨੇ ਦੱਸਿਆ  ਸੀ ਕਿ ਸਿੱਖ ਸੰਗਤ ਵੱਲੋਂ 7 ਜਨਵਰੀ ਨੂੰ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ।

12 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਖਿਲਾਰੇ ਗਏ ਸੀ ,ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਏ। ਇਸ ਦੌਰਾਨ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ। ਇਸ ਵਿੱਚ ਦੋ ਵਿਅਕਤੀ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਮਾਰੇ ਗਏ ਸਨ। ਇਸ ਸਬੰਧੀ ਪੰਜਾਬ ਪੁਲਿਸ ਦੀਆਂ ਦੋ ਐਸਆਈਟੀ, ਦੋ ਕਮਿਸ਼ਨ ਅਤੇ ਸੀਬੀਆਈ ਨੇ ਜਾਂਚ ਕੀਤੀ ਸੀ।