Others

ਗੋਲੀਕਾਂਡ ਦੀ ਬਰਸੀ ਮੌਕੇ ਬਹਿਬਲ ਕਲਾਂ ‘ਚ ਸੰਗਤ ਦਾ ਭਾਰੀ ਇਕੱਠ

ਬਹਿਬਲਕਲਾਂ  : ਬਹਿਬਲਕਲਾਂ ਤੇ ਕੋਟਕਪੂਰਾ ਗੋਲੀਕਾਂਡ ਨੂੰ ਅੱਜ 7 ਸਾਲ ਪੂਰੇ ਹੋ ਗਏ ਹਨ। ਗੋਲੀਕਾਂਡ ਦੀ ਬਰਸੀ ਮੌਕੇ ਬਹਿਬਲਕਲਾਂ ‘ਚ ਸੰਗਤ ਦਾ ਭਾਰੀ ਇਕੱਠ ਹੋਇਆ ਹੈ। ਇਸ ਮੌਕੇ ਰਾਜ ਸਭਾ ਮੈਂਬਰ ਸਿਮਰਨਜੀਤ ਮਾਨ ,ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ, ਹੋਰ ਰਾਜਸੀ ਆਗੂ ਤੇ ਸਿੱਖ ਜਥੇਬੰਦੀਆਂ ਦੇ ਕਈ ਵੱਡੇ ਆਗੂ ਵੀ ਸ਼ਾਮਲ ਹੋਏ ਹਨ।

ਇਨਸਾਫ਼ ਮੋਰਚੇ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖੁਲਾਸੇ

ਇਨਸਾਫ਼ ਮੋਰਚੇ ਤੋਂ ਕੁੰਵਰ ਵਿਜੇ ਪ੍ਰਤਾਪ ਨੇ  ਸੰਗਤ ਦੇ ਸਨਮੁਖ ਹਾਜ਼ਰ ਹੁੰਦਿਆਂ ਕਈ ਖੁਲਾਸੇ ਕੀਤੇ ਹਨ ਤੇ ਦੱਸਿਆ ਹੈ ਕਿ ਆਖ਼ਿਰ ਕਿਉਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ ।ਸਾਬਕਾ ਅਧਿਕਾਰੀ ਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਇਹ ਕਿਹਾ ਕਿ ਬੇਇਨਸਾਫੀ ਤੇ ਗੋਲੀਕਾਂਡ ਦੇ ਅੱਜ ਸੱਤ ਸਾਲ ਪੂਰੇ ਹੋ ਗਏ ਹਨ ਪਰ ਕੋਈ ਵੀ ਇਨਸਾਫ ਨਹੀਂ ਹੋਇਆ ਹੈ ਤੇ ਨਾ ਹੀ ਹੋਣਾ ਹੈ।

ਉਹਨਾਂ ਬਹਿਬਲ ਕਲਾਂ ਵਿੱਚ ਗੋਲੀਆਂ ਚਲਾਉਣ ਵਾਲਿਆਂ ਦੀ ਤੁਲਨਾ ਜਲਿਆਂਵਾਲਾ ਬਾਗ ਦੇ ਕਾਤਲਾਂ ਨਾਲ ਕੀਤੀ ਤੇ ਕਿਹਾ ਕਿ
ਜਿਨ੍ਹਾਂ ਲੋਕਾਂ ਨੂੰ ਜ਼ਖ਼ਮੀ ਕੀਤਾ,ਜਾਨਾਂ ਲਈਆਂ,ਇਹ ਕੋਈ ਪਾਕਿਸਤਾਨ ਤੋਂ ਨੀ ਸੀ ਆਏ, ਉਸ ਵੇਲੇ ਦੇ ਹੁਕਮਾਰਾਨ ਦੀ ਫੌਜ ਸੀ। ਉਹਨਾਂ ਸਭ ਤੋਂ ਪਹਿਲਾਂ ਆਈ ਸੰਗਤ ਤੋਂ ਮਾਫੀ ਮੰਗੀ ਕਿ ਉਹ ਖਾਲੀ ਹੱਥ ਆਏ ਹਨ ਤੇ ਹਾਲੇ ਤੱਕ ਇਨਸਾਫ਼ ਨਹੀਂ ਦਵਾ ਸਕੇ।

ਉਹਨਾਂ ਅਸਿਧੇ ਤੋਰ ‘ਤੇ ਇੱਕ ਰਾਜਸੀ ਪਰਿਵਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਜਦੋਂ ਮੈਂ ਅਸਤੀਫਾ ਦਿੱਤਾ ਸੀ ਤਾਂ ਇੱਕ ਪਰਿਵਾਰ ਨੇ ਖੁਸ਼ੀ ਮਨਾਈ ਸੀ ਪਰ ਕੈਪਟਨ ਨੇ ਅਸਤੀਫਾ ਨਾ-ਮਨਜੂਰ ਕਰਨ ਦੀ ਗੱਲ ਕੀਤੀ ਸਾ ਪਰ ਮੈਂ ਮਨਾਂ ਕਰ ਦਿੱਤਾ ਸੀ।

ਉਹਨਾਂ ਇਹ ਵੀ ਕਿਹਾ ਹੈ ਕਿ ਹੁਣ ਬਣਾਈਆਂ ਗਈਆਂ ਸਿੱਟਾਂ ਜਾ ਕਾਨੂੰਨ ਤੋਂ ਇਨਸਾਫ਼ ਦੀ ਉਮੀਦ ਰੱਖਣਾ ਗਲਤ ਹੋਵੇਗਾ,ਇਸ਼ ਲਈ ਮੈਂ ਅੱਜ ਹਰ ਗੱਲ ਸੰਗਤ ਅੱਗੇ ਰਖਾਂਗਾ।

ਇਸ ਮੌਕੇ ਉਹਨਾਂ ਆਪਣੀਆਂ ਫੇਸਬੁਕ ਪੋਸਟਾਂ ਦਾ ਵੀ ਹਵਾਲਾ ਦਿੱਤਾ ਤੇ ਕਿਹਾ ਕਿ ਕਿਵੇਂ ਉਹਨਾਂ ਨੇ ਹਰ ਮੌਕੇ ਤੇ ਆਪਣੀ ਪ੍ਰਤੀਕਰਿਆ ਜ਼ਾਹਿਰ ਕੀਤੀ ਸੀ। ਉਹਨਾਂ ਕਿਹਾ ਕਿ ਮੈਂ ਆਪਣੀ ਪੋਸਟ ਵਿੱਚ ਮੈਂ ਲਿਖਿਆ ਸੀ ਕਿ ਮੈਂ ਆਪਣਾ ਫਰਜ਼ ਅਦਾ ਕਰ ਦਿੱਤਾ ਹੈ ਤੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਰਾਜ਼ਨੀਤੀ ਨਾ ਕੀਤੀ ਜਾਵੇ ਤੇ ਤਿੰਨ ਮਹੀਨੇ ਬਾਅਦ ਆਪ ਵਿੱਚ ਜਾਣ ਵੇਲੇ ਵੀ ਮੈਂ ਇਸੇ ਗੱਲ ‘ਤੇ ਕਾਇਮ ਸੀ।

ਸਿੱਟ ਦੇ ਹਰ ਇੱਕ ਪੰਨੇ ‘ਤੇ ਬਾਦਲ ਪਰਿਵਾਰ ਦਾ ਨਾਮ

ਉਹਨਾਂ ਦੱਸਿਆ ਕਿ ਜਦੋਂ ਸਿੱਟ ਦੀ ਰਿਪੋਰਟ ਸੌਂਪੀ ਸੀ ਤਾਂ ਮੀਡੀਆ ਨੇ ਗਲਤ ਖ਼ਬਰ ਫੈਲਾਈ ਸੀ ਕਿ ਮੈਂ ਰਿਪੋਰਟ ਪਹਿਲਾਂ ਕੈਪਟਨ ਨੂੰ ਸੌਂਪੀ ਹੈ ਪਰ ਮੈਂ ਆਪਣੀ ਰਿਪੋਰਟ ਕੋਰਟ ਵਿੱਚ ਦਿੱਤੀ ਸੀ । ਜਿਸ ਦੌਰਾਨ ਅਦਾਲਤ ਵਿੱਚ ਰਿਪੋਰਟ ਨੂੰ ਗਲਤ ਤਰੀਕੇ ਨਾਲ ਯੋਜਨਾ ਬਣਾ ਕੇ ਖਾਰਿਜ ਕਰਵਾ ਦਿੱਤਾ ਗਿਆ ਕਿਉਂਕਿ ਇਸ ਦੇ ਹਰ ਇੱਕ ਪੰਨੇ ਤੇ ਬਾਦਲ ਪਰਿਵਾਰ ਦਾ ਨਾਮ ਆ ਰਿਹਾ ਸੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਹਨਾਂ ਹਿੰਮਤ ਨਹੀਂ ਹਾਰੀ ਤੇ ਦੱਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਇਹ ਅਪੀਲ ਰੱਖੀ।

 

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕੀਤੀ ਸੈਸ਼ਨ ਬੁਲਾਉਣ ਦੀ ਬੇਨਤੀ

ਸੰਨ 2018 ਵਿੱਚ ਮੈਂ ਲਿਖਤੀ ਤੌਰ ‘ਤੇ ਬੇਨਤੀ ਕੀਤੀ ਸੀ ਕਿ ਵਿਧਾਨ ਸਭਾ ਦਾ ਬੈਠਕ ਦੇ ਦੌਰਾਨ 18 ਅਗਸਤ 2018 ਨੂੰ ਵਿਧਾਨ ਸਭਾ ਵਿੱਚ ਇਹ ਮਾਮਲਾ ਰੱਖਿਆ ਜਾਵੇ,ਜਿਸ ਦੌਰਾਨ ਮਤਾ ਪਾਸ ਕਰ ਕੇ ਐਸਆਈਟੀ ਬਣਾਈ ਸੀ ,ਜਿਸ ਵਿੱਚ ਮੈਂ ਵੀ ਸੀ। ਗੁਰੂ ਦੀ ਹਜ਼ੂਰੀ ਵਿੱਚ ਅੱਜ ਵੀ ਵਿਧਾਨ ਸਭਾ ਦੇ ਸਪੀਕਰ ਨੂੰ ਇਸੇ ਮਾਮਲੇ ਨੂੰ ਲੈ ਕੇ ਖਾਸ ਸੈਸ਼ਨ ਸੱਦਣ ਦੀ ਅਪੀਲ ਕਰ ਰਿਹਾ ਹਾਂ। ਉਸ ਦੌਰਾਨ ਜੇ ਮੇਰੀ ਰਿਪੋਰਟ ਦੀ ਇੱਕ ਵੀ ਗੱਲ ਝੂਠੀ ਨਿਕਲੀ ਤਾਂ ਅਸਤੀਫਾ ਦਿਆਂਗਾ।

 

ਰਿਪੋਰਟ ਖਾਰਜ ਹੋਣ ਮਗਰੋਂ ਆਪ ਕੀਤੀ ਪੈਰਵਾਈ

ਉਹਨਾਂ ਇਹ ਵੀ ਦੱਸਿਆ ਕਿ ਜਦੋਂ ਦੂਜੀ ਵਾਰ ਰਿਪੋਰਟ ਖਾਰਜ ਹੋਈ ਤਾਂ ਉਹਨਾਂ ਅਦਾਲਤ ਵਿੱਚ ਨਿੱਜੀ ਵਕੀਲ ਕਰ ਕੇ ਕੇਸ ਦੀ ਪੈਰਵਾਈ ਕੀਤੀ ਤੇ 20 ਮਈ ਨੂੰ ਅਦਾਲਤ ਵਿੱਚ ਆਪਣੀ ਗੱਲ ਰੱਖੀ। ਕੇਸ ਸ਼ੁਰੂ ਹੋ ਗਿਆ ਤੇ ਅਦਾਲਤ ਵਿੱਚ ਇਹ ਕਿਹਾ ਗਿਆ ਕਿ ਦੋਨੋਂ ਐਸਆਈਟੀ ਆਪਸ ਵਿੱਚ ਸਹਿਯੋਗ ਨਹੀਂ ਕਰ ਰਹੀਆਂ। ਅਸੀਂ ਅਦਾਲਤ ਵਿੱਚ ਇਹ ਅਪੀਲ ਕੀਤੀ ਸੀ ਕਿ ਫਰੀਦਕੋਟ ਤੋਂ ਖਾਰਜ ਹੋਈ ਰਿਪੋਰਟ ਮੰਗਵਾਈ ਜਾਵੇ ਪਰ ਏਦਾਂ ਵੀ ਨਹੀਂ । ਕੋਟਕਪੂਰਾ ਵਾਲੀ ਐਸਆਈਟੀ ਵਿੱਚ ਜਗਾ ਜਗਾ ਬਾਦਲ ਪਰਿਵਾਰ ਦਾ ਨਾਮ ਸੀ।ਇਸ ਲਈ 9 ਅਪ੍ਰੈਲ 2021 ਨੂੰ ਰਿਪੋਰਟ ਖਾਰਿਜ ਹੋ ਗਈ ਸੀ ਪਰ ਸੰਵਿਧਾਨ ਦੇ ਉਲਟ 15 ਦਿਨਾਂ ਬਾਅਦ 89 ਪੰਨਿਆਂ ਦਾ ਇਸ ਸਬੰਧੀ ਲਿਖਤੀ ਹੁਕਮ ਆਇਆ। ਇਹ ਸਾਰੀ ਕੈਪਟਨ ਦੀ ਸਾਜਿਸ਼ ਸੀ ਤੇ ਚੋਣਾਂ ਵਿੱਚ ਫਾਇਦਾ ਲੈਣ ਲਈ ਰਿਪੋਰਟ ਖਾਰਿਜ ਕਰ ਦਿੱਤੀ ਗਈ ।

27 ਮਈ 2019 ਨੂੰ ਫਰੀਦਕੋਟ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ,ਜਿਸ ਵਿਰੁਧ ਬਹੁਤ ਸ਼ੋਰ ਸ਼ਰਾਬਾ ਹੋਇਆ ਕਿਉਂਕਿ ਬਾਦਲ ਪਰਿਵਾਰ ਦਾ ਨਾਮ ਸੀ। 3-8-2019 ਦਾ ਅਦਾਲਤ ਦਾ ਹੁਕਮ ਆ ਗਿਆ ਸੀ ਕਿ ਚਲਾਨ ਦਰੁਸਤ ਪਾਇਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇ।

ਉਹਨਾਂ ਦੱਸਿਆ ਕਿ ਖਾਸ ਤੌਰ ‘ਤੇ ਐਲਕੇ ਯਾਦਵ ਨੂੰ ਤਰੱਕੀ ਦੇ ਕੇ ਸਿੱਟ ਦਾ ਮੁੱਖੀ ਬਣਾਇਆ ਗਿਆ ਤੇ ਬਾਦਲਾਂ ਨੂੰ ਤਲੱਬ ਕੀਤਾ ਗਿਆ। ਐਲਕੇ ਯਾਦਵ ਮੇਰੇ ਤੋਂ ਬਾਦਲਾਂ ਦੇ ਖਿਲਾਫ ਮੇਰੇ ਤੋਂ ਸਬੂਤ ਮੰਗ ਰਿਹਾ ਹੈ ਜਦੋਂ ਕਿ ਮੈਂ ਤਾਂ ਸਭ ਕੁੱਝ ਦੇ ਚੁੱਕਾ ਹਾਂ। ਇਸ ਲਈ ਹੁਣ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਹੈ।

 

ਸੰਨ 2007 ਵਿੱਚ 10ਵੇਂ ਗੁਰੂ ਸਾਹਿਬ ਦਾ ਸਵਾਂਗ ਰੱਚਣ ਤੋਂ ਸ਼ੁਰੂ ਹੋਇਆ ਮਾਮਲਾ

ਡੇਰਾ ਸਾਧ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ 2007 ਵਿੱਚ 10ਵੇਂ ਗੁਰੂ ਸਾਹਿਬ ਦਾ ਸਵਾਂਗ ਰੱਚਿਆ ਗਿਆ ਸੀ,ਬੇਅਦਬੀ ਦਾ ਮੁੱਢ ਉਦੋਂ ਹੀ ਬੰਨ ਹੋ ਗਿਆ ਸੀ। ਇਸ ਸਬੰਧ ਵਿੱਚ ਭਾਈ ਹਰਜਿੰਦਰ ਸਿੰਘ ਮਾਝੀ ਦਾ ਵੀ ਬਿਆਨ ਸੀ ਕਿ ਜਾਂਚ ਉਥੋਂ ਸ਼ੁਰੂ ਕੀਤੀ ਜਾਵੇ। ਵੋਟਾਂ ਤੋਂ 5 ਦਿਨਾ ਪਹਿਲਾਂ ਸੰਨ 2012 ਵਿੱਚ ਡੇਰਾ ਸਾਧ ‘ਤੇ ਹੋਇਆ ਇਹ ਕੇਸ ਵੀ ਰੱਦ ਕਰ ਦਿੱਤਾ ਗਿਆ।ਨੌਨਿਹਾਲ ਸਿੰਘ ਤੇ ਸੁਖਚੈਨ ਸਿੰਘ ਗਿੱਲ ਵਰਗਿਆਂ ਨੂੰ ਸੌਦਾ ਸਾਧ ਦਾ ਸਾਥ ਦੇਣ ਤੇ ਕੇਸ ਕੈਂਸਲ ਕਰਨ ਲਈ ਤਰੱਕੀਆਂ ਦਿੱਤੀਆਂ ਗਈਆਂ ਨੂੰ । ਅੱਜ ਵੀ ਸਾਧ 40 ਦਿਨ ਦੀ ਪੈਰੋਲ ਤੇ ਆ ਰਿਹਾ ਹੈ ਕਿਉਂਕਿ ਵੋਟਾਂ ਹਨ।

ਸਾਬਕਾ ਜਥੇਦਾਰ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਬਿਆਨ ਵਿੱਚ ਸਾਰੀ ਗੱਲ ਦੱਸੀ ਹੋਈ ਹੈ। 24 ਸਤੰਬਰ ਨੂੰ ਸਾਧ ਨੂੰ ਮਾਫੀ ਦਿੱਤੀ ਗਈ,ਜੋ ਬਾਅਦ ਵਿੱਚ ਵਾਪਸ ਲੈ ਲਈ ਗਈ ਸੀ। ਮਾਫੀਨਾਮੇ ਵਾਲੀ ਮੀਟਿੰਗ ਵਿੱਚ ਜਥੇਦਾਰ ਸਾਹਿਬ ਵਿੱਚ ਵਿਚਾਲੇ ਕਿਸੇ ਨਾਲ ਗੱਲ ਕਰ ਰਹੇ ਸੀ ਤੇ ਦਬਾਅ ਵਿੱਚ ਮਾਫੀ ਦਿੱਤੀ ਸੀ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਦਾ ਬਿਆਨ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਮਾਫੀਨਾਮੇ ਦੀ ਕਾਪੀ ਮੰਗਣ ‘ਤੇ ਵੀ ਨਹੀਂ ਦਿੱਤੀ ਗਈ।

 

ਬੇਨਤੀ “ਮੈਨੂੰ ਕੋਈ ਗੈਰ ਸਿੱਖ ਨਾ ਬੋਲੇ”

ਉਹਨਾਂ ਇਹ ਵੀ ਬੇਨਤੀ ਕੀਤੀ ਕਿ ਮੈਨੂੰ ਕੋਈ ਗੈਰ ਸਿੱਖ ਨਾ ਬੋਲੇ,ਬੇਇਨਸਾਫੀ ਲਈ ਲੜਨ ਵਾਲਾ ਹਰ ਬੰਦਾ ਸਿੱਖ ਹੈ । ਮੈਂ ਜਿੱਤਾਂਗਾ ਕਿਉਂਕਿ ਮੇਰੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਨ । ਐਲਕੇ ਯਾਦਵ ਜਾਂ ਹੋਰ ਕੋਈ ਸਿੱਟ ਅਦਾਲਤ ਨੂੰ ਇਨਸਾਫ ਨਹੀਂ ਦਿਵਾਏਗੀ। ਮੈਂ ਖੁੱਦ ਇਹ ਲੜਾਈ ਲੜਾਂਗਾ। ਦੱਸਮ ਪਿਤਾ ਦੇ ਬੱਚਿਆਂ ਦੀ ਕੁਰਬਾਨੀ ਦੀ ਗੱਲ ਕੀਤੀ ਤੇ ਕਿਹਾ ਕਿ ਉਹਨਾਂ ਦੇ ਜ਼ਜਬੇ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਕਰਕੇ ਹੀ ਅਸੀਂ ਆਜਾਦ ਹਾਂ।
ਉਹਨਾਂ ਇਹ ਵੀ ਦਾਅਵਾ ਕੀਤਾ ਕਿ ਇਹ ਸਿੱਟ ਸੁਖਬੀਰ ਬਾਦਲ ਦਾ ਚਲਾਨ ਕਰੇਗੀ ਪਰ ਅਦਾਲਤ ਵਿੱਚ ਬੇਕਸੂਰ ਸਾਬਤ ਕਰੇਗੀ। ਪਰ ਅਸੀਂ ਹੋਣ ਨਹੀਂ ਦੇਵਾਂਗੇ। ਕਿਸੇ ਕੋਲ ਵੀ ਬੇਅਦਬੀ ਸਬੰਧੀ ਕੋਈ ਵੀ ਸਬੂਤ ਹੈ ਤਾਂ ਅਦਾਲਤ ਵਿੱਚ ਪੇਸ਼ ਕਰੋ। ਬਿਨਾਂ ਕਿਸੇ ਡਰ ਤੋਂ ,ਲਾਲਚ ਤੋਂ ਲੜਾਈ ਦਾ ਹਿੱਸਾ ਬਣੋ।
ਪਿਛਲੀ ਵਾਰ 14 ਸਤੰਬਰ ਨੂੰ ਬਾਦਲ ਨੇ ਸਿੱਟ ਅੱਗੇ ਪੇਸ਼ ਹੋਣ ਮਗਰੋਂ ਮੈਂਨੂੰ ਧਮਕੀ ਦਿੱਤੀ ਸੀ ਕਿ ਸਾਡੀ ਸਰਕਾਰ ਆਉਣ ਤੇ ਕੁੰਵਰ ਪ੍ਰਤਾਪ ਸਿੰਘ ਨੂੰ ਦੇਖ ਲਵਾਂਗੇ ਪਰ ਹੁਣ ਇਹ ਸੁਣਵਾਈ ਪ੍ਰਮਾਤਮਾ ਦੀ ਅਦਾਲਤ ਵਿੱਚ ਹੋ ਰਹੀ ਹੈ ਤੇ ਉਹਨਾਂ ਦੇ ਹੁਣ ਸੱਤਾ ਵਿੱਚ ਆਉਣ ਦੀ ਕੋਈ ਉਮੀਦ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਮੈਨੂੰ ਦੁੱਖ ਹੈ ਕਿ ਆਪਣੀ ਸਰਕਾਰ ਦੇ ਕਿਸੇ ਵੀ ਬੰਦੇ ਨੇ ਵੀ ਇਸ ਬਾਰੇ ਗੱਲ ਨਹੀਂ ਕੀਤੀ ਹੈ। ਕਿਸੇ ਵੀ ਸਰਕਾਰ ਤੋਂ ਉਮੀਦ ਨਹੀਂ ਪਰ ਸਰਕਾਰ ਨੂੰ ਮਜ਼ਬੂਤ ਕਰੋ ਕਿਉਂਕਿ ਕਾਂਗਰਸ-ਅਕਾਲੀਆਂ ਨੂੰ ਤੁਸੀਂ ਦੇਖ ਹੀ ਚੁੱਕੇ ਹੋ।

 

ਸਿੱਟ ਮੁਖੀ ਪ੍ਰਬੋਧ ਕੁਮਾਰ,ਅਰੁਣਪਾਲ ਸਿੰਘ ‘ਤੇ ਵੀ ਤਫਤੀਸ਼ ਨਾ ਕਰਨ ਦੇ ਲਾਏ ਇਲਜ਼ਾਮ

ਆਪਣੀ ਸਿੱਟ ਦੇ ਮੁਖੀ ਪ੍ਰਬੋਧ ਕੁਮਾਰ,ਅਰੁਣਪਾਲ ਸਿੰਘ ਤੇ ਵੀ ਉਹਨਾਂ ਕੋਈ ਤਫਤੀਸ਼ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਉਹਨਾਂ ਕਿਹਾ ਕਿ 16 ਨਵੰਬਰ 2018 ਨੂੰ ਬਾਦਲਾਂ ਨੂੰ ਪੁੱਛਗਿੱਛ ਲਈ ਬੁਲਾਉਣ ਲਈ ਮੈਂ ਨੋਟਿਸ ਜਾਰੀ ਕੀਤਾ ਤਾਂ ਮੇਰੇ ਤੇ ਦਬਾਅ ਪਾਇਆ ਗਿਆ ਕਿ ਨੋਟਿਸ ਵਾਪਸ ਲਉ ਪਰ ਮੈਂ ਨਹੀਂ ਮੰਨਿਆ ਤਾਂ ਮੇਰੇ ਖਿਲਾਫ ਸ਼ਿਕਾਇਤ ਹੋਈ ਤੇ ਇਹ ਜਾਣਕਾਰੀ ਮੈਨੂੰ ਸਿੱਟ ਦੇ ਮੁਖੀ ਪ੍ਰਬੋਧ ਕੁਮਾਰ ਨੇ ਦਿੱਤੀ ਸੀ। ਇਸ ਤਰਾਂ ਦੀ ਸਿੱਟਾਂ ਤੋਂ ਹੁਣ ਇਨਸਾਫ ਦੀ ਕੋਈ ਉਮੀਦ ਨਹੀਂ । ਸੋ ਲੜਾਈ ਹੁਣ ਆਪ ਲੜਨੀ ਪੈਣੀ ਹੈ।

 

“ਸਵਾ ਮਹੀਨੇ ਮਗਰੋਂ ਇਥੇ ਹੀ ਹੋਵੇਗੀ ਸ਼ੁਕਰਾਨੇ ਦੀ ਅਰਦਾਸ”,ਸਪੀਕਰ ਕੁਲਤਾਰ ਸਿੰਘ ਸੰਧਵਾਂ

ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਸਾਹਮਣੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰੂ ਤੇ ਸੰਗਤ ਸਭ ਤੋਂ ਉਪਰ ਹੈ ਤੇ ਇਹਨਾਂ ਦੀ ਨਾਰਾਜ਼ਗੀ ਨਾਬਰਦਾਸ਼ਤ ਕਰਨ ਯੋਗ ਹੈ। ਇਸ ਮਾਮਲੇ ਵਿੱਚ ਜਲਦੀ ਹੀ ਇਨਸਾਫ ਹੋਵੇਗਾ ਤੇ ਇਹ ਵੀ ਕਿਹਾ ਕਿ ਸਵਾ ਮਹੀਨੇ ਮਗਰੋਂ ਇਥੇ ਹੀ ਸ਼ੁਕਰਾਨੇ ਦੀ ਅਰਦਾਸ ਹੋਵੇਗੀ।

 

“ਸਹੀ ਇਨਸਾਫ਼ ਲੈਣ ਲਈ ਹੁਣ ਇਨਸਾਫ ਦੇ ਮਾਅਨੇ ਹੀ ਬਦਲਣੇ ਪੈਣੇ ਆ” , ਭਾਈ ਪਰਮਜੀਤ ਸਿੰਘ ਮੰਡ

ਦਲ ਖਾਲਸਾ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਮੰਡ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1978 ਤੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ ਸੀ,35 ਸਾਲ ਹੋ ਗਏ ਹਨ 84 ਕਤਲੇਆਮ ਮਾਮਲੇ ਦੇ ਇਨਸਾਫ਼ ਲਈ ਲੜਦਿਆਂ ਤੇ ਹੁਣ 7 ਸਾਲ ਤੋਂ ਬੇਅਦਬੀ ਦਾ ਇਨਸਾਫ਼ ਲੈਣ ਲਈ ਭੱਟਕ ਰਹੇ ਹਾਂ। ਜੇਕਰ ਸ਼ੁਰੂਆਤ ਵਿੱਚ ਹੀ ਇਸ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਇਥੇ ਤੱਕ ਨੋਬਤ ਹੀ ਨਹੀਂ ਸੀ ਆਉਣੀ। ਉਹਨਾਂ ਕਿਹਾ ਕਿ ਸਹੀ ਇਨਸਾਫ਼ ਲੈਣ ਲਈ ਹੁਣ ਇਨਸਾਫ ਦੇ ਮਾਅਨੇ ਹੀ ਬਦਲਣੇ ਪੈਣੇ ਆ । ਇਹ ਸਭ ਤਾਂ ਨਿੱਤ ਦਾ ਕੰਮ ਹੋ ਗਿਆ ਹੈ। ਉਹਨਾਂ ਕਿਹਾ ਕਿ ਹੁਣ ਸਿਸਟਮ ਦੇ ਖਿਲਾਫ ਹੀ ਲੜਨਾ ਪੈਣਾ ਹੈ। ਉਹਨਾਂ ਸਿੱਧਾ ਕਿਹਾ ਕਿ ਜਦੋਂ ਸਿੱਧੇ ਸਿੱਧੇ ਮਾਰਨਾ ਹੁੰਦਾ ਹੈ ਤਾਂ ਕੇਪੀ ਐਸ ਗਿੱਲ ਵਰਗੇ ਆ ਜਾਂਦੇ ਹਨ ਤੇ ਜਦੋਂ ਰਾਜਨੀਤਿਕ ਤੋਰ ‘ਤੇ ਕਤਲ ਕਰਨੇ ਹੁੰਦੇ ਆ ਤਾਂ ਬਾਦਲ ਵਰਗੇ ਸੱਤਾ ਵਿੱਚ ਆ ਜਾਂਦੇ ਹਨ। ਸੋ ਸਿਸਟਮ ਨੂੰ ਹੀ ਬਦਲਣਾ ਪੈਣਾ ਹੈ ਕਿਉਂਕਿ ਇਸ ਸਿਸਟਮ ਨੇ 7 ਸਾਲ ਤੱਕ ਇਨਸਾਫ਼ ਨੀ ਦੇ ਸਕਿਆ,ਉਸ ਨੂੰ ਅਸੀਂ ਕੀ ਕਰਨਾ ਹੈ।

 

ਨੌਜਵਾਨ ਆਗੂ ਲੱਖਾ ਸਿਧਾਣਾ ਨੇ ਘੇਰਿਆ ਆਪ ਸਰਕਾਰ ਨੂੰ 

ਨੌਜਵਾਨ ਆਗੂ ਲੱਖਾ ਸਿਧਾਣਾ ਨੇ ਇਤਿਹਾਸ ਦੀ ਗੱਲ ਕਰਦਿਆਂ ਕਿਹਾ ਕਿ ਸਿੱਖਾਂ ਨੂੰ 47 ਨੂੰ ਆਜਾਦੀ ਤੋਂ 40 ਦਿਨਾਂ ਬਾਅਦ ਹੀ ਆਜਾਦੀ ਵੇਲੇ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਇਨਾਮ ਮਿਲ ਗਿਆ ਸੀ ਜਦੋਂ ਸਿੱਖਾਂ ਨੂੰ ਇੱਕ ਜ਼ਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਗਿਆ ਸੀ। 1966 ਵਿੱਚ ਪੰਜਾਬ ਦੀ ਵੰਡ ਕਰ ਕੇ ਵੀ ਪੰਜਾਬ ਨਾਲ ਧੱਕਾ ਕੀਤਾ ਗਿਆ । ਉਸ ਤੋਂ ਬਾਅਦ ਵਾਲਾ ਸਮਾਂ ਵੀ ਪੰਜਾਬ ਲਈ ਖਰਾਬ ਹਾਲਾਤਾਂ ਵਾਲਾ ਰਿਹਾ ਹੈ। ਸੋ ਇਹ ਜਵਾਬ ਕਾਫੀ ਹੈ ਉਹਨਾਂ ਲਈ ,ਜੋ ਇਹ ਕਹਿੰਦੇ ਹਨ ਕਿ ਸਿੱਖਾਂ ਨੂੰ ਭਾਰਤ ਤੋਂ ਕਿ ਔਖ ਹੈ।
ਰਾਜਸੀ ਪਾਰਟੀਆਂ ‘ਤੇ ਵਰਦਿਆਂ ਉਹਨਾਂ ਕਿਹਾ ਕਿ ਇਹਨਾਂ 24 ਘੰਟਿਆਂ ਵਿੱਚ ਇਨਸਾਫ਼ ਦੇਣ ਦੀ ਗੱਲ ਕੀਤੀ ਸੀ ਪਰ ਹਾਲੇ ਤੱਕ ਕੋਈ ਇਨਸਾਫ਼ ਨਹੀਂ ਹੋਇਆ ਹੈ।
ਐਸਵਾਈਐਲ ਮੁੱਦੇ ਤੇ ਬੋਲਦਿਆਂ ਲੱਖੇ ਨੇ ਕਿਹਾ ਹੈ ਕਿ ਇਹਨਾਂ ਪਾਣੀਆਂ ਲਈ ਪੰਜਾਬੀਆਂ ਨੇ ਕਾਫੀ ਕੀਮਤਾਂ ਚੁਕਾਈਆਂ ਹਨ। ਚੋਣਾਂ ਵੇਲੇ ਇਸ ਮੁੱਦੇ ਨੂੰ ਚੁੱਕਿਆ ਜਾਂਦਾ ਹੈ। ਉਹਨਾਂ ਮੁੱਖ ਮੰਤਰੀ ਮਾਨ ਬਾਰੇ ਦਾਅਵੀ ਕਰਦਿਆਂ ਕਿਹਾ ਕਿ ਇਸ ਬਾਰੇ ਉਹ ਗੋਲ ਮੋਲ ਗੱਲ ਕਰੇਗਾ ਕਿਉਂਕਿ ਕੇਜਰੀਵਾਲ ਨੇ ਹਰਿਆਣੇ ਤੇ ਰਾਜਸਥਾਨ ਤੋਂ ਵੀ ਵੋਟਾਂ ਲੈਣੀਆਂ ਹਨ । ਕੇਜਰੀਵਾਲ ਪੰਜਾਬ ਦੇ ਪਾਣੀਆਂ ਨੂੰ ਦਾਅ ਤੇ ਲਾ ਕੇ ਵੋਟਾਂ ਹਾਸਲ ਕਰਨਾ ਚਾਹੁੰਦਾ ਹੈ।ਉਹਨਾਂ ਕਿਹਾ ਕਿ ਸ਼ਾਰਦਾ ਨਦੀ ਦਾ ਪਾਣੀ ਹਰ ਸਾਲ ਤਬਾਹੀ ਮਚਾਉਂਦਾ ਹੈ।ਇਸ ਲਈ ਜਮਨਾ ਨਦੀ ਨਾਲ ਇਸ ਨੂੰ ਮਿਲਾ ਕੇ ਇਸ ਦਾ ਪਾਣੀ ਵਰਤਿਆ ਦਾ ਸਕਦਾ ਹੈ।