Punjab

7 ਸਾਲਾਂ ਬਾਅਦ ‘ਹਾਈਵੇਅ’ ‘ਤੇ ਚੜੀ ਬੇਅਦਬੀ ਦੇ ਇਨਸਾਫ਼ ਦੀ ਜੰਗ,ਸਿੰਘ ਆਰ-ਪਾਰ ਦੀ ਲੜਾਈ ਲਈ ਤਿਆਰ

ਫਰੀਦਕੋਟ : ਸੰਨ 2015 ਵਿੱਚ ਬਰਗਾੜੀ ਵਿੱਚ ਹੋਈ ਬੇਅਦਬੀ ਤੇ ਗੋਲੀਕਾਂਡ ਦੇ ਇਨਸਾਫ ਦੀ ਮੰਗ ਕਰ ਰਹੇ ਇਨਸਾਫ ਮੋਰਚੇ ਦਾ ਹੁਣ ਸਬਰ ਟੁੱਟ ਗਿਆ ਹੈ। ਮੋਰਚੇ ਵੱਲੋਂ 15 ਦਸੰਬਰ ਨੂੰ ਜਿਹੜੀ ਵੱਡੀ ਰਣਨੀਤੀ ਦਾ ਐਲਾਨ ਕਰਨ ਦਾ ਫੈਸਲਾ ਲਿਆ ਗਿਆ ਸੀ ਉਸ ਨੂੰ ਜ਼ਮੀਨੀ ਪੱਧਰ ‘ਤੇ ਉਤਾਰ ਦਿੱਤਾ ਗਿਆ ਹੈ। ਫਰੀਦਕੋਟ ਵਿੱਚ ਮੋਰਚੇ ਵਾਲੀ ਥਾਂ ‘ਤੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਹੈ। ਦੋਵੇਂ ਸੜਕਾਂ ‘ਤੇ ਸਿੱਖ ਆਗੂ ਦਰੀਆਂ ਵਿਛਾ ਕੇ ਬੈਠ ਗਏ ਹਨ ਅਤੇ ਐਲਾਨ ਕੀਤਾ ਹੈ ਕਿ ਜੇਕਰ ਇਨਸਾਫ ਨਹੀਂ ਮਿਲਿਆ ਤਾਂ ਉਹ ਮਰਨ ਵਰਤ ‘ਤੇ ਬੈਠਣਗੇ। ਮੌਕੇ ‘ਤੇ ਮੌਜੂਦ ਪੁਲਿਸ ਇਨਸਾਫ ਮੋਰਚੇ ਦੇ ਆਗੂਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਸਰਕਾਰ ਨੇ ਡੇਢ ਮਹੀਨੇ ਦੇ ਅੰਦਰ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਖਰੀ ਨਹੀਂ ਉਤਰੀ ਹੈ।

14 ਅਕਤੂਬਰ ਨੂੰ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੋਰਚੇ ਵਿੱਚ ਆ ਕੇ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਜੇਕਰ ਡੇਢ ਮਹੀਨੇ ਦੇ ਅੰਦਰ ਇਨਸਾਫ ਨਹੀਂ ਮਿਲਿਆ ਤਾਂ ਉਹ ਆਪ ਅਸਤੀਫਾ ਦੇਣਗੇ। 30 ਨਵੰਬਰ ਨੂੰ ਸੰਧਵਾਂ ਵੱਲੋਂ ਦਿੱਤੀ ਇਨਸਾਫ ਦੀ ਮਿਆਦ ਵੀ ਖ਼ਤਮ ਹੋ ਗਈ ਪਰ ਹੁਣ ਤੱਕ ਕਿਸੇ ਵੀ ਅਧਿਕਾਰੀ ਜਾਂ ਫਿਰ ਸਿਆਸਤਦਾਨ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ।

ਨੌਜਵਾਨ ਆਗੂ ਲੱਖਾ ਸਿਧਾਣਾ ਨੇ ਬਹਿਬਲ ਕਲਾਂ ਵਿੱਚ ਹੋਏ ਇੱਕਠ ਵਿੱਚ ਸੰਬੋਧਨ ਕਰਦਿਆਂ ‘ਆਪ’ ਸਰਕਾਰ ‘ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਨਸਾਫ ਦਾ ਯਕੀਨ ਦੁਆਇਆ ਸੀ। ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਬਾਰੇ ਵੀ ਸਿਧਾਣਾ ਨੇ ਖੁੱਲ ਕੇ ਆਪਣੇ ਵਿਚਾਰ ਰੱਖੇ। ਜੀਰਾ ਫੈਕਟਰੀ ਅੱਗੇ ਲੱਗੇ ਧਰਨੇ ਉੱਤੇ ਵੀ ਬੋਲਦਿਆਂ ਸਿਧਾਣਾ ਨੇ ਖੁਲਾਸਾ ਕੀਤਾ ਕਿ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਜਾਇਦਾਦਾਂ ਨੂੰ ਅਟੈਚ ਕਰ ਦਿੱਤਾ ਜਾਵੇਗਾ।

ਲੱਖਾ ਸਿਧਾਣਾ,ਨੌਜਵਾਨ ਆਗੂ

ਮਾਨ ਸਰਕਾਰ ਉੱਤੇ ਪੱਖਪਾਤ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਬਾਹਰੋਂ ਆਏ ਪਰਵਾਸੀਆਂ ਨੂੰ ਤਾਂ ਧੜਾਧੜ ਰਾਸ਼ਨ ਕਾਰਡ ਦੇ ਰਹੀ ਹੈ ਪਰ ਪੰਜਾਬੀਆਂ ਨੂੰ 2-2 ਮਹੀਨੇ ਗੇੜੇ ਮਾਰਨੇ ਪੈਂਦੇ ਹਨ। ਸਿਧਾਣਾ ਨੇ ਇਹ ਵੀ ਅਪੀਲ ਕੀਤੀ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਹੈ, ਨਹੀਂ ਤਾਂ ਖੇਰੂੰ-ਖੇਰੂੰ ਹੁੰਦਿਆਂ ਦੇਰ ਨਹੀਂ ਲੱਗਣੀ।

ਪੰਜਾਬ ਤੋਂ ਬਾਹਰ ਤੇ ਹੋਰ ਸੂਬਿਆਂ ਤੋਂ ਪੰਜਾਬ ਨੂੰ ਪ੍ਰਵਾਸ ਕਰਨ ਨੂੰ ਖਤਰਨਾਕ ਰੁਝਾਨ ਦੱਸਦਿਆਂ ਸਿਧਾਣਾ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿੱਚ ਰਹਿਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਤੋਂ ਬਾਹਰ ਵਿਕਸਤ ਦੇਸ਼ਾਂ ਵਿੱਚ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹਨ।

ਵਿਧਾਇਕ ਸੁਖਪਾਲ ਸਿੰਘ ਖਹਿਰਾ

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਾਦਲ ਪਰਿਵਾਰ ਉੱਤੇ ਵਰਦਿਆਂ ਉਹਨਾਂ ‘ਤੇ ਬੇਅਦਬੀ ਦਾ ਇਲਜ਼ਾਮ ਲਗਾਇਆ ਤੇ  ਕਿਹਾ ਕਿ ਜੇਕਰ ਸ਼ੁਰੂਆਤ ਵਿੱਚ ਹੀ ਪੁਲਿਸ ਸਹੀ ਕਾਰਵਾਈ ਕਰਦੀ ਤਾਂ ਗੱਲ ਇਥੋਂ ਤੱਕ ਨਹੀਂ ਸੀ ਆਉਣੀ ਪਰ ਅਕਾਲੀ ਦਲ ਦੇ ਦਖਲ ਨੇ ਇਸ ਸਾਰੀ ਕਾਰਵਾਈ ਨੂੰ ਪ੍ਰਭਾਵਿਤ ਕੀਤਾ ਤੇ ਸਹੀ ਇਨਸਾਫ਼ ਨਹੀਂ ਹੋਣ ਦਿੱਤਾ। ਆਪਣੀ ਸਰਕਾਰ ‘ਤੇ ਵਰਦਿਆਂ ਉਹਨਾਂ ਕਿਹਾ ਕਿ ਕਾਂਗਰਸ ਵੇਲੇ ਵੀ ਇਨਸਾਫ਼ ਨਹੀਂ ਹੋਇਆ ਹੈ। ਇਸ ਤੋਂ ਬਾਅਦ ਵੀ ਐਸਆਈਟੀਆਂ ਲਗਾਤਾਰ ਬਣਦੀਆਂ ਰਹੀਆਂ ਪਰ ਕੋਈ ਇਨਸਾਫ਼ ਨਹੀਂ ਹੋਇਆ। ਇਥੋਂ ਤੱਕ ਕਿ ਕਈ ਮੁਲਜ਼ਮ ਅਦਾਲਤਾਂ ਵਿੱਚ ਜਾ ਕੇ ਜ਼ਮਾਨਤਾਂ ਵੀ ਲੈ ਗਏ।

ਖਹਿਰਾ ਨੇ ਕਿਹਾ ਕਿ ਅਸਲ ਵਿੱਚ ਇਨਸਾਫ਼ ਦੀ ਕਹਾਣੀ ਸਾਦੀ ਜਿਹੀ ਸੀ ਕਿ ਦੋਸ਼ੀ ਨੂੰ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਪਰ ਐਦਾਂ ਨਹੀਂ ਹੋਈ। ਡੇਰਾ ਸਾਧ ਤੋਂ ਬੇਅਦਬੀਆਂ ਦੀ ਸ਼ੁਰੂਆਤ ਹੋਈ ਤੇ ਉਸ ‘ਤੇ ਪਰਚਾ ਦਰਜ ਹੋ ਗਿਆ,ਅਦਾਲਤ ਵਿੱਚ ਉਸ ਦਾ ਚਲਾਨ ਵੀ ਪੇਸ਼ ਹੋਣ ਲੱਗਾ ਸੀ ਪਰ ਬਾਦਲ ਸਰਕਾਰ ਨੇ ਚੋਣਾਂ ਵਿੱਚ ਵੋਟਾਂ ਲੈਣ ਹਿੱਤ ਸਮਝੌਤਾ ਕਰ ਲਿਆ ਤੇ ਚਲਾਨ ਪੇਸ਼ ਨਹੀਂ ਹੋਣ ਦਿੱਤਾ। ਅਕਾਲੀ ਦਲ,ਡੇਰਾ ਸਾਧ ਤੋਂ ਉਸ ਤੋਂ ਮਗਰੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਧ ਨੂੰ ਦਿੱਤੀ ਗਈ ਮਾਫ਼ੀ,ਇਹ ਸਾਰੇ ਤੱਥ ਬੇਅਦਬੀ ਲਈ ਜਿੰਮੇਵਾਰ ਹਨ।

ਖਹਿਰਾ ਨੇ ਇਹ ਵੀ ਸਵਾਲ ਕੀਤਾ ਕਿ ਕਿ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਦਾਅਵਾ ਕਰਦੇ ਸੀ ਕਿ ਪੰਜਾਬ ਵਿੱਚ ਹੋਣ ਵਾਲੀ ਹਰ ਘਟਨਾ ਤੇ ਉਹਨਾਂ ਦੀ ਅੱਖ ਹੈ ਪਰ ਫਿਰ ਉਹਨਾਂ ਨੂੰ ਕੋਟਕਪੂਰਾ ਵਿੱਚ ਸੰਗਤ ਤੇ ਕੀਤਾ ਗਿਆ ਲਾਠੀਚਾਰਜ ਕਿਉਂ ਨਹੀਂ ਦਿਖਾਈ ਦਿੱਤਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਜਸਟਿਸ ਰਣਜੀਤ ਸਿੰਘ ਵਾਲੀ ਐਸਆਈਟੀ ਸਾਹਮਣੇ ਸਾਬਕਾ ਡੀਆਈਜੀ ਸੁਮੇਧ ਸਿੰਘ ਸੈਣੀ ਨੇ ਇਹ ਮੰਨਿਆ ਸੀ ਕਿ 14 ਅਕਤੂਬਰ ਨੂੰ ਤੜਕੇ 2 ਵਜੇ ਉਸ ਨੂੰ ਮੁੱਖ ਮੰਤਰੀ ਦੀ ਕਾਲ ਆਈ ਸੀ ਤੇ ਉਸ ਮਗਰੋਂ ਹੀ ਗੋਲੀਬਾਰੀ ਹੋਈ ਸੀ।

30 ਨਵੰਬਰ ਨੂੰ ਇਨਸਾਫ ਮੋਰਚੇ ਨੇ ਐਲਾਨ ਕੀਤਾ ਸੀ ਕਿ ਉਹ 15 ਦਸੰਬਰ ਨੂੰ ਨਵੀਂ ਰਣਨੀਤੀ ਦਾ ਐਲਾਨ ਕਰਨਗੇ। ਸਵੇਰ ਤੋਂ ਹੀ ਮੋਰਚੇ ਵਿੱਚ ਸਿੱਖ ਆਗੂਆਂ ਦੇ ਵਿਚਾਲੇ ਅਗਲੀ ਰਣਨੀਤੀ ਲਈ ਚਰਚਾ ਚੱਲ ਰਹੀ ਸੀ ਜਿਸ ਤੋਂ ਬਾਅਦ ਫੈਸਲਾ ਲਿਆ ਹੈ ਕਿ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਜਾਵੇ।

ਚੋਣਾਂ ਤੋਂ ਠੀਕ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਬਣਨ ‘ਤੇ 24 ਘੰਟਿਆਂ ਦੇ ਅੰਦਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਵੇਗੀ ਪਰ 9 ਮਹੀਨੇ ਬੀਤ ਜਾਣ ਦੇ ਬਾਵਜੂਦ ਹੁਣ ਤੱਕ SIT ਜਾਂਚ ਹੀ ਕਰ ਰਹੀਆਂ ਹਨ। ਸੁਖਬੀਰ ਬਾਦਲ ਤੋਂ 2 ਵਾਰ SIT ਜਾਂਚ ਕਰ ਚੁੱਕੀ ਹੈ। ਪਰ ਕੋਈ ਵੀ ਠੋਸ ਨਤੀਜਾ ਨਹੀਂ ਨਿਲਕਿਆ ਹੈ। 2021 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਕੁੰਵਰ ਵਿਜੇ ਪ੍ਰਤਾਪ ਦੀ SIT ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਦੇ ਲਈ 2 ਵੱਖ-ਵੱਖ SIT ਬਣਾਈਆਂ ਸਨ। ਅਦਾਲਤ ਨੇ 6 ਮਹੀਨੇ ਦੇ ਅੰਦਰ ਰਿਪੋਟਰ ਸੌਂਪਣ ਦੇ ਨਿਰਦੇਸ਼ ਦਿੱਤੇ ਸਨ। ਪਰ SIT ਹੁਣ ਤੱਕ ਅੰਤਰਿਮ ਰਿਪੋਰਟ ਹੀ ਸੌਂਪ ਸਕੀ ਹੈ।

2 ਕਮਿਸ਼ਨਾਂ ਅਤੇ 3 SIT ਵਿੱਚ ਉਲਝਿਆ ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਵਿੱਚ ਕਦੋਂ ਇਨਸਾਫ ਮਿਲੇਗਾ, ਇਹ ਵੱਡਾ ਸਵਾਲ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤੀਜੀ ਸਰਕਾਰ ਬੇਅਦਬੀ ਦਾ ਇਨਸਾਫ ਦਿਵਾਉਣ ਲਈ ਬਣੀ ਹੈ ਪਰ ਨਤੀਜਾ ਹੁਣ ਵੀ ਸਿਫਰ ਹੈ।