Punjab

ਜ਼ੀਰਾ ਮੋਰਚੇ ‘ਤੇ ਬਣੇ ਤਨਾਅਪੂਰਨ ਹਾਲਾਤ,ਕਿਸਾਨ-ਪ੍ਰਸ਼ਾਸਨ ਆਹਮੋ-ਸਾਹਮਣੇ,ਇੱਕ ਵਾਰ ਫਿਰ ਬਿਖਰੇ ਪੁਲਿਸ ਦੇ ਬੈਰੀਕੇਡ

ਜ਼ੀਰਾ : ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਇਲਾਕੇ ਵਿੱਚ ਚੱਲ ਰਹੇ ਰੋਸ ਧਰਨੇ ਦੇ ਵਿੱਚ ਅੱਜ ਕਾਫੀ ਅਹਿਮ ਦਿਨ ਹੈ ਕਿਉਂਕਿ ਅੱਜ ਹਾਈਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੈ।ਇਸ ਦੌਰਾਨ ਅੰਮ੍ਰਿਤਸਰ-ਬਠਿੰਡਾ ਹਾਈਵੇਅ ‘ਤੇ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਇਥੇ ਪੁਲਿਸ ਤੇ ਕਿਸਾਨਾਂ ਵਿਚਾਲੇ ਝੜੱਪ ਹੋਈ ਹੈ।ਪੁਲਿਸ ਵਲੋਂ ਹਾਈਵੇਅ ਤੋਂ ਪਿੰਡ ਵਾਲਾ ਲਿੰਕ ਰੋਡ ਬੰਦ ਕਰ ਦਿੱਤਾ ਗਿਆ ਸੀ ਤੇ ਪੂਰੀ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਸੀ ਕਿ ਆ ਰਹੇ ਜੱਥਿਆਂ ਤੇ ਆਮ ਲੋਕਾਂ ਨੂੰ ਫੈਕਟਰੀ ਵਾਲੇ ਰਾਹ ਪੈਣ ਤੋਂ ਰੋਕਿਆ ਜਾ ਸਕੇ ।

ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇੱਕ ਵੱਡਾ ਕਾਫਲਾ ਧਰਨੇ ਵਾਲੀ ਜਗਾ ‘ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਿਸ ਵਲੋਂ ਰੋਕੇ ਜਾਣ ਤੇ ਹਾਲਾਤ ਕਾਫੀ ਤਨਾਅਪੂਰਨ ਬਣ ਗਏ ਤੇ ਪੁਲਿਸ ਵੱਲੋਂ ਕੀਤੀ ਗਈ ਬੈਰੀਕੈਂਡੀਂਗ ਵੀ ਕਿਸਾਨਾਂ ਨੇ ਤੋੜ ਦਿੱਤੀ ਗਈ ਹੈ ਤੇ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਸਭ ਤੋਂ ਅੱਗੇ ਚੱਲ ਰਹੀ ਗੱਡੀ ਦਾ ਸ਼ੀਸ਼ਾ ਵੀ ਭੰਨ ਦਿੱਤਾ ਗਿਆ।

ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਕਰਨ ਦੀ ਹੁਕਮ ਜਾਰੀ ਹੋ ਗਏ ਸਨ ਪਰ ਕਿਸਾਨ ਡਟੇ ਰਹੇ ਤੇ ਆਖਰ ਬੀਕੇਯੂ ਸਿੱਧੂਪੁਰ ਕਿਸਾਨ ਯੂਨੀਅਨ ਦਾ ਜੱਥਾ ਜ਼ੀਰਾ ਸਾਂਝਾ ਮੋਰਚਾ ਵਿਖੇ ਬੈਰੀਕੇਡ ਤੋੜ ਕੇ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਹੋ ਗਿਆ ਹੈ।

ਸਰਕਾਰ ਤੇ ਪ੍ਰਸ਼ਾਸਨ ਨੇ ਭਾਵੇਂ ਪੂਰੀ ਕੋਸ਼ਿਸ਼ ਕੀਤੀ ਸੀ ਇਸ ਧਰਨੇ ਨੂੰ ਹਟਾਉਣ ਦੀ ਪਰ ਲੋਕਾਂ ਦਾ ਰੋਹ ਹੋਰ ਵੀ ਭੜਕ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਵੀ ਇਸ ਮੋਰਚੇ ਨੂੰ ਮਿਲ ਰਿਹਾ ਹੈ। ਵੱਡੀ ਗਿਣਤੀ ਵਿੱਚ ਕਾਫਲੇ ਧਰਨੇ ਵਾਲੀ ਜਗਾ ‘ਤੇ ਪਹੁੰਚ ਰਹੇ ਹਨ। ਕੱਲ ਲੱਖੇ ਸਿਧਾਣੇ ਵੱਲੋਂ ਮਦਦ ਦੀ ਕੀਤੀ ਅਪੀਲ ਤੋਂ ਬਾਅਦ ਕੱਲ ਖਾਲਸਾ ਐਡ ਦੀ ਮਦਦ ਵੀ ਉਥੇ ਪਹੁੰਚ ਚੁੱਕੀ ਹੈ ।

ਇਸ ਤੋਂ ਇਲਾਵਾ ਇੱਕ ਹਰ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ,ਗੁਰੂਦੁਆਰਾ ਸ੍ਰੀ ਬਾਬਾ ਬਾਠਾ ਵਾਲਾ ਸਾਹਿਬ ਜੀ ਮੱਖੂ,ਫਿਰੋਜਪੁਰ ਵਿੱਖੇ ਚੱਲ ਰਹੀ ਹੈ।