Punjab

ਦਵਾਈਆਂ ਦੀਆਂ ਕੀਮਤਾਂ ਨੂੰ ਨੱਥ ਪਾਉਣ ਵੱਲ ਹੋਈ ਸੂਬਾ ਸਰਕਾਰ, ਕਰੇਗੀ ਆਹ ਕਾਰਵਾਈ

ਚੰਡੀਗੜ੍ਹ : ਦਵਾਈਆਂ ਦੀਆਂ ਵੱਧ ਕੀਮਤਾਂ ਕਾਰਣ ਆਮ ਲੋਕਾਂ ਦੀ ਨਿੱਤ ਹੁੰਦੀ ਲੁੱਟ ਖਸੁਟ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਮੀਟਿੰਗ ਸੱਦੀ ,ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਮਹਿੰਗੀਆਂ ਗ਼ੈਰ-ਸੂਚੀਬੱਧ ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਹੇਠ ਲਿਆਉਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖੇਗੀ।

ਸਪੀਕਰ ਨੇ ਕਿਹਾ ਕਿ ਦਵਾਈਆਂ ਦੀਆਂ ਕੀਮਤਾਂ ਤੈਅ ਕਰਨਾ ਕੇਂਦਰ ਦਾ ਵਿਸ਼ਾ ਹੈ। ਇਸ ਮੌਕੇ ਵਿਧਾਇਕਾਂ ਤੇ ਮੀਟਿੰਗ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੇ ਦਵਾਈਆਂ ਦੀਆਂ ਅਸਲ ਤੇ ਐਮਆਰਪੀ ਕੀਮਤਾਂ ਵਿੱਚ 90 ਫ਼ੀਸਦੀ ਤੱਕ ਦਾ ਫ਼ਰਕ ਹੋਣ ਦੇ ਦਾਅਵੇ ਪੇਸ਼ ਕੀਤੇ ਤੇ ਇਸ ਸੰਬੰਧ ਵਿੱਚ ਸਬੂਤਾਂ ਨੂੰ ਵੀ ਸਾਰਿਆਂ ਦੇ ਸਾਹਮਣੇ ਰੱਖਿਆ ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਗ਼ੈਰ-ਸੂਚੀਬੱਧ ਦਵਾਈਆਂ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਕੇਂਦਰ ਸਰਕਾਰ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਪੱਤਰ ਲਿਖੇਗੀ। ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਭਾਰਤੀ ਮੈਡੀਕਲ ਐਸੋਸੀਏਸ਼ਨ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਕੀਮਤਾਂ ਦਾ ਮੁੱਦਾ ਕੇਂਦਰ ਕੋਲ ਉਠਾਏ। ਡਾ. ਚਰਨਜੀਤ ਸਿੰਘ ਪਰੂਥੀ ਨੇ ਜੈਨੇਰਿਕ ਦਵਾਈਆਂ ਦੀ ਪੁਖਤਗੀ ਹੋਰ ਬਿਹਤਰ ਕਰਨ, ਸਮਾਜ ਸੇਵੀ ਇੰਜਨੀਅਰ ਜਸਕੀਰਤ ਸਿੰਘ ਨੇ ਮਰੀਜ਼ਾਂ ਦੇ ਇਲਾਜ ਤੋਂ ਪਹਿਲਾਂ ਹੁੰਦੇ ਟੈਸਟਾਂ ਦੀਆਂ ਕੀਮਤਾਂ ’ਤੇ ਧਿਆਨ ਦੇਣ ਅਤੇ ਮਿਆਰੀ ਟੈਸਟਿੰਗ ਦਾ ਮੁੱਦਾ ਚੁੱਕਿਆ।ਇਸ ਤੋਂ ਇਲਾਵਾ ਦਵਾਈਆਂ ਦੀਆਂ ਕੀਮਤਾਂ ਦੇ ਨਾਲ ਸੰਬੰਧਤ ਹੋਰ ਵੀ ਕਈ ਗੰਭੀਰ ਮੁੱਦਿਆਂ ‘ਤੇ ਵਿਚਾਰਾਂ ਹੋਈਆਂ ਤੇ ਤੱਥਾਂ ਨੂੰ ਪੇਸ਼ ਕੀਤਾ ਗਿਆ।