India Punjab

ਦੇਸ਼ ਦੇ ਉੱਤਰੀ ਖਿੱਤੇ ਵਿੱਚ ਬਦਲੇ ਮੌਸਮ ਦੇ ਰੰਗ,ਕਿਤੇ ਮੀਂਹ ਤੇ ਕਿਧਰੇ ਤਾਪਮਾਨ ਵਿੱਚ ਵਾਧਾ

ਚੰਡੀਗੜ੍ਹ : ਦੇਸ਼ ਦੇ ਉੱਤਰੀ ਖਿੱਤੇ ਵਿੱਚ ਸਰਦ ਰੁੱਤ ਦੀ ਸਮਾਪਤੀ ਹੋਣ ਜਾ ਰਹੀ ਹੈ ਪਰ ਮੌਸਮ ਵਿੱਚ ਗੜਬੜੀ ਹੋਣ ਕਾਰਣ ਫਰਵਰੀ ਮਹੀਨੇ ਦਾ ਆਖਰੀ ਦਿਨਾਂ ਵਿੱਚ ਹੀ ਜਿੱਥੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਵੱਧਣਾ ਸ਼ੁਰੂ ਹੋ ਗਿਆ ਹੈ,ਉਥੇ ਪਹਾੜਾਂ ਵਿੱਚ ਬਰਫ਼ਬਾਰੀ ਅਤੇ ਗੜੇਮਾਰੀ ਹੋਈ ਹੈ। ਹਿਮਾਚਲ ਦੇ 4 ਜ਼ਿਲ੍ਹਿਆਂ ਲਾਹੌਲ ਸਪਿਤੀ, ਕੁੱਲੂ, ਕਿਨੌਰ ਅਤੇ ਚੰਬਾ ਵਿੱਚ ਬਰਫ਼ਬਾਰੀ ਦੇ ਨਾਲ ਨਾਲ ਸ਼ਿਮਲਾ ਵਿੱਚ ਗੜੇਮਾਰੀ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਨੀਵੇਂ ਇਲਾਕਿਆਂ ‘ਚ ਮੀਂਹ ਵੀ ਪਿਆ ਹੈ ,ਜਿਸ ਕਾਰਨ ਤਾਪਮਾਨ ਕਰੀਬ 10 ਡਿਗਰੀ ਘੱਟ ਗਿਆ ਹੈ।

ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਲਾਹੌਲ ਸਪਿਤੀ ਨੂੰ ਜੋੜਨ ਵਾਲੇ ਰੋਹਤਾਂਗ ਪਾਸ ਅਤੇ ਅਟਲ ਸੁਰੰਗ ਰੋਹਤਾਂਗ ਦੇ ਕੋਲ ਕੱਲ ਤੋਂ ਹੀ ਬਰਫਬਾਰੀ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਅਟਲ ਸੁਰੰਗ ਰੋਹਤਾਂਗ ਨੇੜੇ ਰੋਹਤਾਂਗ ਦੱਰੇ ‘ਚ ਕਰੀਬ 3 ਇੰਚ ਬਰਫਬਾਰੀ ਹੋਈ ਹੈ। ਇਸ ਤੋਂ ਇਲਾਵਾ ਢੁੱਢੀ ਅਤੇ ਸੋਲਾਂਗਣਾ ਵਿੱਚ ਵੀ ਬਰਫਬਾਰੀ ਸ਼ੁਰੂ ਹੋ ਗਈ ਹੈ।

ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ। ਹਰਿਆਣਾ ‘ਚ ਗਰਮੀ ਦਾ ਕਹਿਰ ਜਾਰੀ ਹੈ। ਹਰਿਆਣਾ ਦੇ ਨਾਰਨੌਲ ਵਿੱਚ ਮੰਗਲਵਾਰ ਨੂੰ ਦਿਨ ਦਾ ਤਾਪਮਾਨ 35 ਡਿਗਰੀ ਤੱਕ ਪਹੁੰਚ ਗਿਆ। ਪੰਜਾਬ ਦੇ ਇਸ ਗੁਆਂਢੀ ਸੂਬੇ ‘ਚ ਮੌਸਮ ਲਗਾਤਾਰ ਗਰਮ ਹੋ ਰਿਹਾ ਹੈ। ਬੀਤੇ ਦਿਨ ਨਾਰਨੌਲ ਵਿੱਚ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਨਾਲੋਂ 10 ਡਿਗਰੀ ਵੱਧ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਕਾਰਨ ਹਰਿਆਣਾ ਵਿੱਚ ਔਸਤ ਦਿਨ ਦੇ ਤਾਪਮਾਨ ਵਿੱਚ 1.2 ਡਿਗਰੀ ਦੀ ਕਮੀ ਆਈ ਹੈ। ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 5.4 ਡਿਗਰੀ ਵੱਧ ਹੈ।

ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਤਿੰਨ ਦਿਨ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ 25 ਫਰਵਰੀ ਨੂੰ ਪੱਛਮੀ ਗੜਬੜੀ ਦਾ ਅਸਰ ਕਾਰਣ ਦਿਨ ਦੇ ਤਾਪਮਾਨ ‘ਚ ਦੋ ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਹੁਣ ਰਾਜਸਥਾਨ ਅਤੇ ਗੁਜਰਾਤ ਤੋਂ ਆਉਣ ਵਾਲੀਆਂ ਹਵਾਵਾਂ ਘੱਟ ਹੋਣਗੀਆਂ। ਇਸ ਕਾਰਨ ਦਿਨ ਦਾ ਤਾਪਮਾਨ ਦੋ ਡਿਗਰੀ ਘੱਟ ਜਾਵੇਗਾ। ਉੱਤਰੀ-ਪੱਛਮੀ ਹਵਾ ਮੁੜ ਵਗ ਸਕਦੀ ਹੈ। ਦੂਜੇ ਪਾਸੇ ਹਿਮਾਚਲ ਵਿੱਚ ਬੁੱਧਵਾਰ ਤੋਂ 24 ਫਰਵਰੀ ਤੱਕ ਮੌਸਮ ਸਾਫ਼ ਰਹੇਗਾ। 25 ਫਰਵਰੀ ਨੂੰ ਦਰਮਿਆਨੇ ਅਤੇ ਉੱਚਾਈ ਵਾਲੇ ਖੇਤਰਾਂ ਵਿੱਚ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।