Punjab

ਪੰਜਾਬ ’ਚ ਪੈ ਰਿਹਾ ਮੀਂਹ ਤੇ ਗੜੇਮਾਰੀ, ਫ਼ਸਲਾਂ ਦਾ ਭਾਰੀ ਨੁਕਸਾਨ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਬਦਲ ਗਿਆ ਹੈ। ਮੌਸਮ ਵਿਭਾਗ ਮੁਤਾਬਕ ਬੱਦਲ ਗਰਜਣ ਦੇ ਨਾਲ ਕਈ ਥਾਵਾਂ ‘ਤੇ ਮੀਂਹ ਅਤੇ ਗੜੇਮਾਰੀ ਪਈ ਹੈ। ਅੰਮ੍ਰਿਤਸਰ ਤੇ ਜਲੰਧਰ ਵਿੱਚ ਮੀਂਹ ਤੇ ਫਿਰੋਜ਼ਪੁਰ ਤੋਂ ਗੜੇਮਾਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਦਾ ਕਿਸਾਨਾਂ ਦੀਆਂ ਫਸਲਾਂ ’ਤੇ ਮਾੜਾ ਅਸਰ ਵੇਖਣ ਨੂੰ ਮਿਲ ਸਕਦਾ ਹੈ।

ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ ਹਨ। ਅਜਿਹਾ ਵੈਸਟਰਨ ਡਿਸਟਰਬੈਂਸ ਕਾਰਨ ਹੋ ਰਿਹਾ ਹੈ ਜੋ ਹਾਲ ਹੀ ਵਿੱਚ ਸਰਗਰਮ ਹੋਈ ਹੈ। ਪਹਿਲਾਂ 18 ਤੋਂ 20 ਅਪ੍ਰੈਲ ਤੱਕ 3 ਦਿਨ ਮੀਂਹ ਪੈਣ ਦੀ ਭਵਿੱਖਬਾੜੀ ਸੀ, ਪਰ ਮੌਸਮ ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਹੁਣ 23 ਅਪ੍ਰੈਲ ਤੱਕ ਮੌਸਮ ਸਾਫ਼ ਰਹੇਗਾ।

ਉੱਧਰ ਪੰਜਾਬ ਦੇ ਅੱਜ ਦੇ ਘੱਟੋ-ਘੱਟ ਤਾਪਮਾਨ ਵਿੱਚ ਦੂਜੇ ਦਿਨ 2.9 ਡਿਗਰੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਦਾ ਅਸਰ ਪੰਜਾਬ ਦੇ ਹਰ ਜ਼ਿਲ੍ਹੇ ‘ਤੇ ਨਜ਼ਰ ਆ ਰਿਹਾ ਹੈ। ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 20 ਤੋਂ ਵੱਧ ਦਰਜ ਕੀਤਾ ਗਿਆ ਹੈ। ਇਸ ਵਾਰ ਦੀਆਂ ਗਰਮੀਆਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ। ਸਭ ਤੋਂ ਘੱਟ ਤਾਪਮਾਨ ਸੰਗਰੂਰ ਦਾ 21 ਡਿਗਰੀ ਹੈ, ਜਦਕਿ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 25 ਡਿਗਰੀ ਹੈ।

ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਦੀ ਭਵਿੱਖਬਾਣੀ ਹੈ, ਪਰ ਘੱਟੋ-ਘੱਟ ਤਾਪਮਾਨ ਵਿੱਚ ਇੱਥੇ ਵੀ 2.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਿਸਾਰ ਵਿੱਚ ਸਭ ਤੋਂ ਘੱਟ 20 ਡਿਗਰੀ ਤਾਪਮਾਨ ਰਿਹਾ, ਜਦਕਿ ਕਰਨਾਲ ਤੇ ਰੋਹਤਕ ਵਿੱਚ ਸਭ ਤੋਂ ਵੱਧ 25 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹੈ।

ਹਿਮਾਚਲ ਵਿੱਚ ਅੱਜ ਤੇਜ਼ ਮੀਂਹ ਦਾ ਅਲਰਟ ਹੈ। 20 ਅਪ੍ਰੈਲ ਲਈ ਤੇਜ਼ ਤੂਫ਼ਾਨ ਦੀ ਚੇਤਾਵਨੀ ਹੈ ਜਦਕਿ 21 ਤੋਂ 23 ਅਪ੍ਰੈਲ ਵਿਚਾਲੇ ਪੱਛਮੀ ਗੜਬੜੀ ਕਮਜ਼ੋਰ ਹੋਵੇਗੀ। ਪਰ ਇਸ ਦੌਰਾਨ ਵੀ ਕੁਝ ਇਲਾਕਿਆਂ ਵਿੱਚ ਗੜੇਮਾਰੀ ਅਤੇ ਮੀਂਹ ਪਏਗਾ।

ਉਧਰ ਮੱਧ ਪ੍ਰਦੇਸ਼ ਦੇ 20 ਸ਼ਹਿਰਾਂ ਦਾ ਤਪਾਮਾਨ 40 ਡਿਗਰੀ ਤੋਂ ਵਧ ਗਿਆ ਹੈ। ਸੀਜ਼ਨ ਵਿੱਚ ਪਹਿਲੀ ਵਾਰ ਇੰਨੀ ਗਰਮੀ ਪਈ ਹੈ। 2 ਦਿਨ ਅਜਿਹਾ ਹੀ ਮੌਸਮ ਰਹੇਗਾ ਫਿਰ ਹਨੇਰੀ ਅਤੇ ਮੀਂਹ ਦੀ ਭਵਿੱਖਬਾਣੀ ਹੈ।

ਰਾਜਸਥਾਨ ਦੇ 13 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਅਤੇ ਹਨੇਰੀ ਦਾ ਅਲਟਰ ਹੈ। ਇਸ ਦੌਰਾਨ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।