Punjab

ਪੰਜਾਬ ਦੇ ਸਰਕਾਰੀ ਹਸਪਤਾਲ ਦੀ ਖੁੱਲ੍ਹੀ ਪੋਲ! ਤਪਦੀ ਧੁੱਪ ‘ਚ ਮਰੀਜ਼ ਪਿਤਾ ਨੂੰ ਸਬਜ਼ੀ ਵਾਲੀ ਰੇਹੜੀ ’ਤੇ ਘਰ ਲੈ ਗਿਆ ਪੁੱਤ!

Fazilka Man Takes Father Home on thela After Ambulance Denial at District Civil Hospital

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦਾ ਫੋਕਸ ਸਿਹਤ ਅਤੇ ਸਿੱਖਿਆ ਨੂੰ ਦੱਸਦੇ ਹਨ ਪਰ ਫਾਜ਼ਿਲਕਾ ਤੋਂ ਜਿਹੜੀ ਤਸਵੀਰ ਸਾਹਮਣੇ ਆਈ ਹੈ, ਉਹ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਹੈ। ਸਿਵਲ ਹਸਪਤਾਲ ਇੱਕ ਸ਼ਖਸ ਆਪਣੇ ਮਰੀਜ਼ ਪਿਤਾ ਨੂੰ ਰੇਹੜੀ ’ਤੇ ਪਾ ਕੇ ਆਪਣੇ ਘਰ ਲੈ ਕੇ ਗਿਆ, ਕਿਉਂਕਿ ਸਰਕਾਰੀ ਹਸਪਤਾਲ ਵਿੱਚ ਐਂਬੂਲੈਂਸ ਦੇਣੋਂ ਇਨਕਾਰ ਕਰ ਦਿੱਤਾ ਗਿਆ।

ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ 2 ਦਿਨ ਪਹਿਲਾਂ ਪ੍ਰੇਮ ਕੁਮਾਰ ਨਾਂ ਦੇ ਇਸ ਬਜ਼ੁਰਗ ਮਰੀਜ਼ ਨੂੰ ਦਾਖ਼ਲ ਕਰਵਾਇਆ ਗਿਆ ਸੀ। ਇਹ ਪਿੰਡ ਝੀਵੜਾ ਦੇ ਵਸਨੀਕ ਹਨ ਤੇ ਘਰ ਵਿੱਚ ਡਿੱਗਣ ਕਰਕੇ ਉਨ੍ਹਾਂ ਦੀ ਕਮਰ ਵਿੱਚ ਫਰੈਕਚਰ ਹੋ ਗਿਆ ਸੀ। ਇਸੇ ਲਈ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਜਦ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਛੁੱਟੀ ਦਿੱਤੀ ਤਾਂ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ ਗਈ।

ਮਰੀਜ਼ ਪ੍ਰੇਮ ਕੁਮਾਰ ਦੇ ਪੁੱਤਰ ਪਵਨ ਕੁਮਾਰ ਨੇ ਜਦ ਆਪਣੇ ਪਿਤਾ ਨੂੰ ਵਾਪਸ ਘਰ ਵਾਪਸ ਲੈ ਕੇ ਜਾਣ ਲਈ ਐਂਬੂਲੈਂਸ ਦੀ ਮੰਗ ਕੀਤੀ ਤਾਂ ਉਸ ਨੂੰ ਹਸਪਤਾਲ ਵੱਲੋਂ ਮਨ੍ਹਾ ਕਰ ਦਿੱਤਾ ਗਿਆ, ਬਲਕਿ ਪ੍ਰਾਈਵੇਟ ਐਂਬੂਲੈਂਸ ਬੁਲਾ ਕੇ ਮਰੀਜ਼ ਨੂੰ ਘਰ ਲੈ ਜਾਣ ਲਈ ਕਿਹਾ ਗਿਆ।

ਪਵਨ ਕੁਮਾਰ ਨੇ ਦੱਸਿਆ ਕਿ ਗ਼ਰੀਬ ਹੈ ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਪਿਤਾ ਨੂੰ ਨਿੱਜੀ ਐਂਬੂਲੈਂਸ ’ਤੇ ਘਰ ਖੜਨ ਲਈ ਉਸ ਕੋਲ ਪੈਸੇ ਨਹੀਂ ਸਨ। ਇਸੇ ਲਈ ਉਸ ਨੂੰ ਮਜਬੂਰਨ ਤਪਦੀ ਧੁੱਪ ਵਿੱਚ ਆਪਣੇ ਪਿਤਾ ਨੂੰ ਸਬਜ਼ੀ ਵਾਲੀ ਰੇਹੜੀ ’ਤੇ ਪਾ ਕੇ ਘਰ ਲਿਜਾਣਾ ਪਿਆ।

ਇਸ ਮਾਮਲੇ ਸਬੰਧੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਬਿਾਨ ਦਿੱਤਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਤਾ ਨਹੀਂ ਸੀ, ਮੀਡੀਆ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹ ਸਰਕਾਰੀ ਹਸਪਤਾਲ ਦੇ ਐਸ.ਐਮ.ਓ (SMO) ਨਾਲ ਗੱਲ ਕਰਕੇ ਮਾਮਲੇ ਦੀ ਜਾਂਚ ਕਰਨਗੇ।