Punjab

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਅਹੁਦੇਦਾਰ ਤਲਬ !

ਬਿਉਰੋ ਰਿਪੋਰਟ : ਦਿੱਲੀ ਦੇ ਕਰੋਲ ਬਾਗ ਇਲਾਕੇ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਈ ਭਾਗੋ ਕਰੋਲ ਬਾਗ ਦੇ 7 ਅਹੁਦੇਦਾਰਾਂ ਨੂੰ ਸ੍ਰੀ ਅਕਾਲ ਤਖ਼ਤ ਤਲਬ ਕੀਤਾ ਹੈ । ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰ ਜਾਰੀ ਕਰਕੇ 15 ਫਰਵਰੀ 2023 ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ । ਇਨ੍ਹਾਂ ਨੂੰ ਜੈਪੁਰ ਅਤੇ ਭੋਪਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਵਿੱਚ ਤਲਬ ਹੋਣ ਦੀ ਹਦਾਇਤ ਦਿੱਤੀ ਗਈ ਹੈ।

11 ਫਰਵਰੀ ਨੂੰ ਸ੍ਰੀ ਅਕਾਲ ਤਖਤ ਵੱਲੋਂ ਜਾਰੀ ਇੱਕ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੁਝ ਦਿਨ ਪਹਿਲਾਂ ਜਾਣਕਾਰੀ ਪੁੱਜੀ ਸੀ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਈ ਭਾਗੋ ਦੇ ਕਰੋਲ ਬਾਗ ਗੁਰਦੁਆਰੇ ਵੱਲੋਂ ਜੈਪੁਰ ਤੋਂ 16 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਾਪਤ ਕੀਤੇ ਹਨ । ਇਸ ਤੋਂ ਇਲਾਵਾ 10 ਫਰਵਰੀ ਨੂੰ ਇਨ੍ਹਾਂ ਨੇ ਬੱਸਾਂ ਰਾਹੀ ਭੋਪਾਲ ਤੋਂ 200 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਰ ਸਰੂਪ ਦਿੱਲੀ ਪਹੁੰਚਾਏ ਹਨ। ਜਿਸ ‘ਤੇ ਸਿੰਘ ਸਾਹਿਬ ਜੀ ਨੇ ਇਨ੍ਹਾਂ ਦਾ ਸਖਤ ਨੋਟਿਸ ਲੈਂਦਿਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਈ ਭਾਗੋ ਕਰੋਲ ਬਾਗ ਦੇ ਸੱਤ ਅਹੁਦੇਦਾਰਾਂ ਨੂੰ 15 ਫਰਵਰੀ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।

ਇਹ ਪੱਤਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਵੱਲੋਂ ਜਾਰੀ ਕੀਤਾ ਗਿਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭੋਪਾਲ ਅਤੇ ਜੈਪੁਰ ਤੋਂ ਕਿਸ ਮਕਸਦ ਨਾਲ ਬੁਲਾਏ ਗਏ ? ਕੀ ਸਰੂਪਾਂ ਨੂੰ ਲੈਕੇ ਕੋਈ ਬੇਅਦਬੀ ਦਾ ਮਾਮਲਾ ਹੈ? ਜਾਂ ਫਿਰ ਕੁਝ ਹੋਰ ਵਜ੍ਹਾ ਇਸ ਬਾਰੇ ਸ੍ਰੀ ਅਕਾਲ ਤਖ਼ਤ ਵੱਲੋਂ ਭੇਜੀ ਗਈ ਚਿੱਠੀ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।