Punjab

ਵਿਅਕਤੀ ਨੇ ਡੀਸੀ ਨੂੰ ਕੀਤੀ ਅਨੋਖੀ ਸ਼ਿਕਾਇਤ, ਐਸਡੀਐਮ ਕਰਨਗੇ ਜਾਂਚ

ਸੰਗਰੂਰ (Sangrur) ਦੇ ਇੱਕ ਵਿਅਕਤੀ ਨੇ ਡੀਸੀ (DC) ਨੂੰ ਛੋਲੇ ਭਟੂਰੇ ਦੀ ਥਾਲੀ ਦੀ ਕੀਮਤ ਵਿੱਚ ਵਾਧੇ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਵਿਅਕਤੀ ਨੇ ਸ਼ਿਕਾਇਤ ਵਿੱਚ ਕਿਹਾ ਕਿ ਰੇਹੜੀ ਵਾਲੇ ਛੋਲੇ ਭਟੂਰੇ ਦੀ ਕੀਮਤ ਲਗਾਤਾਰ ਵਧਾ ਰਹੇ ਹਨ। ਪਹਿਲਾਂ ਇਸ ਦੀ ਕੀਮਤ 20 ਰੁਪਏ ਸੀ, ਜਿਸ ਤੋਂ ਬਾਅਦ 10 ਰੁਪਏ ਵਧਾ ਕੇ ਕੀਮਤ 30 ਰੁਪਏ ਕਰ ਦਿੱਤੀ ਗਈ ਅਤੇ ਹੁਣ ਇਸ ਦੀ ਕੀਮਤ 40 ਰੁਪਏ ਹੈ। ਸ਼ਿਕਾਇਤਕਰਤਾ ਨੇ ਵੱਧ ਵਸੂਲੀ ਦਾ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। 2 ਹਫਤਿਆਂ ਬਾਅਦ ਡੀਸੀ ਜਤਿੰਦਰ ਜੋਰਵਾਲ ਨੇ ਐਸਡੀਐਮ ਨੂੰ ਜਾਂਚ ਕਰਨ ਲਈ ਕਿਹਾ ਹੈ।

ਬਿੰਦਰ ਸਿੰਘ ਨੇ ਦੱਸਿਆ ਕਿ ਉਹ 16 ਅਪਰੈਲ ਨੂੰ ਕੰਮ ’ਤੇ ਗਿਆ ਸੀ। ਗਰਮੀ ਕਾਰਨ ਉਸ ਦੀ ਦਾਲ ਖਰਾਬ ਹੋ ਗਈ। ਇਸ ਲਈ ਉਹ ਸੰਗਰੂਰ ਦੇ ਕੋਲਾ ਪਾਰਕ ਦੇ ਪਿੱਛੇ ਸਥਿਤ ਛੋਲੇ ਭਟੂਰੇ ਦੀ ਦੁਕਾਨ ‘ਤੇ ਗਿਆ। ਭਟੂਰੇ ਖਾਣ ਤੋਂ ਬਾਅਦ ਰੇਹੜੀ ਵਾਲੇ ਨੇ ਉਸ ਕੋਲੋਂ 40 ਰੁਪਏ ਮੰਗੇ। ਉਸ ਦੀ ਜੇਬ ਵਿੱਚ ਸਿਰਫ਼ 50 ਰੁਪਏ ਸਨ।

ਇਸ ਤੋਂ ਪਹਿਲਾਂ ਉਹ ਇੱਥੇ ਛੋਟੂ ਭਟੂਰੇ ਖਾ ਚੁੱਕਾ ਸੀ। ਇਸ ਦੌਰਾਨ ਉਸ ਨੇ 30 ਰੁਪਏ ਦਿੱਤੇ ਸਨ। ਪਹਿਲਾਂ ਪਲੇਟ ਦਾ ਰੇਟ 20 ਰੁਪਏ ਸੀ।ਉਕਤ ਵਿਅਕਤੀ ਨੇ ਕਿਹਾ ਕਿ ਦੁਕਾਨਦਾਰ ਮਨਮਾਨੇ ਢੰਗ ਨਾਲ ਕੀਮਤ ਵਧਾ ਰਹੇ ਹਨ। ਇਹ ਗਰੀਬਾਂ ਦੀਆਂ ਜੇਬਾਂ ‘ਤੇ ਡਾਕਾ ਹੈ।

ਐਸਡੀਐਮ ਨੇ ਕਿਹਾ- ਇਸ ਦੀ ਸੁਣਵਾਈ ਹੋਵੇਗੀ

ਐਸਡੀਐਮ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਛੋਲੇ ਭਟੂਰੇ ਦੁਕਾਨਦਾਰ ਖ਼ਿਲਾਫ਼ ਡੀਸੀ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੂੰ ਡੀ.ਸੀ.ਸਾਹਿਬ ਨੇ ਮਾਰਕ ਕਰਕੇ ਉਨ੍ਹਾਂ ਕੋਲ ਪਹੁੰਚਾਇਆ ਹੈ।  ਉਹ ਜਾਂਚ ਕਰ ਰਹੇ ਹਨ। ਸ਼ਿਕਾਇਤ ਛੋਟੀ ਹੋਵੇ ਜਾਂ ਵੱਡੀ, ਹਰ ਕੋਈ ਸਰਕਾਰ ਤੋਂ ਉਮੀਦਾਂ ਨਾਲ ਸ਼ਿਕਾਇਤ ਲੈ ਕੇ ਆਉਂਦਾ ਹੈ। ਇਹ ਇੱਕ ਅਨੋਖੀ ਸ਼ਿਕਾਇਤ ਹੈ। ਅਸੀਂ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਵਿਅਕਤੀ ਪ੍ਰਸ਼ਾਸਨ ਕੋਲ ਇਸ ਉਮੀਦ ਨਾਲ ਆਇਆ ਹੈ ਕਿ ਉਸ ਦੀ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ – ਜਲੰਧਰ ‘ਚ 9ਵੀਂ ਜਮਾਤ ਦੇ ਵਿਦਿਆਰਥੀ ‘ਤੇ ਜਾਨਲੇਵਾ ਹਮਲਾ