Punjab

ਸੁਖਬੀਰ ਬਾਦਲ ‘ਅੰਨ ਅਨਗਾਈਡਿਡ ਮਿਸਾਈਲ’ ਦਾ ਹੋਏ ਸ਼ਿਕਾਰ !ਸ਼੍ਰੀ ਅਕਾਲ ਤਖ਼ਤ ਪਹੁੰਚੀ ਸ਼ਿਕਾਇਤ

Jagmeet brar appeared before sri akal takhat jathedar

ਬਿਊਰੋ ਰਿਪੋਰਟ : ਜਗਮੀਤ ਬਰਾੜ ਜਦੋਂ ਕਾਂਗਰਸ ਵਿੱਚ ਸਨ ਤਾਂ ਅਕਸਰ ਸੁਖਬੀਰ ਬਾਦਲ ਉਨ੍ਹਾਂ ਨੂੰ ‘ਅੰਨ ਅਨਗਾਈਡਿਡ ਮਿਸਾਈਲ’ (unguided missile) ਦੇ ਨਾਂ ਨਾਲ ਬੁਲਾਉਂਦੇ ਸਨ । ਪਰ 2017 ਦੀਆਂ ਵਿਧਾਨਸਭਾ ਚੋਣਾਂ ਹਾਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਸੇ ‘ਅੰਨ ਅਨਗਾਈਡਿਡ ਮਿਸਾਈਲ’ ਯਾਨੀ ਜਗਮੀਤ ਬਰਾੜ ਨੂੰ ਉਨ੍ਹਾਂ ਦੇ ਘਰ ਵਿੱਚ ਜਾਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ । 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਸੁਖਬੀਰ ਬਾਦਲ ਇਸੇ ‘ਅੰਨ ਅਨਗਾਈਡਿਡ ਮਿਸਾਈਲ’ਦਾ ਆਪ ਸ਼ਿਕਾਰ ਬਣ ਗਏ ਹਨ । ਵਿਧਾਨਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਸ਼ਰਮਨਾਕ ਹਾਰ ਤੋਂ ਬਾਅਦ ਜਗਮੀਤ ਬਰਾੜ ਨੇ ਹੀ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਲੀਡਰਸ਼ਿੱਪ ‘ਤੇ ਸਵਾਲ ਚੁੱਕੇ ਸਨ। ਸੁਖਬੀਰ ਬਾਦਲ ਉਸੇ ਵਕਤ ਤੋਂ ਜਗਮੀਤ ਬਰਾੜ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਉਣਾ ਚਾਉਂਦੇ ਸਨ। ਹੁਣ ਅਕਾਲੀ ਦਲ ਦੀ ਅਨੁਸ਼ਾਸਨਿਕ ਕਮੇਟੀ ਨੇ ਉਨ੍ਹਾਂ ਨੂੰ 10 ਦਸੰਬਰ ਨੂੰ ਕਮੇਟੀ ਦੇ ਸਾਹਮਣੇ ਤਲਬ ਹੋਣ ਦੇ ਨਿਰਦੇਸ਼ ਦਿੱਤੇ ਹਨ ਤਾਂ ਇਸ ਤੋਂ ਪਹਿਲਾਂ ਹੀ ਜਗਮੀਤ ਬਰਾੜ ਨੇ ਨਵਾਂ ਸਿਆਸੀ ਦਾਅ ਖੇਡ ਕੇ ਸੁਖਬੀਰ ਬਾਦਲ ਨੂੰ ਹੀ ਦੁਬਿਧਾ ਵਿੱਚ ਪਾ ਦਿੱਤਾ ਹੈ ।

ਬਰਾੜ ਪਹੁੰਚੇ ਸ਼੍ਰੀ ਅਕਾਲ ਤਖ਼ਤ ਸਾਹਿਬ

ਅਕਾਲੀ ਦਲ ਦੇ ਆਗੂ ਜਗਮੀਤ ਬਰਾੜ 10 ਦਸੰਬਰ ਨੂੰ ਅਨੁਸ਼ਾਸਨਿਕ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਾਹਮਣੇ ਆਪਣੀ ਅਰਜ਼ੀ ਲੈਕੇ ਪਹੁੰਚ ਗਏ । ਜਥੇਦਾਰ ਸਾਹਿਬ ਨੂੰ ਦਿੱਤੀ ਚਿੱਠੀ ਵਿੱਚ ਜਗਮੀਤ ਬਰਾੜ ਨੇ ਬਿਨਾਂ ਸੁਖਬੀਰ ਬਾਦਲ ਦਾ ਨਾਂ ਲਏ ਉਨ੍ਹਾਂ ‘ਤੇ ਜਮ ਕੇ ਹਮਲਾ ਕੀਤਾ । ਉਨ੍ਹਾਂ ਕਿਹਾ ਆਗੂ ਵੱਜੋਂ ਨਹੀਂ ਬਲਕਿ ਸੱਚੇ ਸਿੱਖ ਹੋਣ ਦੇ ਨਾਤੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲਣ ਪਹੁੰਚੇ ਸਨ । ਉਨ੍ਹਾਂ ਕਿਹਾ ਕੁਝ ਲੋਕ ਪਾਰਟੀ ਵਿੱਚ ਉਨ੍ਹਾਂ ਦੇ ਖਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਮੇਰੀਆਂ ਪੇਸ਼ੀਆਂ ਉਨ੍ਹਾਂ ਲੋਕਾਂ ਦੇ ਸਾਹਮਣੇ ਕਰਵਾਈ ਜਾ ਰਹੀ ਹੈ ਜਿੰਨਾਂ ‘ਤੇ ਬੇਅਦਬੀ ਅਤੇ ਕਰੋੜਾਂ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ। ਸਾਫ਼ ਸੀ ਬਰਾੜ ਦੇ ਨਿਸ਼ਾਨੇ ‘ਤੇ ਸੁਖਬੀਰ ਬਾਦਲ ਅਤੇ ਸਿਕੰਦਰ ਸਿੰਘ ਮਲੂਕਾ ਸਨ । ਉਹ ਅਸਿੱਧੇ ਤੌਰ ‘ਤੇ ਸੁਖਬੀਰ ਬਾਦਲ ‘ਤੇ ਬੇਅਦਬੀ ਦੇ ਇਲਜ਼ਾਮ ਲੱਗਾ ਰਹੇ ਸਨ। ਇਸ ਤੋਂ ਇਲਾਵਾ ਅਨੁਸ਼ਾਸਨਿਕ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਉਨ੍ਹਾਂ ਦੇ ਪੁਰਾਣੇ ਵਿਰੋਧੀ ਹਨ। 2022 ਦੀਆਂ ਵਿਧਾਨਸਭਾ ਚੋਣ ਦੌਰਾਨ ਮਲੂਕਾ ਮੋੜ ਮੰਡੀ ਤੋਂ ਚੋਣ ਲੜਨਾ ਚਾਉਂਦੇ ਸਨ ਪਰ ਸੁਖਬੀਰ ਬਾਦਲ ਨੇ ਜਗਮੀਤ ਬਰਾੜ ਨੂੰ ਟਿਕਟ ਦਿੱਤੀ। ਉਸੇ ਸਮੇਂ ਤੋਂ ਹੀ ਦੋਵਾਂ ਆਗੂਆਂ ਦੇ ਵਿਚਾਲੇ ਸਿਆਸੀ ਜੰਗ ਚੱਲ ਰਹੀ ਹੈ । 10 ਦਸੰਬਰ ਨੂੰ ਜੇਕਰ ਜਗਮੀਰ ਬਰਾੜ ਅਨੁਸ਼ਾਸਨਿਕ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾ ਸਕਦਾ ਹੈ । ਇਸੇ ਲਈ ਉਨ੍ਹਾਂ ਦੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋਕੇ ਵੱਡਾ ਸਿਆਸੀ ਦਾਅ ਖੇਡਿਆ ਹੈ । ਕਿਉਂਕਿ ਵਾਰ-ਵਾਰ ਜਥੇਦਾਰ ਸਾਹਿਬ ਵੱਲੋਂ ਅਕਾਲੀ ਦਲ ਵਿੱਚ ਏਕੇ ਦਾ ਸੁਨੇਹਾ ਦਿੱਤਾ ਜਾਂਦਾ ਹੈ। ਜਗਮੀਰ ਬਰਾੜ ਨੇ ਇਸੇ ਨੂੰ ਵੱਡਾ ਹਥਿਆਰ ਬਣਾਇਆ ਹੈ।

ਜਗਮੀਤ ਬਰਾੜ ਜਦੋਂ ਕਾਂਗਰਸ ਵਿੱਚ ਸਨ ਤਾਂ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਵੱਡਾ ਵਿਰੋਧੀ ਮੰਨਿਆ ਜਾਂਦਾ ਸੀ। 2017 ਵਿੱਚ ਕੈਪਟਨ ਮੁੱਖ ਮੰਤਰੀ ਬਣੇ ਤਾਂ ਜਗਮੀਤ ਬਰਾੜ ਅਕਾਲੀ ਦਲ ਵਿੱਚ ਸ਼ਾਮਲ ਹੋਏ । ਪਹਿਲਾਂ ਉਨ੍ਹਾਂ ਦੀਆਂ ਚਰਚਾਵਾਂ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਸਨ ਪਰ ਕਿਸੇ ਵਜ੍ਹਾ ਨਾਲ ਗੱਲ ਨਹੀਂ ਬਣ ਸਕੀ। ਹੁਣ ਬੀਜੇਪੀ ਵਿੱਚ ਉਹ ਇਸ ਨਹੀਂ ਜਾ ਸਕਦੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣ ਬੀਜੇਪੀ ਹਨ।ਬੀਜੇਪੀ ਕੈਪਟਨ ਨੂੰ ਨਰਾਜ਼ ਕਰਕੇ ਜਗਮੀਤ ਬਰਾੜ ਨੂੰ ਤਰਜ਼ੀ ਨਹੀਂ ਦੇਵੇਗੀ । ਇੱਕ ਵਕਤ ਲੋਕਸਭਾ ਵਿੱਚ ‘ਅਵਾਜ਼ੇ ਪੰਜਾਬ’ ਨਾਲ ਮਸ਼ਹੂਰ ਜਗਮੀਤ ਬਰਾੜ ਹੁਣ ਆਪਣੇ ਆਪ ਵਿੱਚ ਹੀ ਸਿਮਟ ਕੇ ਰਹਿ ਗਏ ਹਨ।