Punjab

ਅਧਿਆਪਕ ਦਾ ਬੇਰਹਿਮੀ ਨਾਲ ਕਤਲ, ਛਾਤੀ ’ਚ ਖੁਭੋਇਆ ਨੇਜੇ ਵਰਗਾ ਨੁਕੀਲਾ ਹਥਿਆਰ

ਜਲੰਧਰ ਦੇ ਬਲਾਕ ਸ਼ੇਰਪੁਰ ਅਧੀਨ ਪਿੰਡ ਵਜੀਦਪੁਰ ਬਦੇਸ਼ਾ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਇੰਸਪੈਕਟਰ ਕਮਲਜੀਤ ਸਿੰਘ ਗਿੱਲ SHO ਥਾਣਾ ਸ਼ੇਰਪੁਰ ਨੇ ਦੱਸਿਆ ਕਿ ਸਾਹਿਬ ਸਿੰਘ ਵਾਸੀ ਜੁਝਾਰ ਸਿੰਘ ਨਗਰ ਮਾਲੇਰਕੋਟਲਾ ਦਾ ਰਹਿਣ ਵਾਲਾ ਸੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਦੇਸ਼ਾ ਵਿਖੇ ਪ੍ਰਾਇਮਰੀ ਅਧਿਆਪਕ ਸੀ।

ਅੱਜ ਸਵੇਰੇ ਜਦੋਂ ਸਾਹਿਬ ਸਿੰਘ ਮਾਲੇਰਕੋਟਲਾ ਤੋਂ ਵਜੀਦਪੁਰ ਬਦੇਸ਼ਾ ਵਿਖੇ ਆਪਣੇ ਡਿਊਟੀ ’ਤੇ ਜਾ ਰਿਹਾ ਸੀ ਤਾਂ ਵਜੀਦਪੁਰ ਬਦੇਸ਼ਾ ਨਜ਼ਦੀਕ ਪੈਂਦੇ ਗੰਦੇ ਨਾਲੇ ਉੱਪਰ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਹੈ ਕਿ ਹਮਲਾਵਰਾਂ ਨੇ ਸਾਹਿਬ ਸਿੰਘ ’ਤੇ ਵਾਰ ਕਰਨ ਲਈ ਕੋਈ ਨੇਜੇ ਵਰਗਾ ਲੋਹੇ ਦਾ ਨੁਕੀਲਾ ਹਥਿਆਰ ਇਸਤੇਮਾਲ ਕੀਤਾ ਜੋ ਉਸ ਦੀ ਛਾਤੀ ਵਿੱਚ ਹੀ ਖੁੱਭਿਆ ਹੋਇਆ ਹੈ।

ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇੰਸਪੈਕਟਰ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਾਤਲਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ – ਐਸਜੀਪੀਸੀ ਦਾ ਨਵਾਂ ਉਪਰਾਲਾ, ਐਪਲ ਦੇ ਫੋਨਾਂ ਲਈ ਐਪ ਕੀਤੀ ਲਾਂਚ