Punjab

ਮੋਬਾਈਲ ਤੋਂ ਪਾਠ ਕਰਨ ਵਾਲਿਆਂ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਦੀ ਵੱਡੀ ਨਸੀਅਤ ! ਸਰਕਾਰ ‘ਚ ਗੈਰ ਪੰਜਾਬੀ ਅਫਸਰਾਂ ‘ਤੇ ਜਤਾਈ ਚਿੰਤਾ !

ਬਿਉਰੋ ਰਿਪੋਰਟ : ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ 5 ਦਿਨੀਂ ਪੁਸਤਕ ਮੇਲੇ ਵਿੱਚ ਪਹੁੰਚੇ । ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਦੀ ਕਿਤਾਬਾਂ ਤੋਂ ਦੂਰੀ ਨੂੰ ਲੈਕੇ ਚਿੰਤਾ ਜ਼ਾਹਿਰ ਕੀਤੀ । ਉਨ੍ਹਾਂ ਕਿਹਾ ਇਸੇ ਲਈ ਤਾਂ ਬਾਹਰਲੇ ਸੂਬੇ ਦੇ ਅਫਸਰ ਪੰਜਾਬ ਦੇ ਪ੍ਰਸ਼ਾਸਨ ਦਾ ਕੰਮ-ਕਾਜ ਸੰਭਾਲ ਰਹੇ ਹਨ। ਉਨ੍ਹਾਂ ਨੇ ਕਿਹਾ ਸਾਡੇ ਨੌਜਵਾਨ ਪੜ੍ਹਨ ਲਿਖਣ ਵਿੱਚ ਪਿੱਛੇ ਰਹਿ ਗਏ ਹਨ । ਜਥੇਦਾਰ ਸਾਹਿਬ ਨੇ ਕਿਹਾ ਸਾਨੂੰ ਅੰਗਰੇਜ਼ਾਂ ਤੋਂ ਸਿੱਖਣਾ ਚਾਹੀਦਾ ਹੈ ਭਾਵੇਂ ਉਹ ਵੀ ਡਿਜੀਟਲ ਦੁਨਿਆ ਦਾ ਹਿੱਸਾ ਹਨ ਪਰ ਉਨ੍ਹਾਂ ਦੇ ਵਿੱਚ ਕਿਤਾਬ ਦਾ ਰੁਝਾਨ ਘੱਟ ਨਹੀਂ ਹੋਇਆ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੋਬਾਈਲ ਤੋਂ ਪਾਠ ਕਰਨ ਵਾਲਿਆਂ ਨੂੰ ਵੱਡੀ ਨਸੀਅਤ ਦਿੱਤੀ ।

ਮੋਬਾਈਲ ਤੋਂ ਪਾਠ ਪੜ੍ਹਨ ਵਾਲਿਆਂ ਨੂੰ ਨਸੀਅਤ

ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਭਾਵੇਂ ਡਿਜੀਟਲ ਦਾ ਜ਼ਮਾਨਾ ਹੈ ਇਸੇ ਲਈ ਲੋਕ ਹੁਣ ਪਾਠ ਵੀ ਮੋਬਾਈਲ ਦੇ ਜ਼ਰੀਏ ਕਰਦੇ ਹਨ । ਪਰ ਗੁਟਕਾ ਸਾਹਿਬ ਤੋਂ ਪਾਠ ਕਰਨ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ ਅਤੇ ਇਸ ਦੇ ਨਾਲ ਮਨ ਵੀ ਸਹੀ ਤਰ੍ਹਾਂ ਨਾਲ ਜੁੜਦਾ ਹੈ । ਇਸੇ ਲਈ ਉਨ੍ਹਾਂ ਨੇ ਸੰਗਤਾਂ ਨੂੰ ਕਿਹਾ ਮੋਬਾਈਲ ਦੀ ਥਾਂ ਉਹ ਗੁਟਕਾ ਸਾਹਿਬ ਤੋਂ ਬਾਣੀ ਦਾ ਪਾਠ ਕਰਨ । ਜਥੇਦਾਰ ਸਾਹਿਬ ਦੀ ਗੱਲ ਵਿੱਚ ਦਮ ਵੀ ਹੈ ਕਿਉਂਕਿ ਜਦੋਂ ਅਸੀਂ ਮੋਬਾਇਲ ਦੇ ਜ਼ਰੀਏ ਪਾਠ ਕਰ ਰਹੇ ਹੁੰਦੇ ਹਾਂ ਤਾਂ ਕਿਸੇ ਦਾ ਫੋਨ ਆਉਂਦਾ ਹੈ ਜਾਂ ਫਿਰ ਵਾਰ-ਵਾਰ whatsapp ਮੈਸੇਜ ਅਤੇ ਹੋਰ ਐੱਪ ਦਾ ਅਲਰਟ ਸਾਡੇ ਧਿਆਨ ਨੂੰ ਭਟਕਾ ਦਿੰਦਾ ਹੈ ।

ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕੁਝ ਲੋਕ ਐੱਪ ਦੇ ਜ਼ਰੀਏ ਕਿਤਾਬਾਂ ਪੜ੍ਹ ਦੇ ਹਨ ਪਰ ਜਿਹੜਾ ਗਿਆਨ ਕਿਤਾਬ ਦੇ ਜ਼ਰੀਏ ਹਾਸਲ ਕੀਤਾ ਜਾਂਦਾ ਹੈ ਉਹ ਡਿਜੀਟਲ ਦੇ ਜ਼ਰੀਏ ਹਾਸਲ ਨਹੀਂ ਕੀਤਾ ਜਾ ਸਕਦਾ ਹੈ । ਉਨ੍ਹਾਂ ਨੇ ਕਿਹਾ ਕਿ ਸਾਨੂੰ ਅੰਗਰੇਜ਼ਾਂ ਤੋਂ ਸਿਖਣਾ ਚਾਹੀਦਾ ਹੈ ਕਿ ਜਦੋਂ ਵੀ ਉਹ ਹਵਾਈ ਜਹਾਜ ਜਾਂ ਫਿਰ ਟ੍ਰੇਨ ਵਿੱਚ ਟਰੈਵਰ ਕਰਦੇ ਹਨ ਤਾਂ ਫੋਨ ਦੀ ਥਾਂ ਉਨ੍ਹਾਂ ਦੇ ਹੱਥਾਂ ਵਿੱਚ ਕਿਤਾਬ ਹੁੰਦੀ ਹੈ । ਪਰ ਅਸੀਂ ਮੋਬਾਇਲ ‘ਤੇ ਗੱਲਾਂ ਮਾਰਨ ਵਿੱਚ ਲੱਗੇ ਰਹਿੰਦੇ ਹਾਂ ਜਾਂ ਫਿਰ ਕੁਝ ਹੋਰ ਚੀਜ਼ਾਂ ਵੇਖਣ ਲਈ ਵਰਤ ਦੇ ਹਾਂ।