Punjab

ਸਾਬਕਾ CM ਚੰਨੀ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗੀ ਮੁਆਫੀ ! ਭੁੱਲ ਹੋਣ ਦੀ ਦੱਸੀ ਵਜ੍ਹਾ

ਬਿਉਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਿਮਾਚਲ ਦੌਰੇ ਨੂੰ ਲੈਕੇ ਧਾਰਮਿਕ ਵਿਵਾਦ ਹੋ ਗਿਆ ਸੀ। ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੇ ਲਈ ਸ਼ਾਲ ਦਿੱਤੀ ਅਤੇ ਫਿਰ ਪੱਗ ‘ਤੇ ਟੋਪੀ ਰੱਖ ਦਿੱਤੀ । ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ SGPC ਕਾਫੀ ਨਰਾਜ਼ ਹੋ ਗਈ । ਜਿਸ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਵੀ ਸਾਹਮਣੇ ਆਇਆ ਹੈ ।

ਸਾਬਕਾ ਸੀਐੱਮ ਨੇ ਮੰਗੀ ਮੁਆਫੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਕਰਕੇ ਮੁਆਫੀ ਮੰਗੀ ਹੈ । ਉਨ੍ਹਾਂ ਕਿਹਾ ਇਹ ਅੰਜਾਨੇ ਵਿੱਚ ਇਹ ਗਲਤੀ ਹੋ ਗਈ ਹੈ । ਚੰਨੀ ਦੀ ਪੱਗ ‘ਤੇ ਟੋਪੀ ਰੱਖਣ ਵਾਲੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਕਾਫੀ ਵੱਧ ਗਿਆ ਸੀ । ਇੱਕ ਧਾਰਮਿਕ ਜਥੇਬੰਦੀ ਅਤੇ ਚੰਨੀ ਦਾ ਆਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਜਥੇਬੰਦੀ ਨੇ ਚੰਨੀ ਨੂੰ ਸ੍ਰੀ ਅਕਾਲ ਤਖਤ ਤੋਂ ਮੁਆਫੀ ਮੰਗਣ ਦੀ ਸਲਾਹ ਦਿੱਤੀ ਸੀ।

ਸੋਸ਼ਲ ਮੀਡੀਆ ‘ਤੇ ਆਡੀਓ ਵਾਇਰਲ

ਚਰਨਜੀਤ ਸਿੰਘ ਚੰਨੀ ਦੀ ਦਸਤਾਰ ‘ਤੇ ਹਿਮਾਚਲੀ ਟੋਪੀ ਰੱਖਣ ਦੇ ਮਾਮਲੇ ਵਿੱਚ ਸਿੱਖ ਸੰਗਠਨਾਂ ਵੱਲੋਂ ਵਿਰੋਧ ਤੇਜ਼ ਕਰ ਦਿੱਤਾ ਗਿਆ ਸੀ । ਸੋਸ਼ਲ ਮੀਡੀਆ ‘ਤੇ ਚੰਨੀ ਦੀ ਕਥਿੱਤ ਆਡੀਓ ਵੀ ਵਾਇਰਲ ਹੋ ਰਹੀ ਸੀ । ਇਸ ਵਿੱਚ ਉਹ ਇਸੇ ਮਸਲੇ ‘ਤੇ ਸੰਤ ਸਿਪਾਹੀ ਸੋਸਾਇਟੀ ਲੁਧਿਆਣਾ ਦੇ ਦਵਿੰਦਰ ਸਿੰਘ ਨਾਲ ਗੱਲ ਕਰ ਰਹੇ ਸਨ । ਗੱਲਬਾਤ ਦੌਰਾਨ ਚੰਨੀ ਨੂੰ ਹਿਮਾਚਲੀ ਟੋਪੀ ਰੱਖਣ ਦੇ ਸਵਾਲ ਕੀਤਾ ਗਿਆ ਸੀ । ਜਿਸ ਦੇ ਜਵਾਬ ਵਿੱਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਨਮਾਨ ਦੇ ਲਈ ਅਜਿਹਾ ਕੀਤਾ ਸੀ ਮੈਂ ਟੋਪੀ ਉਤਾਰ ਦਿੱਤੀ ਸੀ । ਚੰਨੀ ਇਸ ਮਾਮਲੇ ਵਿੱਚ ਜਥੇਬੰਦੀ ਤੋਂ ਮੁਆਫੀ ਮੰਗ ਦੇ ਹੋਏ ਸੁਣਾਈ ਦੇ ਰਹੇ ਸਨ । ਉਨ੍ਹਾਂ ਨੇ ਕਿਹਾ ਕਿ ਸਨਮਾਨ ਕਰਨ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਦਸਤਾਰ ‘ਤੇ ਟੋਪੀ ਨਹੀਂ ਰੱਖੀ ਜਾ ਸਕਦੀ ਹੈ । ਕਾਲਰ ਦਵਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਕੇ ਮੁਆਫੀ ਮੰਗਣ ਦੀ ਗੱਲ ਕਹੀ ਸੀ । ਜਿਸ ‘ਤੇ ਚੰਨੀ ਨੇ ਹਾਮੀ ਭਰੀ ਸੀ ਅਤੇ ਹੁਣ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੋਂ ਮੁਆਫੀ ਵੀ ਮੰਗ ਲਈ ਹੈ ।

SGPC ਨੇ ਵੀ ਚੁੱਕੇ ਸਨ ਸਵਾਲ

ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦਸਤਾਰ ‘ਤੇ ਹਿਮਾਚਲੀ ਟੋਪੀ ਰੱਖਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਸੀ । ਹੁਣ ਜਦੋਂ ਸਾਬਕਾ ਮੁੱਖ ਮੰਤਰੀ ਨੇ ਮੁਆਫੀ ਮੰਗ ਲਈ ਹੈ ਤਾਂ ਐੱਸਜੀਪੀਸੀ ਨੇ ਵੀ ਚੰਨੀ ਦੇ ਇਸ ਕਦਮ ਦਾ ਸੁਆਗਤ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਉਹ ਅੱਗੋ ਇਸ ਦਾ ਖਿਆਲ ਰੱਖਣਗੇ ।