Punjab

ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਕੀਤਾ ਤਲਬ

CHARANJEET SINGH CHANNI, Punjab Vigilance Bureau

ਚੰਡੀਗੜ੍ਹ : ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇੱਕ ਮਹੀਨਾ ਪਹਿਲਾਂ ਵਿਜੀਲੈਂਸ ਨੇ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਅਫ਼ਸਰ ਵਜੋਂ ਬੁਲਾ ਕੇ ਕਈ ਘੰਟੇ ਪੁੱਛਗਿੱਛ ਕੀਤੀ ਸੀ। ਵਿਜੀਲੈਂਸ ਚੰਨੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸੀ।

ਵਿਜੀਲੈਂਸ ਟੀਮ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਜਾਇਦਾਦ ਅਤੇ ਬੈਂਕ ਬੈਲੰਸ ਦੀ ਜਾਣਕਾਰੀ ਦੇਣ ਵਾਲਾ ਪ੍ਰੋਫਾਰਮਾ ਭਰਨ ਲਈ ਕਿਹਾ ਸੀ। ਇਸ ਸਬੰਧੀ ਚੰਨੀ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ 1 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਨੇ ਪ੍ਰੋਫਾਰਮਾ ਭਰ ਕੇ ਨਹੀਂ ਦਿੱਤਾ, ਜਿਸ ਕਰ ਕੇ ਹੁਣ ਵਿਜੀਲੈਂਸ ਨੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਸੰਮਨ ਭੇਜਿਆ ਹੈ।

ਦੱਸ ਦੇਈਏ ਕਿ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 13 ਜੂਨ ਨੂੰ ਵਿਜੀਲੈਂਸ ਹੈੱਡ ਕੁਆਰਟਰ ਬੁਲਾਇਆ ਹੈ ਅਤੇ ਪ੍ਰੋਫਾਰਮਾ ਭਰ ਕੇ ਲਿਆਉਣ ਲਈ ਕਿਹਾ ਹੈ। ਪਿਛਲੀ ਵਾਰ ਜਦੋਂ ਵਿਜੀਲੈਂਸ ਨੇ ਚਰਨਜੀਤ ਸਿੰਘ ਚੰਨੀ ਤੋਂ ਪੁੱਛਗਿੱਛ ਕੀਤੀ ਸੀ ਤਾਂ ਉਸ ਤੋਂ ਬਾਅਦ ਚੰਨੀ ਨੇ ਵਿਜੀਲੈਂਸ ਦਫ਼ਤਰ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਮੈਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਵਿਜੀਲੈਂਸ ਦੇ ਅਫ਼ਸਰਾਂ ਨੇ ਜਲੰਧਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ 14 ਅਪ੍ਰੈਲ ਨੂੰ ਚੰਨੀ ਨੂੰ ਪੁੱਛਗਿੱਛ ਲਈ ਸੱਦਿਆ ਸੀ ਤੇ ਅਫ਼ਸਰਾਂ ਨੇ ਉਨ੍ਹਾਂ ਨੂੰ ਬਿਊਰੋ ਦਾ ਨਿਰਧਾਰਿਤ ਪ੍ਰੋਫਾਰਮਾ ਭਰ ਕੇ ਦੇਣ ਅਤੇ ਸੰਮਤੀਆਂ ਸਬੰਧੀ ਹੋਰ ਜਾਣਕਾਰੀ ਦੇਣ ਲਈ ਕਿਹਾ ਸੀ।

ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਅਮਰੀਕਾ ਚਲੇ ਗਏ ਸਨ। ਜਿਥੇ ਉਹਨਾਂ ਨੇ 8 ਮਹੀਨਿਆਂ ਤੋਂ ਵੱਧ ਦਾ ਸਮਾਂ ਬਿਤਾਇਆ ਹੈ। ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੀ ਪੀਐਚਡੀ ਨੂੰ ਪੂਰਾ ਕਰਨ ਉਥੇ ਗਏ ਸਨ।

ਪਿਛਲੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਈਡੀ ਨੇ 10 ਕਰੋੜ ਰੁਪਏ ਨਾਲ ਗ੍ਰਿਫ਼ਤਾਰ ਕੀਤਾ ਸੀ। ਈਡੀ ਇਸ ਗੱਲ ਦੀ ਜਾਂਚ ਕਰ ਰਿਹਾ ਸੀ ਕਿ ਕੀ ਹਨੀ ਨੂੰ ਮਾਈਨਿੰਗ ਠੇਕੇਦਾਰਾਂ ਦੀ ਮਦਦ ਕਰਨ ਅਤੇ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਲਈ ਪੈਸੇ ਮਿਲੇ ਸਨ।