International Punjab

2 ਕਰੋੜ ਦੀ ‘ਬਲੱਡ ਮਨੀ’ ਦਿੱਤੀ ਫਿਰ ਵੀ ਨਹੀਂ ਛੱਡ ਰਿਹਾ ਇਸ ਪੰਜਾਬੀ ਨੂੰ ਸਾਊਦੀ ਅਰਬ,ਪਰਿਵਾਰ ਨੇ ਭਾਰਤੀ ਅਧਿਕਾਰੀਆਂ ‘ਤੇ ਵੀ ਚੁੱਕੇ ਸਵਾਲ

ਬਿਊਰੋ ਰਿਪੋਰਟ : ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਬਲਵਿੰਦਰ ਸਿੰਘ ਦਾ ਪਰਿਵਾਰ 10 ਸਾਲਾਂ ਤੋਂ ਉਸ ਦੀ ਉਡੀਕ ਕਰ ਰਿਹਾ ਹੈ । ਉਸ ‘ਤੇ ਇਕ ਸਾਊਦੀ ਨਾਗਰਿਕ ਦੇ ਕਤਲ ਦਾ ਇਲਜ਼ਾਮ ਸੀ । ਪਰ ਪਰਿਵਾਰ ਵੱਲੋਂ 5 ਮਹੀਨੇ ਪਹਿਲਾਂ 2 ਕਰੋੜ ਦੀ ਬਲਡ ਮਨੀ ਦੇਣ ਦੇ ਬਾਵਜੂਦ ਉਸ ਨੂੰ ਹੁਣ ਤੱਕ ਨਹੀਂ ਛੱਡਿਆ ਗਿਆ ਹੈ । ਸਾਊਦੀ ਅਦਾਲਤ ਨੇ ਬਲਵਿੰਦਰ ਸਿੰਘ ਦੀ ਰਿਹਾਈ ਦੇ ਲਈ 2 ਕਰੋੜ ਦੀ ਰਕਮ ਤੈਅ ਕੀਤੀ ਸੀ । ਪਰਿਵਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਨਾਲ ਇਕੱਠੀ ਰਕਮ ਨੂੰ ਭਾਰਤ ਦੀ ਸਰਕਾਰ ਦੇ ਜ਼ਰੀਏ ਕੋਰਟ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਸੀ । ਪਰ ਇਸ ਦੇ ਬਾਵਜੂਦ ਹੁਣ ਤੱਕ ਉਸ ਨੂੰ ਜੇਲ੍ਹ ਤੋਂ ਰਿਹਾਹ ਨਹੀਂ ਕੀਤਾ ਗਿਆ ਹੈ ਬਲਕਿ ਬਲਵਿੰਦਰ ਨੂੰ ਦੂਜੀ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਹੈ । ਪਰਿਵਾਰ ਦਾ ਇਲਜ਼ਾਮ ਹੈ ਕਿ ਸਾਊਦੀ ਅਰਬ ਵਿੱਚ ਮੌਜੂਦ ਭਾਰਤੀ ਸਫਾਰਤਖਾਨੇ ਵੱਲੋਂ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਭਾਰਤੀ ਸਫਾਰਤਖਾਨੇ ਵਿੱਚ ਇਕ ਪੰਜਾਬ ਮੁਲਾਜ਼ਮ ਸੀ ਜੋ ਉਨ੍ਹਾਂ ਦੀ ਮਦਦ ਕਰ ਰਿਹਾ ਸੀ ਪਰ ਉਸ ਦੇ ਟਰਾਂਸਫਰ ਤੋਂ ਬਾਅਦ ਕੋਈ ਵੀ ਉਨ੍ਹਾਂ ਨੂੰ ਬਲਵਿੰਦਰ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ । ਪਰਿਵਾਰ ਨੇ ਇਸ ਦੀ ਸ਼ਿਕਾਇਤ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਕੀਤੀ ਗਈ ਹੈ ।

ਬਲਵਿੰਦਰ ਸਿੰਘ 2008 ਵਿੱਚ ਸਾਊਦੀ ਅਰਬ ਕੰਮ ਦੇ ਲਈ ਗਿਆ ਸੀ । ਸਾਊਦੀ ਅਦਾਲਤ ਨੇ 2013 ਵਿੱਚ ਉਸ ਨੂੰ ਸਾਊਦੀ ਅਰਬ ਦੇ ਇਕ ਵਿਅਕਤੀ ਦੇ ਕਤਲ ਦੇ ਇਲਜ਼ਾਮ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ । ਬਲਵਿੰਦਰ ਦੇ ਭਰਾ ਹਰਦੀਪ ਮੁਤਾਬਿਕ ਉਸ ਦੇ ਭਰਾ ਦਾ ਸਾਊਦੀ ਅਰਬ ਦੇ ਸ਼ਖ਼ਸ ਨਾਲ ਕੋਈ ਵਿਵਾਦ ਸੀ। ਜਿਸ ਤੋਂ ਬਾਅਦ ਸਾਊਦੀ ਨਾਗਰਿਕ ਨੇ ਚਾਕੂ ਨਾਲ ਬਲਵਿੰਦਰ ‘ਤੇ ਹਮਲਾ ਕੀਤਾ ਆਪਣੇ ਬਚਾਅ ਵਿੱਚ ਉਸ ਦੇ ਭਰਾ ਇਕ ਡਾਂਗ ਨਾਲ ਜਵਾਬੀ ਵਾਰ ਕੀਤਾ ਸੀ । ਜਿਸ ਤੋਂ ਬਾਅਦ ਸਾਊਦੀ ਨਾਗਰਿਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਸਾਊਦੀ ਨਾਗਰਿਕ ਦੀ ਮੌਤ ਹੋ ਗਈ ਸੀ । ਅਦਾਲਤ ਨੇ ਬਲਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਪਹਿਲਾਂ 7 ਸਾਲ ਦੀ ਸਜ਼ਾ ਸੁਣਾਈ ਸੀ ਪਰ ਬਾਅਦ ਵਿੱਚੋਂ ਅਦਾਲਤ ਨੇ ਬਲਵਿੰਦਰ ਨੂੰ ਹੁਕਮ ਦਿੱਤੇ ਕਿ ਉਹ ਪੀੜਤ ਪਰਿਵਾਰ ਨੂੰ 2 ਕਰੋੜ ਦੇਵੇ ਨਹੀਂ ਤਾਂ ਉਸ ਦੀ ਸਜ਼ਾ ਨੂੰ ਮੌਤ ਦੀ ਸਜ਼ਾ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ । ਪਰਿਵਾਰ ਲਈ 2 ਕਰੋੜ ਦਾ ਇੰਤਜ਼ਾਮ ਕਰਨਾ ਮੁਸ਼ਕਿਲ ਸੀ ਪਰ ਲੋਕਾਂ ਦੀ ਮਦਦ ਨਾਲ ਪਰਿਵਾਰ ਨੇ ਕਿਸੇ ਤਰ੍ਹਾਂ ਪੈਸਾ ਇਕੱਠਾ ਕੀਤਾ ਅਤੇ ਭਾਰਤ ਸਰਕਾਰ ਦੇ ਜ਼ਰੀਏ ਕੋਰਟ ਵਿੱਚ ਜਮ੍ਹਾਂ ਕਰਵਾਇਆ । ਪਰਿਵਾਰ ਦਾ ਇਲਜ਼ਾਮ ਹੈ ਕਿ ਪੈਸਾ ਦਿੱਤੇ 5 ਮਹੀਨੇ ਹੋ ਚੁੱਕੇ ਹਨ ਪਰ ਬਲਵਿੰਦਰ ਨੂੰ ਹੁਣ ਤੱਕ ਨਹੀਂ ਛੱਡਿਆ ਗਿਆ ਹੈ ਬਲਕਿ ਉਸ ਨੂੰ ਰਿਯਾਦ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ

ਕੀ ਹੁੰਦੀ ਹੈ ਬਲਡ ਮਨੀ ?

ਸਾਊਦੀ ਅਰਬ ਵਿੱਚ ਇਸਲਾਮਿਕ ਕਾਨੂੰਨ ਅਧੀਨ ਬਲਡ ਮਨੀ ਨੂੰ ਕਾਨੂਨੀ ਮਾਨਤਾ ਦਿੱਤੀ ਗਈ ਹੈ । ਸ਼ਰੀਆ ਕਾਨੂੰਨ ਦੇ ਮੁਤਾਬਿਕ ਜੇਕਰ ਕਿਸੇ ਸ਼ਖ਼ਸ ਵੱਲੋਂ ਕਤਲ ਹੋ ਜਾਂਦਾ ਹੈ ਜਾਂ ਫਿਰ ਉਸ ਨੂੰ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਸਜ਼ਾ ਦੇ ਤੌਰ ‘ਤੇ ਬਲਡ ਮਨੀ ਦੇ ਕੇ ਉਹ ਕੇਸ ਤੋਂ ਬਰੀ ਹੋ ਸਕਦਾ ਹੈ । ਇਸ ਕਾਨੂੰਨ ਦਾ ਮਕਸਦ ਹੈ ਕਿ ਪੀੜਤ ਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।