Punjab

ਸ੍ਰੀ ਗੁਰੁ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ਮਿਲੀ ਵੱਡੀ ਕਾਮਯਾਬੀ, ਫਿਰ ਵੀ ਪੰਜਾਬ ਸਰਕਾਰ ਨਹੀਂ ਦੇ ਰਹੀ ਧਿਆਨ

Amritsar Airport Traffic Surpasses 3 Million Passengers

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ram Das Ji International Airport) ਨੇ ਵੱਡਾ ਮੁਕਾਮ ਹਾਸਲ ਕੀਤਾ ਹੈ। ਇਸ ਹਵਾਈ ਅੱਡੇ ਨੇ 31 ਮਾਰਚ ਨੂੰ ਖ਼ਤਮ ਹੋਏ 2023-24 ਵਿੱਤੀ ਵਰ੍ਹੇ ਦੌਰਾਨ 3 ਮਿਲੀਅਨ, ਯਾਨੀ 30-ਲੱਖ ਯਾਤਰੀਆਂ ਦੀ ਗਿਣਤੀ ਪਾਰ ਕਰ ਲਈ ਹੈ। ਗਲੋਬਲ ਐਡਵੋਕੇਸੀ ਗਰੁੱਪ (Global Advocacy Group) ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (Fly Amritsar Initiative ) ਦੇ ਗਲੋਬਲ ਕਨਵੀਨਰ (Global Convener) ਸਮੀਪ ਸਿੰਘ ਗੁਮਟਾਲਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਗੁਮਟਾਲਾ ਅਨੁਸਾਰ, ਮਾਰਚ 2024 ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿੱਤੀ ਸਾਲ 2023-24 (1 ਅਪ੍ਰੈਲ ਤੋਂ 31 ਮਾਰਚ ਤੱਕ) ਦੌਰਾਨ 30,85,598 ਯਾਤਰੀਆਂ ਨੇ ਹਵਾਈ ਸਫ਼ਰ ਕੀਤਾ।

ਯਾਤਰੀਆਂ ਦੀ ਗਿਣਤੀ ’ਚ 22.6 ਫ਼ੀਸਦੀ ਵਾਧਾ

ਇਹ ਅੰਕੜਾ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 22.6 ਫ਼ੀਸਦੀ ਵੱਧ ਹੈ, ਪਿਛਲੇ ਸਾਲ ਇੱਥੋਂ ਕੁੱਲ 25,16,518 ਯਾਤਰੀਆਂ ਨੇ ਉਡਾਣ ਭਰੀ ਸੀ। ਇਸ ਵਿੱਚ 9,81,405 ਅੰਤਰਰਾਸ਼ਟਰੀ ਅਤੇ 21,04,193 ਘਰੇਲੂ ਯਾਤਰੀ ਸ਼ਾਮਲ ਹਨ। ਇਹ ਅੰਕੜੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ 30% ਅਤੇ ਘਰੇਲੂ ਯਾਤਰੀਆਂ ਵਿੱਚ 19.5% ਦਾ ਵਾਧਾ ਦਰਸਾਉਂਦਾ ਹੈ।

ਇਨੀਸ਼ੀਏਟਿਵ ਦੁਆਰਾ ਕੀਤੇ ਗਏ ਅੰਕੜਿਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੁੱਲ ਯਾਤਰੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਹੁਣ ਹਵਾਈ ਯਾਤਰੀਆਂ ਦੀ ਕੁੱਲ ਗਿਣਤੀ ‘ਚ 25ਵੇਂ ਸਥਾਨ ਤੋਂ 23ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਏਅਰਪੋਰਟ ਅਥਾਰਟੀ ਦੁਆਰਾ ਹਰ ਮਹੀਨੇ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਕੁੱਲ 40 ਅੰਤਰਰਾਸ਼ਟਰੀ ਅਤੇ 95 ਘਰੇਲੂ ਹਵਾਈ ਅੱਡੇ ਸ਼ਾਮਲ ਹਨ।

ਜਹਾਜ਼ਾਂ ਦੀ ਆਵਾਜਾਈ ਵਿੱਚ ਹੋਇਆ 10.9 ਫ਼ੀਸਦੀ ਵਾਧਾ

ਹਵਾਈ ਅੱਡੇ ‘ਤੋਂ ਜਹਾਜ਼ਾਂ ਦੀ ਆਵਾਜਾਈ ਵਿੱਚ ਵੀ 10.9 ਫ਼ੀਸਦੀ ਵਾਧਾ ਹੋਇਆ, ਜੋ ਕਿ ਵਿੱਤੀ ਸਾਲ 2022-23 ਦੌਰਾਨ ਕੁੱਲ 19,251 ਤੋਂ ਵਧ ਕੇ ਵਿੱਤੀ ਸਾਲ 2023-24 ਦੌਰਾਨ 21,648 ਹੋ ਗਈ। ਯਾਤਰੀ ਅਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿੱਚ ਇਹ ਵਾਧਾ ਸ਼ੁਰੂ ਹੋਈਆਂ ਨਵੀਆਂ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਅਤੇ ਪਹਿਲਾਂ ਤੋਂ ਹੀ ਚੱਲ ਰਹੀਆਂ ਉਡਾਣਾਂ ‘ਚ ਵੱਧ ਯਾਤਰੀਆਂ ਵੱਲੌਂ ਸਫਰ ਕਾਰਨ ਹੋਇਆ ਹੈ।

ਗੁਮਟਾਲਾ ਨੇ ਅੱਗੇ ਦੱਸਿਆ ਕਿ ਮਾਰਚ 2024 ਵਿੱਚ, ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁੱਲ 3,16,495 ਯਾਤਰੀਆਂ ਨੇ ਉਡਾਣ ਭਰੀ ਜਿਸ ਵਿੱਚ 2,17,495 ਘਰੇਲੂ ਅਤੇ 99,000 ਅੰਤਰਰਾਸ਼ਟਰੀ ਯਾਤਰੀ ਸਨ। ਇਹ ਗਿਣਤੀ ਮਾਰਚ 2023 ਦੇ ਮੁਕਾਬਲੇ 22.6% ਵੱਧ ਹੈ। ਅੰਕੜਿਆਂ ਤੋਂ ਸਾਹਮਣੇ ਆਇਆ ਕਿ ਏਅਰਪੋਰਟ ਦੇ ਇਤਿਹਾਸ ਵਿੱਚ ਦਸੰਬਰ 2023 ਵਿੱਚ 3,38,512 ਯਾਤਰੀਆਂ ਤੌਂ ਬਾਦ ਇਹ ਦੂਜੀ ਸੱਭ ਤੋਂ ਵੱਡੀ ਗਿਣਤੀ ਹੈ।

ਵਰਤਮਾਨ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਦਾ ਸੰਪਰਕ ਦੁਬਈ, ਸ਼ਾਰਜਾਹ, ਦੋਹਾ, ਰੋਮ, ਮਿਲਾਨ, ਲੰਡਨ ਗੈਟਵਿਕ, ਬਰਮਿੰਘਮ, ਸਿੰਗਾਪੁਰ ਅਤੇ ਕੁਆਲਾਲੰਪੁਰ ਸਮੇਤ 9 ਅੰਤਰਰਾਸ਼ਟਰੀ ਅਤੇ 13 ਘਰੇਲੂ ਹਵਾਈ ਅੱਡਿਆਂ ਨਾਲ ਜੁੜਿਆ ਹੋਇਆ ਹੈ। ਇੱਥੋਂ ਰੋਜ਼ਾਨਾ ਔਸਤਨ 10,000 ਤੋਂ ਵੱਧ ਯਾਤਰੀ ਉਡਾਣਾਂ ਲੈਂਦੇ ਹਨ ਅਤੇ ਲਗਭਗ 65 ਉਡਾਣਾਂ ਦੀ ਰਵਾਨਗੀ ਅਤੇ ਆਮਦ ਹੁੰਦੀ ਹੈ।

ਪੰਜਾਬ ਦੀ ਬਜਾਏ ਦਿੱਲੀ ਹਵਾਈ ਅੱਡੇ ਵੱਲ ਬੱਸਾਂ ਚਲਾ ਰਹੀ ਸਰਕਾਰ

ਗੁਮਟਾਲਾ ਨੇ ਆਸ ਪ੍ਰਗਟਾਈ ਕਿ ਇੱਥੋਂ ਹੁਣ ਹੋਰ ਏਅਰਲਾਈਨਾਂ ਵੀ ਆਕਰਸ਼ਿਤ ਹੋਣਗੀਆਂ। ਵਾਧੇ ਦੇ ਨਾਲ ਨਾਲ, ਗੁਮਟਾਲਾ ਨੇ ਪੰਜਾਬ ਦੇ ਹੋਰ ਸ਼ਹਿਰਾਂ ਨਾਲ ਬੱਸ ਸੇਵਾ ਸ਼ੁਰੂ ਕਰਨ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਉਜਾਗਰ ਕੀਤਾ, ਜਿਸ ਨੂੰ ਰਾਜ ਸਰਕਾਰ ਨੇ ਅਜੇ ਤੱਕ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਨਿਰਾਸ਼ਾ ਪ੍ਰਗਟ ਕੀਤੀ ਕਿ ਬੱਸ ਸੇਵਾ ਸ਼ੁਰੂ ਕਰਨ ਦੀ ਬਜਾਏ ਪੰਜਾਬ ਦੀ ਮਾਨ ਸਰਕਾਰ ਪੰਜਾਬ ਦੇ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸ ਸੰਪਰਕ ਨੂੰ ਵਧਾ ਅਤੇ ਉਤਸ਼ਾਹਿਤ ਕਰ ਰਹੀ ਹੈ।

ਇਹ ਵੀ ਪੜ੍ਹੋ – ਫਰੀਦਕੋਟ ਦੇ ਲੋਕਾਂ ਨੇ ਨਵੇਂ ‘MP’ ਦਾ ਕਰ ਲਿਆ ਫੈਸਲਾ! ਇਸ ਵਾਰ ਵੀ ਕਰਨਗੇ ਉਲਟਫੇਰ! ਬਾਦਲ ਦੀ ਨਰਸਰੀ ਨੂੰ ਲੱਗੀ ਨਜ਼ਰ!