Punjab

ਪੰਜਾਬ ਪੁਲਿਸ ਦੀ ਸੂਬੇ ਭਰ ਵਿੱਚ ਤੜਕਸਾਰ ਰੇਡ,ਸ਼ੱਕੀ ਲਏ ਹਿਰਾਸਤ ਵਿੱਚ,ਬਰਾਮਦਗੀਆਂ ਵੀ ਹੋਈਆਂ

ਚੰਡੀਗੜ੍ਹ : ਪੰਜਾਬ ਭਰ ਵਿੱਚ ਗੈਂਗਸਟਰਾਂ ਦੇ ਖਾਤਮੇ ਲਈ ਪੰਜਾਬ ਪੁਲਿਸ ਵਲੋਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ,ਜਿਸ ਨੂੰ ਆਪਰੇਸ਼ਨ ਕਲੀਨ ਦਾ ਨਾਮ ਦਿੱਤਾ ਗਿਆ ਹੈ ਤੇ ਖੁੱਦ ਡੀਜੀਪੀ ਗੌਰਵ ਯਾਦਵ ਇਸ ਦੀ ਆਗਵਾਈ ਕਰ ਰਹੇ ਹਨ।

ਗੈਂਗਸਟਰਾਂ ਤੇ ਸਮਾਜ ਵਿਰੋਧੀ ਤੱਤਾਂ ਨੂੰ ਕਾਬੂ ਕਰਨ ਤੇ ਨੱਥ ਪਾਉਣ ਲਈ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਤੜਕੇ ਤੋਂ ਹੀ ਪੰਜਾਬ ਪੁਲਿਸ ਦਾ ਆਪ੍ਰੇਸ਼ਨ ਕਲੀਨ ਜਾਰੀ ਹੈ ਤੇ ਸੂਬੇ ਭਰ ‘ਚ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਪੁਲਿਸ ਅਲਗ ਅਲਗ ਥਾਂ ਤੇ ਜਾ ਕੇ ਤਲਾਸ਼ੀ ਲੈ ਰਹੀ ਹੈ । ਪੀਜੀ ‘ਚ ਜਾਂ ਫਿਰ ਕਿਰਾਏ ‘ਤੇ ਰਹਿੰਦੇ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ,ਉਹਨਾਂ ਦਾ ਡਾਟਾ ਚੈਕ ਕੀਤਾ ਜਾ ਰਿਹਾ ਹੈ ।

ਇਸ ਦੌਰਾਨ ਮੁਹਾਲੀ ‘ਚ ਚਾਰ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹਾਲੀ ਸੰਦੀਪ ਗਰਗ ਨੇ ਦੱਸਿਆ ਹੈ ਕਿ ਡੀਜੀਪੀ ਪੰਜਾਬ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੂਰੇ ਪੰਜਾਬ ਵਿੱਚ ਇਹ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਮੁਹਾਲੀ ਵਿੱਚ ਵੀ ਚਾਰ ਜਗਾਵਾਂ ‘ਤੇ ਅੱਜ ਜ਼ਿਲ੍ਹਾ ਪੁਲਿਸ ਨੇ ਤਲਾਸ਼ੀ ਲਈ ਹੈ।ਸਵੇਰ ਤੋਂ ਹੀ ਇਹ ਕਾਰਵਾਈ ਜਾਰੀ ਹੈ ਤੇ ਇਸ ਮੌਕੇ 4 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਥਾਣੇ ਵਿੱਚ ਉਹਨਾਂ ਦੀ ਸ਼ਨਾਖਤ ਕੀਤੀ ਜਾਵੇਗੀ।

 

ਸੰਦੀਪ ਗਰਗ,ਐਸਐਸਪੀ ਮੁਹਾਲੀ

ਇਸ ਤੋਂ ਇਲਾਵਾ ਕੁੱਝ ਬਰਾਮਦਗੀਆਂ ਵੀ ਹੋਈਆਂ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਦੀ ਮੁਹਿਮਾਂ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਕੋਈ ਗਲਤ ਅਨਸਰ ਇਹਨਾਂ ਰਿਹਾਇਸ਼ੀ ਇਲਾਕਿਆਂ ਵਿੱਚ ਕਿਸੇ ਤਰਾਂ ਦੀ ਮਾੜੀ ਗਤੀਵਿਧੀ ਨੂੰ ਅੰਜਾਮ ਨਾ ਦੇ ਸਕਣ ਤੇ ਨਾ ਇੱਥੇ ਲੁੱਕ ਕੇ ਬੈਠਾ ਸਕਣ। ਸੋਹਾਣਾ,ਜ਼ੀਕਰਪੁਰ ਵਿੱਚ ਵੀ ਛਾਪੇ ਪਏ ਹਨ ਕਿਉਂਕਿ ਇਥੇ ਵੀ ਕਾਫੀ ਲੋਕ ਪੀਜੀ ਜਾਂ ਕਿਰਾਏ ਵਿੱਚ ਰਹਿੰਦੇ ਹਨ।

ਇਸ ਤੋਂ ਇਲਾਵਾ ਪੰਜਾਬ ਦੇ ਹੋਰ ਜਿਲ੍ਹਿਆਂ ਤੋਂ ਵੀ ਖ਼ਬਰਾਂ ਆ ਰਹੀਆਂ ਹਨ,ਪੁਲਿਸ ਵਲੋਂ ਸ਼ਹਿਰਾਂ-ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਦੇ ਉੱਚ ਅਧਿਕਾਰੀ ਖੁੱਦ ਅੱਗੇ ਹੋ ਕੇ ਇਸ ਦੀ ਅਗਵਾਈ ਕਰ ਰਹੇ ਹਨ ।

ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਪੈਦਾ ਹੋ ਰਹੇ ਖ਼ਤਰੇ ਨੂੰ ਦੇਖਦੇ ਹੋਏ,ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਨੇ ਇਸ ਤਰਾਂ ਦੀ ਮੁਹਿੰਮ ਚਲਾਈ ਸੀ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।