Punjab

“ਸੜਕ ਹਾਦਸਿਆਂ ਅਤੇ ਟ੍ਰੈਫਿਕ-2021” ‘ਤੇ ਸਾਲਾਨਾ ਰਿਪੋਰਟ ਦੇ ਕਿਤਾਬੀ ਰੂਪ ਨੂੰ ਡੀਜੀਪੀ ਪੰਜਾਬ ਨੇ ਕੀਤਾ ਜਾਰੀ

The book form of annual report on "Road Accidents and Traffic-2021" has been released by DGP Punjab.

ਮੁਹਾਲੀ : ਡਾਇਰੈਕਟਰ ਜਨਰਲ ਆਫ਼ ਪੁਲਿਸ,ਪੰਜਾਬ ਗੌਰਵ ਯਾਦਵ ( Gaurav Yadav )  ਨੇ “ਸੜਕ ਹਾਦਸਿਆਂ ਅਤੇ ਟ੍ਰੈਫਿਕ-2021” ‘ਤੇ ਸਾਲਾਨਾ ਰਿਪੋਰਟ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਜਾਰੀ ਕੀਤਾ ਹੈ। ਪੰਜਾਬ ਪੁਲਿਸ ਹੈੱਡਕੁਆਰਟਰ ਸਥਿਤ ਆਪਣੇ ਦਫ਼ਤਰ ਵਿਖੇ ਜਾਰੀ ਕੀਤੀ ਗਈ ਇਸ ਕਿਤਾਬ ਨੂੰ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਟਰੈਫਿਕ ਏ.ਐਸ.ਰਾਏ ਅਤੇ ਪੰਜਾਬ ਦੇ ਟਰੈਫਿਕ ਸਲਾਹਕਾਰ ਡਾਕਟਰ ਨਵਦੀਪ ਅਸੀਜਾ ਦੀ ਮੌਜੂਦਗੀ ਵਿੱਚ ਜਾਰੀ ਕੀਤਾ ਗਿਆ ਹੈ।

ਡੀਜੀਪੀ ਗੌਰਵ ਯਾਦਵ ਅਨੁਸਾਰ ਇਸ ਕਿਤਾਬ ਦੇ ਰੂਪ ਵਿੱਚ ਕੀਤੀ ਗਈ ਇਸ ਪਹਿਲ ਲਈ ਪੰਜਾਬ ਪੁਲਿਸ ਅਤੇ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਤੇ ਸੇਫ਼ ਸੁਸਾਇਟੀ ਨੇ ਸਹਿਯੋਗ ਦਿੱਤਾ ਹੈ।

ਪੰਜਾਬ ‘ਚ ਸੜਕ ਹਾਦਸਿਆਂ, ਟ੍ਰੈਫਿਕ ਉਲੰਘਣਾਵਾਂ ਅਤੇ ਸੜਕ ਸੁਰੱਖਿਆ ਤਰੀਕਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਇਸ ਕਿਤਾਬ ਵਿੱਚ ਕੀਤਾ ਗਿਆ ਹੈ।

ਡੀਜੀਪੀ ਪੰਜਾਬ ਨੇ ਇਹ ਪੂਰੀ ਉਮੀਦ ਜਤਾਈ ਹੈ ਕਿ ਜਿਥੇ ਇਸ ਰਿਪੋਰਟ ਰੂਪੀ ਕਿਤਾਬ ਨਾਲ ਟ੍ਰੈਫਿਕ ਅਤੇ ਕਾਨੂੰਨ ਨੂੰ ਲਾਗੂ ਕਰਨ ਵਾਲੇ ਕਰਮਚਾਰੀਆਂ ਲਈ ਸੂਬੇ ਵਿੱਚ ਟ੍ਰੈਫਿਕ ਨਾਲ ਸਬੰਧਤ ਮੁੱਦਿਆਂ ਨੂੰ ਸਮਝਣ ਅਤੇ ਹੱਲ ਕਰਨ ਲਈ ਮਦਦ ਮਿਲੇਗੀ,ਉਥੇ ਇਹ ਸੜਕ ਸੁਰੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੇ ਵਿਦਵਾਨਾਂ ਅਤੇ ਸਿੱਖਿਆ ਸ਼ਾਸਤਰੀਆਂ ਲਈ ਵੀ ਰੈਫਰੈਂਸ ਮਟੀਰੀਅਲ ਵਜੋਂ ਮਹੱਤਵਪੂਰਨ ਸਾਬਤ ਹੋਵੇਗੀ।

ਇਸ ਤੋਂ ਇਲਾਵਾ ਡੀਜੀਪੀ ਪੰਜਾਬ ਨੇ ਪੰਜਾਬ ਪੁਲਿਸ, ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਅਤੇ ਸੇਫ ਸੋਸਾਇਟੀ ਦੀਆਂ ਟੀਮਾਂ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਸੜਕਾਂ ‘ਤੇ ਦਿਨੋਂ ਦਿਨ ਵੱਧਦੇ ਜਾ ਰਹੇ ਹਾਦਸਿਆਂ ‘ਤੇ ਰੋਕ ਲਗਾਈ ਜਾ ਸਕੇ।