Punjab

ਭਤੀਜੇ ਦੇ ਕਤਲ ਦੇ ਦੋਸ਼ ’ਚ ਪੰਜਾਬੀ ਨੂੰ ਉਮਰ ਕੈਦ, 16 ਸਾਲ ਤੱਕ ਨਹੀ ਮਿਲੇਗੀ ਪੈਰੋਲ

ਐਡਮਿੰਟਨ ਦੀ ਇਕ ਅਦਾਲਤ(Court of Edmonton)  ਨੇ ਪਤਨੀ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰਨ ਅਤੇ ਉਸ ਦੇ ਭਤੀਜੇ ਨੂੰ ਜਾਨੋਂ ਮਾਰਨ ਦੇ ਕੇਸ ’ਚ ਦੋਸ਼ੀ ਗਮਦੂਰ ਬਰਾੜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦੌਰਾਨ ਬਰਾੜ ਨੂੰ 16 ਸਾਲ ਤੱਕ ਪੈਰੋਲ ਨਹੀ ਮਿਲ ਸਕੇਗੀ। ਬਰਾੜ ਨੂੰ ਪੁਲਿਸ ਵੱਲੋਂ 7 ਮਈ, 2021 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਇਸ ਕੇਸ ਵਿਚ ਸਤੰਬਰ, 2023 ’ਚ ਉਸ ਨੂੰ ਕਤਲ ਦਾ ਦੋਸ਼ੀ ਪਾਇਆ ਸੀ।

ਜਾਣਕਾਰੀ ਮੁਤਾਬਕ, ਬਰਾੜ ਨੇ ਭਾਰੀ ਆਵਾਜਾਈ ਵਾਲੀ ਸੜਕ ‘ਤੇ ਅਪਣੀ ਪਤਨੀ ਤੇ ਭਤੀਜੇ ਉੱਪਰ ਗੋਲੀਆਂ ਚਲਾ ਦਿਤੀਆਂ ਸਨ। ਉਸ ਨੂੰ ਕਤਲ ਅਤੇ ਇਰਾਦੇ ਤਹਿਤ ਹਥਿਆਰ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਮਲੇ ਵਿਚ ਉਸ ਦੀ ਪਤਨੀ ਦੇ ਭਤੀਜੇ ਹਰਮਨਜੋਤ ਸਿੰਘ ਭੱਠਲ (19) ਦੀ ਮੌਤ ਹੋ ਗਈ ਸੀ। ਅਦਾਲਤ ‘ਚ ਬਚਾਅ ਧਿਰ ਦੇ ਵਕੀਲ ਨੇ ਕਿਹਾ ਕਿ ਗਮਦੂਰ ਬਰਾੜ ਘਟਨਾ ਸਮੇਂ ਤਣਾਅ ਦਾ ਸ਼ਿਕਾਰ ਸੀ।

ਅਦਾਲਤ ਨੇ ਇਸ ਘਟਨਾ ਨੂੰ ਬੇਰਹਿਮੀ ਵਾਲੀ ਤੇ ਲੋਕਾਂ ਵਿਚ ਡਰ ਭੈਅ ਪੈਦਾ ਕਰਨ ਵਾਲੀ ਦਸਿਆ ਗੈ। ਇਸ ਘਟਨਾ ਤੋਂ ਪਹਿਲਾਂ ਬਰਾੜ ਨੇ ਪੁਲਿਸ ਨੂੰ ਅਪਣੀ ਪਤਨੀ ਦੇ ਗੁੰਮ ਹੋਣ ਦੀ ਇਤਲਾਹ ਦਿਤੀ ਸੀ। ਪੁਲਿਸ ਨੇ ਉਸ ਨੂੰ ਕੁੱਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਸੀ ਜਦਕਿ ਲਗਪਗ ਅੱਧੇ ਤੇ ਘੰਟੇ ਬਾਅਦ ਹੀ ਗਮਦੂਰ ਬਰਾੜ ਨੇ ਅਪਣੀ ਪਤਨੀ ਦੀ ਗੱਡੀ ਦਾ ਪਿੱਛਾ ਕਰਦਿਆਂ ਉਨ੍ਹਾਂ ਉੱਪਰ ਗੋਲੀਆਂ ਚਲਾ ਦਿਤੀਆਂ ਸਨ। ਮ੍ਰਿਤਕ ਹਰਮਨਜੋਤ ਸਿੰਘ (19) ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲਾਂ ਨਾਲ ਸਬੰਧਤ ਸੀ।