Khaas Lekh Khalas Tv Special Lok Sabha Election 2024 Punjab

ਖ਼ਾਸ ਰਿਪੋਰਟ- ਹੁਸ਼ਿਆਰਪੁਰ ਸਮਝਦਾ ਹੈ ਦੇਸ਼ ਦਾ ਮੂਡ! ਨਵੇਂ MP ਦਾ ਵੀ ਕਰ ਲਿਆ ਫੈਸਲਾ! ਸਿਰਫ਼ ਇੱਕ ਹੀ ਪਾਰਟੀ ਮੁਕਾਬਲੇ ’ਚ, ਬਾਕੀ ‘ਡੰਮੀ’ ਉਮੀਦਵਾਰ

Hoshiarpur Seat

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ)- ਹੁਸ਼ਿਆਰਪੁਰ ਲੋਕਸਭਾ ਹਲਕਾ ਪੰਜਾਬ ਦੇ ਤਿੰਨ ਰਿਜ਼ਰਵ ਹਲਕਿਆਂ ਵਿੱਚੋ ਇੱਕ ਹੈ ਅਤੇ ਦੋਆਬੇ ਦੀ ਦੂਜੀ SC ਰਾਖਵੀਂ ਸੀਟ ਹੈ। 2024 ਵਿੱਚ ਹਲਕੇ ਵਿੱਚ ਹੋਣ ਵਾਲੀ ਜਿੱਤ ਹਾਰ ਪੰਜਾਬ ਦੀ ਸਿਆਸਤ ਨੂੰ ਕਈ ਸੁਨੇਹੇ ਦੇਵੇਗੀ। ਪਹਿਲਾ ਸੁਨੇਹਾ ਹੋਵੇਗਾ ਕੀ ਇਹ ਕਿਸ ਦਾ ਗੜ੍ਹ ਹੈ? ਬੀਜੇਪੀ ਜਾਂ ਕਾਂਗਰਸ ਜਾਂ ਫਿਰ ਕੇਂਦਰ ਵਿੱਚ ਰਾਜ਼ ਕਰਨ ਵਾਲੀ ਪਾਰਟੀ ਦਾ। ਹੁਸ਼ਿਆਰਪੁਰ ਵਿੱਚ ਹੋਈਆਂ 16 ਲੋਕਸਭਾ ਚੋਣਾਂ ਵਿੱਚੋ ਕਾਂਗਰਸ 8 ਵਾਰ ਜਿੱਤੀ ਹੈ, ਬੀਜੇਪੀ 5 ਵਾਰ, BSP 1 ਵਾਰ ਤੇ ਜਨਤਾ ਪਾਰਟੀ ਦੇ ਉਮੀਦਵਾਰ ਨੇ 2 ਵਾਰ ਜਿੱਤ ਹਾਸਲ ਕੀਤੀ ਹੈ।

ਅੰਕੜਿਆਂ ਤੋਂ ਭਾਵੇਂ ਕਾਂਗਰਸ ਦਾ ਪੱਲਾ ਭਾਰੀ ਹੈ ਪਰ ਕਾਂਗਰਸ ਦਾ ਜਿੱਤ ਦਾ ਗਰਾਫ 1998 ਤੋਂ ਪਹਿਲਾਂ ਦਾ ਹੈ। ਅਸਲ ਵਿੱਚ ਬੀਜੇਪੀ ਪਿਛਲੇ 25 ਸਾਲਾਂ ਵਿੱਚ ਹੁਸ਼ਿਆਰਪੁਰ ਵਿੱਚ ਬਹੁਤ ਮਜ਼ਬੂਤ ਬਣੀ ਹੈ ਜਾਂ ਇਹ ਕਹਿ ਲਿਓ ਕਿ ਇਹ ਹੁਣ ਬੀਜੇਪੀ ਦਾ ਸਭ ਤੋਂ ਮਜ਼ਬੂਤ ਕਿਲਾ ਬਣ ਗਿਆ ਹੈ। ਗੁਰਦਾਸਪੁਰ ਵਾਂਗ ਇੱਥੇ ਚਹਿਰੇ ਤੋਂ ਜ਼ਿਆਦਾ ਬੀਜੇਪੀ ਦਾ ਨਿਸ਼ਾਨ ਅਹਿਮ ਹੈ। 1998 ਤੋਂ ਬਾਅਦ ਪੰਜਾਬ ਵਿੱਚ ਇਹ ਇਕਲੌਤਾ ਹਲਕਾ ਹੈ ਜਿੱਥੇ ਬੀਜੇਪੀ ਅਕਾਲੀ ਦਲ ਤੋਂ ਬਿਨਾਂ ਵੀ ਮਜ਼ਬੂਤ ਹੈ।

2009 ਤੋਂ ਹੁਸ਼ਿਆਰਪੁਰ ਹਲਕਾ ਰਿਜ਼ਰਵ ਹਲਕਾ ਐਲਾਨਿਆ ਗਿਆ। ਫਿਰ ਵੀ ਬੀਜੇਪੀ ਨੇ ਇੱਥੋ 3 ਵਾਰ ਵਿੱਚੋ 2 ਵਾਰ ਜਿੱਤ ਹਾਸਲ ਕੀਤੀ। ਬੀਜੇਪੀ ਪਿਛਲੀਆਂ 6 ਚੋਣਾਂ ਵਿੱਚ ਹੁਣ ਤੱਕ ਚਾਰ ਵਾਰ ਜਿੱਤ ਹਾਸਲ ਕਰ ਚੁੱਕੀ ਹੈ। ਇਸ ਦੌਰਾਨ 2009 ਵਿੱਚ ਤਾਂ ਬੀਜੇਪੀ ਦੀ ਸਿਰਫ਼ 300 ਵੋਟਾਂ ਦੇ ਫ਼ਰਕ ਨਾਲ ਹਾਰ ਹੋਈ ਸੀ। ਪਿਛਲੇ 25 ਸਾਲਾਂ ਵਿੱਚ ਹੁਸ਼ਿਆਰਪੁਰ ਲੋਕਸਭਾ ਸੀਟ ‘ਤੇ ਬੀਜੇਪੀ ਦਾ ਸਟ੍ਰਾਈਕ ਰੇਟ 90 ਫੀਸਦੀ ਰਿਹਾ ਹੈ। ਬੀਜੇਪੀ ਦੀ ਹੁਸ਼ਿਆਰਪੁਰ ਸੀਟ ਦੇ ਪਿੱਛੇ ਦੀ ਤਾਕਤ ਨੂੰ ਅਸੀਂ ਹੁਣ ਸਿਲਸਿਲੇਵਾਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਨਾਲ ਹੀ 2024 ਵਿੱਚ ਕਿਸ ਪਾਰਟੀ ਦਾ ਪਲੜਾ ਭਾਰੀ ਅਤੇ ਕਿਉਂ ਇਸ ਦੀ ਵੀ ਪਰਚੋਲ ਕਰਾਂਗੇ।

ਬੀਜੇਪੀ ਦੀ ਤਾਕਤ ਪਿੱਛੇ ਕੀ ਕਾਰਨ ਹਨ?

ਹੁਸ਼ਿਆਰਪੁਰ ਹਲਕਾ ਪੰਜਾਬ ਦਾ ਹਿੰਦੂ ਬਹੁ-ਅਬਾਦੀ ਵਾਲਾ ਹਲਕਾ ਹੈ। ਬੀਜੇਪੀ ਨੇ ਇਸ ਹਲਕੇ ਵਿੱਚ ਜ਼ਮੀਨੀ ਪੱਧਰ ‘ਤੇ ਆਪਣੇ ਆਪ ਨੂੰ ਮਜ਼ਬੂਤ ਬਣਾਇਆ ਹੈ। ਹੁਸ਼ਿਆਰਪੁਰ ਹਲਕੇ ਵਿੱਚ ਪੇਂਡੂ ਇਲਾਕੇ ਬਹੁਤ ਦੀ ਘੱਟ ਹਨ ਤੇ ਸ਼ਹਿਰੀ ਖੇਤਰ ਜ਼ਿਆਦਾ ਹਨ। ਇਸੇ ਲਈ ਵੀ ਬੀਜੇਪੀ ਦਾ ਵੋਟ ਬੈਂਕ ਮਜ਼ਬੂਤ ਹੈ।

ਹੁਸ਼ਿਆਰਪੁਰ ਹਲਕੇ ਨੂੰ ਇੱਕ ਹੋਰ ਚੀਜ਼ ਸਭ ਤੋਂ ਵੱਖ ਕਰਦੀ ਹੈ। ਉਹ ਹੈ ਇਸ ਹਲਕੇ ਨਾਲ ਜੁੜ ਦੇ ਇਲਾਕੇ। ਇਸ ਦਾ ਇੱਕ ਹਿੱਸਾ ਜਲੰਧਰ, ਕਪੂਰਥਲਾ ਨਾਲ ਜੁੜਦਾ ਹੈ ਜਦਕਿ ਦੂਜਾ ਹਿੱਸਾ ਗੁਰਦਾਸਪੁਰ ਨਾਲ ਅਤੇ ਤੀਜਾ ਹਿੱਸਾ ਹਿਮਾਚਲ ਦੇ ਕਾਂਗੜਾ, ਊਨਾ ਜ਼ਿਲ੍ਹੇ ਨਾਲ ਜੁੜਦਾ ਹੈ। ਵੱਡੀ ਗਿਣਤੀ ਵਿੱਚ ਹਿਮਾਚਲ ਦੇ ਲੋਕ ਹੁਸ਼ਿਆਰਪੁਰ ਵਿੱਚ ਵੱਸੇ ਹੋਏ ਹਨ ਜਿਸ ਨੇ ਪਿਛਲੇ 25 ਸਾਲਾਂ ਵਿੱਚ ਬੀਜੇਪੀ ਨੂੰ ਤਾਕਤ ਦਿੱਤੀ ਹੈ, ਵੋਟ ਮਜ਼ਬੂਤ ਹੋਇਆ ਹੈ। ਦੇਸ਼ ਵਿੱਚ ਰਾਮ ਮੰਦਰ ਵਰਗੇ ਵੱਡੇ ਮੁੱਦੇ ਨੇ ਤਾਂ ਬੀਜੇਪੀ ਨੂੰ ਹੋਰ ਮਜ਼ਬੂਤੀ ਦਿੱਤੀ ਹੈ।

ਹੁਸ਼ਿਆਰਪੁਰ ਦੇ ਸਿਆਸੀ ਇਤਿਹਾਸ ਦੀ ਇੱਕ ਹੋਰ ਚੀਜ਼ ਬੀਜੇਪੀ ਨੂੰ ਮਜ਼ਬੂਤੀ ਦਿੰਦੀ ਹੈ ਉਹ ਹੈ ਕੇਂਦਰ ਵੱਲ ਝੁਕਾਅ। ਹੁਸ਼ਿਆਰਪੁਰ ਦੇ ਲੋਕਾਂ ਨੇ ਜਦੋਂ ਵੀ ਉਮੀਦਵਾਰ ਦਾ ਫੈਸਲਾ ਕੀਤਾ, ਇਹ ਧਿਆਨ ਵਿੱਚ ਰੱਖਿਆ ਕਿ ਕੇਂਦਰ ਵਿੱਚ ਕਿਹੜੀ ਪਾਰਟੀ ਮਜ਼ਬੂਤ ਹੈ। ਜਦੋਂ ਕੇਂਦਰ ਵਿੱਚ ਕਾਂਗਰਸ ਮਜ਼ਬੂਤ ਸੀ ਤਾਂ ਹੁਸ਼ਿਆਰਪੁਰੀਏ ਉਨ੍ਹਾਂ ਨਾਲ ਗਏ। ਹੁਣ ਜਦੋਂ ਬੀਜੇਪੀ ਮਜ਼ਬੂਤ ਹੋਈ ਤਾਂ ਉਨ੍ਹਾਂ ਖੜੇ ਹਨ। ਹੁਣ ਸਵਾਲ ਇਹ ਹੈ ਕਿ 2024 ਵਿੱਚ ਨਤੀਜਾ ਕੀ ਹੋਵੇਗਾ, ਕੀ ਬੀਜੇਪੀ ਹੁਸ਼ਿਆਰਪੁਰ ਵਿੱਚ ਇੰਨੀ ਮਨਜ਼ਬੂਤ ਹੈ ਕੀ ਉਹ ਬਿਨਾਂ ਅਕਾਲੀ ਦਲ ਦੇ ਜਿੱਤ ਤੈਅ ਹਾਸਲ ਕਰ ਸਕਦੀ ਹੈ? ਇਸ ਨੂੰ ਹੁਣ ਉਮੀਦਵਾਰਾਂ ਦੇ ਚਹਿਰਿਆਂ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਚੱਬੇਵਾਲ ਤੋਂ ਵਿਧਾਇਕ ਰਾਜਕੁਮਾਰ ਚੱਬੇਵਾਲ ਨੂੰ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਆਪਣਾ ਉਮੀਦਵਾਰ ਬਣਾਇਆ ਹੈ। ਉਹ ਪਿਛਲੀ ਵਾਰ ਵੀ ਕਾਂਗਰਸ ਦੀ ਟਿਕਟ ਤੋਂ ਹੁਸ਼ਿਆਰਪੁਰ ਤੋਂ ਚੋਣ ਲੜੇ ਸਨ। ਪਰ 50 ਹਜ਼ਾਰ ਦੇ ਫਰਕ ਨਾਲ ਬੀਜੇਪੀ ਦੇ ਉਮੀਦਵਾਰ ਸੋਮ ਪ੍ਰਕਾਸ਼ ਤੋਂ ਹਾਰ ਗਏ ਸਨ। ਪਰ ਉਹ ਚੱਬੇਵਾਰ ਹਲਕੇ ਤੋਂ 2 ਵਾਰ ਦੇ ਵਿਧਾਇਕ ਹਨ। ਇਸ ਲਈ ਉਮੀਦਵਾਰ ਦੇ ਪੱਖੋਂ ਰਾਜਕੁਮਾਰੀ ਦੀ ਦਾਅਵੇਦਾਰੀ ਮਜ਼ਬੂਤ ਹੈ। ਆਮ ਆਦਮੀ ਪਾਰਟੀ ਦੇ ਪੱਖ ਵਿੱਚ ਇੱਕ ਹੋਰ ਗੱਲ ਇਹ ਹੈ ਕਿ ਹੁਸ਼ਿਆਪਰਪੁਰ ਲੋਕਸਭਾ ਹਲਕੇ ਵਿੱਚ 9 ਵਿਧਾਨਸਭਾ ਹਲਕੇ ਹਨ, ਜਿੰਨਾਂ ਵਿੱਚ 5 ਹਲਕੇ ਹਰਗੋਬਿੰਦਪੁਰ, ਦਸੂਹਾ, ਉਰਮੁੜ, ਸ਼ਾਮ ਚੌਰਾਸੀ ਅਤੇ ਹੁਸ਼ਿਆਰਪੁਰ ਵਿੱਚ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਜਦਕਿ ਭੁਲੱਥ ਅਤੇ ਫਗਵਾੜਾ ਅਤੇ ਚੱਬੇਵਾਲ ਤੋਂ ਕਾਂਗਰਸ ਅਤੇ ਬੀਜੇਪੀ ਨੇ ਸਿਰਫ ਮੁਕੇਰੀਆਂ ਤੋਂ ਜਿੱਤ ਹਾਸਲ ਕੀਤੀ ਸੀ। ਪਰ ਹੁਸ਼ਿਆਰਪੁਰ ਦੇ ਲੋਕਾਂ ਦੀ ਲੋਕ ਸਭਾ ਤੇ ਵਿਧਾਨਸਭਾ ਵਿੱਚ ਵੋਟ ਕਰਨ ਦੀ ਸੋਚ ਵੱਖਰੀ ਹੈ।

ਬੀਜੇਪੀ ਨੇ ਆਪਣਾ ਉਮੀਦਵਾਰ ਮੌਜੂਦਾ ਐੱਮਪੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਬਣਾਇਆ ਹੈ। ਸੋਮ ਪ੍ਰਕਾਸ਼ ਦੀ ਤਬੀਅਤ ਖ਼ਰਾਬ ਹੋਣ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਦੇ ਘਰ ਤੋਂ ਬਾਹਰ ਟਿਕਟ ਨਹੀਂ ਜਾਣ ਦਿੱਤੀ। ਇਸ ਦਾ ਸਾਫ਼ ਮਤਲਬ ਹੈ ਕਿ ਸੋਮ ਪ੍ਰਕਾਸ਼ ਦੀ ਹਲਕੇ ਵਿੱਚ ਮਜ਼ਬੂਤ ਪਕੜ ਹੈ। ਉਹ ਸਾਬਕਾ IAS ਅਫ਼ਸਰ ਹਨ ਅਤੇ ਹੁਸ਼ਿਆਰਪੁਰ ਦੇ ਡੀਸੀ ਵੀ ਰਹੇ ਹਨ, ਕੇਂਦਰ ਵਿੱਚ ਮੰਤਰੀ ਰਹੇ ਅਤੇ ਚਿਹਰਾ ਵੀ ਬੇਦਾਗ਼ ਹੈ।

ਵਿਜੇ ਸਾਂਪਲਾ 2014 ਵਿੱਚ ਬੀਜੇਪੀ ਦੀ ਟਿਕਟ ‘ਤੇ ਹੁਸ਼ਿਆਰਪੁਰ ਤੋਂ ਜਿੱਤੇ ਸਨ। ਇਸ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਨੂੰ ਦੂਜੀ ਵਾਰ ਟਿਕਟ ਨਹੀਂ ਦਿੱਤੀ। ਪਿਛਲੀ ਵਾਰ ਤਾਂ ਸਾਂਪਲਾ ਮੰਨ ਗਏ। ਇਸ ਵਾਰ ਉਨ੍ਹਾਂ ਦੇ ਤੇਵਰ ਬਾਗੀ ਹਨ, ਉਨ੍ਹਾਂ ਨੇ ਕਿਸੇ ਵੀ ਪਾਰਟੀ ਵਿੱਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਦੀ ਨਰਾਜ਼ਗੀ ਨਾਲ ਪਾਰਟੀ ਨੂੰ ਕੁਝ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਬੀਜੇਪੀ ਕੈਡਰ ਬੇਸ ਪਾਰਟੀ ਹੈ ਉਨ੍ਹਾਂ ਦੇ ਵੋਟਰ ਚਹਿਰੇ ਤੋਂ ਜ਼ਿਆਦਾ ਪਾਰਟੀ ਦੇ ਨਿਸ਼ਾਨ ਨੂੰ ਵੋਟ ਪਾਉਂਦੇ ਹਨ। ਬੀਜੇਪੀ ਨਾਲ ਇੱਕ ਹੋਰ ‘ਪਲੱਸ ਪੁਆਇੰਟ’ ਇਹ ਹੈ ਹੁਸ਼ਿਆਰਪੁਰ ਦੇ ਲੋਕ ਕੇਂਦਰ ਦੀ ਸੱਤਾ ਨਾਲ ਜਾਂਦੇ ਹਨ।

ਅਕਾਲੀ ਦਲ ਨੇ ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਨੂੰ ਉਮੀਦਵਾਰ ਬਣਾਇਆ ਹੈ। ਸਾਂਪਲਾ ਦੇ ਆਉਣ ਦਾ ਇੰਤਜ਼ਾਰ ਕਰਦੀ ਰਹੀ ਅਕਾਲੀ ਦਲ ਨੂੰ ਠੰਡਲ ਦੇ ਨਾਂ ਮੋਹਰ ਲਗਾਉਣੀ ਪਈ। ਅਕਾਲੀ ਦਲ 28 ਸਾਲ ਬਾਅਦ ਹੁਸ਼ਿਆਰਪੁਰ ਤੋਂ ਚੋਣ ਲੜ ਰਹੀ ਹੈ। ਉਮੀਦਵਾਰ ਕਮਜ਼ੋਰ ਹੋਣ ਦੀ ਵਜ੍ਹਾ ਕਰਕੇ ਪਾਰਟੀ ਦੀ ਕੁਝ ਜ਼ਿਆਦਾ ਨਹੀਂ ਕਰ ਸਕੇਗੀ।

ਕਾਂਗਰਸ ਨੇ ਯਾਮਿਨੀ ਗੋਮਰ ਨੂੰ ਉਮੀਦਵਾਰ ਬਣਾਇਆ ਹੈ। ਉਹ 2014 ਵਿੱਚ ਵੀ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ ਪਰ ਹਾਰ ਗਏ ਸਨ। 2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਨਰਾਜ਼ ਯਾਮਿਨੀ ਕਾਂਗਰਸ ਵਿੱਚ ਸ਼ਾਮਲ ਹੋਏ ਗਏ ਸਨ। ਪਰ ਉਮੀਦਵਾਰ ਪੱਖੋਂ ਉਨ੍ਹਾਂ ਦੀ ਦਾਅਵੇਦਾਰੀ ਕਾਫੀ ਕਮਜ਼ੋਰ ਮੰਨੀ ਜਾਂਦੀ ਹੈ।

ਕੁੱਲ ਮਿਲਾਕੇ ਹੁਸ਼ਿਆਰਪੁਰ ਲੋਕਸਭਾ ਸੀਟ ਬੀਜੇਪੀ ਨੂੰ ਜਿੱਤ ਦਾ ਭਰੋਸਾ ਦੇਣ ਵਾਲੀ ਸੀਟ ਹੈ। ਪਾਰਟੀ ਦਾ ਉਮੀਦਵਾਰ ਮਜ਼ਬੂਤ ਹੈ, ਬਹੁਗਿਣਤੀ ਹਿੰਦੂ ਵੋਟਰ ਅਤੇ ਦੇਸ਼ ਦੀ ਚੱਲ ਰਹੀ ਮੌਜੂਦ ਹਵਾ ਇਸ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਆਪ ਦਾ ਉਮੀਦਵਾਰ ਸਿਆਸੀ ਤਿਤਲੀ ਹੈ। ਹਲਕੇ ਦੇ ਲੋਕ ਰਾਜਕੁਮਾਰ ਚੱਬੇਵਾਲ ਦੇ ਪਾਲਾ ਬਦਲਣ ਦੇ ਕਦਮ ਨੂੰ ਕਿਸ ਤਰ੍ਹਾਂ ਲੈਣਗੇ ਇਹ ਵੇਖਣ ਵਾਲੀ ਗੱਲ ਹੋਵੇਗੀ। ਕਾਂਗਰਸ ਲਈ ਹੁਸ਼ਿਆਰਪੁਰ ਵਿੱਚ ਕਮਜ਼ੋਰ ਕੜੀ ਉਮੀਦਵਾਰ ਹੈ।

ਇਹ ਵੀ ਪੜ੍ਹੋ – ਖ਼ਾਸ ਰਿਪੋਰਟ – ਗੁਰਦਾਸਪੁਰ ਸੀਟ ’ਤੇ ਰਾਤੋ-ਰਾਤ ਹੋ ਗਿਆ ਖੇਡ! ਦੂਜੇ ਨੰਬਰ ’ਤੇ ਪਹੁੰਚ ਗਿਆ ਜਿੱਤ ਰਿਹਾ ਉਮੀਦਵਾਰ! ਤੀਜਾ-ਚੌਥਾ ਨੰਬਰ ਵੀ ਬਦਲਿਆ