Punjab

ਤਰਨਤਾਰਨ ਨੇ ਮੁੜ ਤੋਂ ਕੀਤਾ ਸ਼ਮਰਸਾਰ! ‘ਲਵ ਮੈਰਿਜ’ ਕਰਨ ਦੇ ਖੌਫਨਾਕ ਅੰਜਾਮ ਨੇ ਦਿਲ ਕੰਬਾ ਦਿੱਤਾ

ਬਿਉਰੋ ਰਿਪੋਰਟ: ਤਰਨਤਾਰਨ (Tarn Taran) ਵਿੱਚ ਹਫ਼ਤੇ ਦੇ ਵਿੱਚ ਲਵਮੈਰਿਜ (Love Marriage) ਸਬੰਧੀ ਦੂਜੀ ਖ਼ੌਫਨਾਕ ਵਾਰਦਾਤ ਨੇ ਹਿਲਾ ਕੇ ਰੱਖ ਦਿੱਤਾ ਹੈ। ਪ੍ਰੇਮ ਵਿਆਹ ਕਰਵਾਉਣ ਵਾਲੇ ਇੱਕ ਨੌਜਵਾਨ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਹਮਲਾਵਰ ਮੋਟਰਸਾਈਕਲ ’ਤੇ ਸਵਾਰ ਸਨ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਏ। ਖ਼ੂਨ ਨਾਲ ਲਥਪਥ ਨੌਜਵਾਨ ਨੂੰ ਅੰਮ੍ਰਿਤਸਰ (Amritsar) ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ, ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਤਰਨਤਾਰਨ ਵਿੱਚ ਇੱਕ ਮੁੰਡੇ ਦੀ ਮਾਂ ਨੂੰ ਨਗਨ ਘੁਮਾਇਆ ਗਿਆ ਸੀ ਕਿਉਂਕਿ ਪੁੱਤਰ ਨੇ ਲਵ ਮੈਰਿਜ ਕਰਵਾਈ ਸੀ। ਇਸ ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਅਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਪੰਜਾਬ ਸਰਕਾਰ ਕੋਲੋਂ ਰਿਪੋਰਟ ਮੰਗੀ ਹੈ।

ਨੌਜਵਾਨ ਦੀ ਮਾਂ ਨੇ ਦੱਸੀ ਵਾਰਦਾਤ ਦੀ ਵਜ੍ਹਾ

ਪਿੰਡ ਏਕਲਗੱਡਾ ਦੀ ਰਹਿਣ ਵਾਲੀ ਜ਼ਖਮੀ ਨੌਜਵਾਨ ਦੀ ਮਾਂ ਸੁਖਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦੇ ਮੁੰਡੇ ਰਵਿੰਦਰ ਸਿੰਘ ਨੇ ਕਰੀਬ ਇੱਕ ਸਾਲ ਪਹਿਲਾਂ ਅਨਮੋਲਦੀਪ ਕੌਰ ਨਾਲ ਲਵ ਮੈਰਿਜ ਕਰਵਾਈ ਸੀ। ਬੀਤੀ 7 ਅਪ੍ਰੈਲ ਨੂੰ ਜਦੋਂ ਉਹ ਖ਼ੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਸ਼ਾਮ ਕਰੀਬ 7 ਵਜੇ ਵਾਪਸ ਘਰ ਮੁੜ ਰਹੇ ਸਨ ਤਾਂ ਪੁੱਤਰ ਨੂੰ ਗੋਲੀ ਮਾਰੀ ਗਈ।

ਮਾਂ ਦੇ ਬਿਆਨ ਮੁਤਾਬਕ ਨੌਜਵਾਨ ਰਵਿੰਦਰ ਸਿੰਘ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਨ੍ਹਾਂ ਦੇ ਅੱਗੇ-ਅੱਗੇ ਜਾ ਰਿਹਾ ਸੀ। ਇਸੇ ਦੌਰਾਨ ਦੋ ਵਿਅਕਤੀ ਉਨ੍ਹਾਂ ਦੇ ਪਿੱਛੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ ਦੇ ਬਰਾਬਰ ਆ ਕੇ ਰਿਵਾਲਵਰ ਰਾਹੀਂ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਹ ਫਾਇਰ ਉਸ ਦੀ ਛਾਤੀ ਵਿਚ ਜਾ ਲੱਗੇ ਅਤੇ ਉਹ ਜ਼ਮੀਨ ਉੱਪਰ ਡਿੱਗ ਪਿਆ। ਜ਼ਮੀਨ ’ਤੇ ਡਿੱਗਣ ਤੋਂ ਬਾਅਦ ਹਮਲਾਵਰਾਂ ਵੱਲੋਂ 3-4 ਹੋਰ ਫਾਇਰ ਉਸ ਉੱਪਰ ਕੀਤੇ ਗਏ, ਜੋ ਉਸ ਦੇ ਸਰੀਰ ਦੇ ਵੱਖ-ਵੱਖ ਅੰਗਾਂ ਉੱਪਰ ਜਾ ਵੱਜੇ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰਾਂ ਨੇ ਰਵਿੰਦਰ ਸਿੰਘ ਨੂੰ ਤਾੜਨਾ ਕੀਤੀ ਕਿ ਇਹ ਉਨ੍ਹਾਂ ਨੇ ਉਸ ਨੂੰ ‘ਪਿੰਡ ਵਿੱਚ ਵਿਆਹ ਕਰਵਾਉਣ ਦੀ ਸਜ਼ਾ ਦਿੱਤੀ ਹੈ।’ ਸੁਖਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੀ ਕੁੜੀ ਨਾਲ ਹੀ ਪ੍ਰੇਮ ਵਿਆਹ ਕਰਵਾਉਣ ਕਰਕੇ ਉਸ ਦੇ ਪੁੱਤਰ ਨੂੰ ਗੋਲ਼ੀਆਂ ਮਾਰੀਆਂ ਗਈਆਂ ਹਨ।

ਪੁਲਿਸ ਦੀ ਕਾਰਵਾਈ

ਥਾਣਾ ਵੈਰੋਵਾਲ (Thana Verowal) ਦੇ ਸਹਾਇਕ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਂ ਸੁਖਵਿੰਦਰ ਕੌਰ ਦੇ ਬਿਆਨਾਂ ਹੇਠ ਨਿਰਵੈਲ ਸਿੰਘ ਪੁੱਤਰ ਦਿਆਲ ਸਿੰਘ, ਕੰਵਲਜੀਤ ਸਿੰਘ ਪੁੱਤਰ ਨਿਰਵੈਲ ਸਿੰਘ, ਸਾਜਨ ਪੁੱਤਰ ਜਸਪਾਲ ਸਿੰਘ, ਪਰਮਿੰਦਰ ਕੌਰ ਪਤਨੀ ਮੁਖਤਿਆਰ ਸਿੰਘ ਵਾਸੀਆਨ ਏਕਲਗੱਡਾ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।