Khetibadi Punjab

ਪੰਜਾਬ ’ਚ ਤਰਸਯੋਗ ਹੋਈ ਨਸ਼ੇ ਦੀ ਹਾਲਤ! ਬਜ਼ੁਰਗ ਮਾਂ ਨੇ ਪੁੱਤ ਦੇ ਨਸ਼ੇ ਖ਼ਾਤਰ ਖੇਤੀ ਮੰਤਰੀ ਕੋਲ ਰੱਖੀ ਕਸੂਤੀ ਮੰਗ

Gurmeet Singh Khuddian

ਪੰਜਾਬ ਵਿੱਚ ਨਸ਼ੇ ਦੀ ਹਾਲਤ ਇਸ ਕਦਰ ਤਰਸ ਯੋਗ ਹੈ ਕਿ ਇੱਕ ਮਾਂ ਨੂੰ ਆਪਣੇ ਪੁੱਤਰ ਨੂੰ ਹੈਰੋਇਨ ਵਰਗੇ ਨਸ਼ੇ ਤੋਂ ਬਾਹਰ ਕੱਢਣ ਦੇ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਾਹਮਣੇ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਕਰਨੀ ਪਈ ਹੈ। ਇਹ ਮੰਗ ਇੱਕ ਬਜ਼ੁਰਤ ਔਰਤ ਨੇ ਉਸ ਵੇਲੇ ਰੱਖੀ ਜਦੋਂ ਬਠਿੰਡਾ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਮੋੜਕਲਾਂ ਵਿੱਚ ਪ੍ਰਚਾਰ ਕਰ ਰਹੇ ਸਨ।

ਔਰਤ ਦੀ ਮੰਗ ਸੁਣਨ ਤੋ ਬਾਅਦ ਖੁੱਡੀਆਂ ਨੇ ਕਿਹਾ ਅਸੀਂ ਤਾਂ ਨਸ਼ਾ ਬੰਦ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਕਹਿੰਦੇ ਹੋ ਨਸ਼ਾ ਪੈਦਾ ਕਰਨ ਦੀ ਇਜਾਜ਼ਤ ਦਿਉ। ਬਜ਼ੁਰਗ ਔਰਤ ਨੇ ਕਿਹਾ ਨਸ਼ਾ ਛੱਡਣ ਦੇ ਲਈ ਉਸ ਨੂੰ ਕੁਝ ਚਾਹੀਦਾ ਹੈ, ਉਸ ਨੂੰ ਅਫ਼ੀਮ ਨਹੀਂ ਮਿਲਦੀ ,ਭੁੱਕੀ ਨਹੀਂ ਮਿਲਦੀ।

ਫਿਰ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਫਿਰ ਉਹ ਦੂਜੇ ਨਸ਼ੇ ਵੱਲ ਲੱਗ ਜਾਵੇਗਾ। ਬਜ਼ੁਰਗ ਨੇ ਜਵਾਬ ਵਿੱਚ ਕਿਹਾ ਫਿਰ ਤੁਸੀਂ ਦਾਰੂ ਦੇ ਠੇਕੇ ਵੀ ਬੰਦ ਕਰੋ। ਰਾਤ ਵੇਲੇ ਦਾਰੂ ਪੀ ਕੇ ਟਰੈਕਟਰ ਅਤੇ ਟਰਾਲੀ ਦੇ ਨਾਲ ਪੁੱਤਰ ਸੂਏ ਵਿੱਚ ਡਿੱਗ ਗਿਆ। ਅੱਜ ਮੇਰਾ ਪੁੱਤ ਮਰ ਜਾਂਦਾ ਤਾਂ ਮੈਂ ਕਿੱਥੋਂ ਲੈਕੇ ਆਉਂਦੀ?

ਖੁੱਡੀਆਂ ਨੇ ਕਿਹਾ ਤੁਸੀਂ ਉਸ ਨੂੰ 10 ਦਿਨ ਕੰਮ ‘ਤੇ ਨਾ ਲਾਓ, ਘਰ ਬਿਠਾਓ, ਕੰਮ ਕਰਨ ਵਾਲਾ ਇਕੱਲਾ ਮੁੰਡਾ ਹੈ, ਕਿਸ ਤੋਂ ਕੰਮ ਕਰਵਾਈਏ? ਫਿਰ ਖੁੱਡੀਆਂ ਨੇ ਕਿਹਾ ਕੰਮ ਚੰਗਾ ਹੈ ਜਾਂ ਫਿਰ ਜਾਨ ਚੰਗੀ ਹੈ।

ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਸਿਆਸਤਦਾਨ ਪੰਜਾਬ ਵਿੱਚ ਪੋਸਤ ਦੀ ਖੇਤੀ ਦੀ ਮੰਗ ਕਰ ਚੁੱਕੇ ਹਨ। ਪਟਿਆਲਾ ਤੋਂ ਕਾਂਗਰਸ ਦੇ ਮੌਜੂਦਾ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦਾ ਨਾਂ ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਹੈ। ਉਨ੍ਹਾਂ ਨੇ ਕਿਹਾ ਸੀ ਸਿਨਥੈਟਿਕ ਡਰੱਗ ਵਰਗੇ ਨਸ਼ਿਆਂ ਨਾਲ ਨੌਜਵਾਨ ਖ਼ਤਮ ਹੋ ਰਹੇ ਹਨ, ਰਵਾਇਤੀ ਨਸ਼ੇ ਦੇ ਜ਼ਰੀਏ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਉਦਾਹਰਨ ਦਿੱਤਾ ਸੀ ਜਿੱਥੇ ਅਫ਼ੀਮ ਦੀ ਖੇਤੀ ਅਤੇ ਠੇਕਿਆਂ ਨੂੰ ਕਾਨੂੰਨੀ ਇਜਾਜ਼ਤ ਦਿੱਤੀ ਗਈ ਹੈ। ਪੰਜਾਬ ਵਿੱਚ ਅਫ਼ੀਮ ਦੀ ਖੇਤੀ ਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਾਂ ਇਹ ਵੱਡਾ ਮੁੱਦਾ ਹੈ। ਸਿਰਫ਼ ਭਾਵਨਾਵਾਂ ਵਿੱਚ ਆ ਕੇ ਫੈਸਲਾ ਨਹੀਂ ਲਿਆ ਜਾ ਸਕਦਾ।