Punjab

ਪੰਜਾਬ ਦੇ ਸਰਕਾਰੀ ਸਕੂਲ ‘ਚ ਬੱਚਿਆਂ ਤੋਂ ਬਾਥਰੂਮ ਦੀ ਸਫਾਈ ਦਾ ਵੀਡੀਓ ਵਾਇਰਲ ! ਪਿੰਡ ਦੇ ਇੱਕ ਸ਼ਖ਼ਸ ਨੇ ਸਿੱਖਿਆ ਮੰਤਰੀ ਨੂੰ ਭੇਜਿਆ !

ਬਿਉਰੋ ਰਿਪੋਰਟ : ਮਾਨ ਸਰਕਾਰ ਨੇ ਸਿਹਤ ਅਤੇ ਸਿੱਖਿਆ ਨੂੰ ਆਪਣੀ ਸਰਕਾਰ ਦਾ ਅਹਿਮ ਟੀਚਾ ਦੱਸਿਆ ਹੈ । ਸਿੱਖਿਆ ਮੰਤਰੀ ਵਾਰ-ਵਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦਾ ਦਾਅਵਾ ਕਰਦੇ ਹਨ । ਪਰ ਪਹਿਲਾਂ ਹੁਸ਼ਿਆਰਪੁਰ ਦੇ ਇੱਕ ਸਕੂਲ ਦਾ ਵੀਡੀਓ ਨਸ਼ਰ ਹੋਇਆ ਜਿਸ ਵਿੱਚ ਬੱਚਿਆਂ ਤੋਂ ਬਾਥਰੂਮ ਦੀ ਸਫਾਈ ਕਰਵਾਈ ਜਾ ਰਹੀ ਸੀ ਹੁਣ ਗੋਇੰਦਵਾਲ ਸਾਹਿਬ ਦੇ ਸੀਨੀਅਰ ਸਕੈਂਡਰੀ ਸਕੂਲ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਬੱਚਿਆਂ ਤੋਂ ਸਫਾਈ ਕਰਵਾਈ ਜਾ ਰਹੀ ਹੈ ।

ਸਰਕਾਰੀ ਸਕੂਲ ਵਿੱਚ ਅਧਿਆਪਕ ਬੱਚਿਆਂ ਨੂੰ ਪੜਾਉਣ ਦੀ ਥਾਂ ਸਿਰ ‘ਤੇ ਖੜੇ ਹੋਕੇ ਸਾਫ ਸਫਾਈ ਕਰਵਾ ਰਹੇ ਹਨ । ਬੱਚਿਆ ਦੇ ਹੱਥ ਵਿੱਚ ਕਿਤਾਬ ਨਹੀਂ ਬਲਕਿ ਝਾੜੂ ਹੈ ਉਹ ਪੜਨ ਦੀ ਥਾਂ ਫਰਸ਼ ਸਾਫ ਕਰ ਰਹੇ ਹਨ । ਬੱਚਿਆਂ ਤੋਂ ਸਕੂਲ ਦੀ ਸਫਾਈ ਕਰਵਾਉਣ ਦਾ ਵੀਡੀਓ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਭੇਜਿਆ ਗਿਆ ਹੈ ।

ਪਿੰਡ ਦੇ ਨੌਜਵਾਨ ਨੇ ਵੀਡੀਓ ਬਣਾ ਕੇ ਖੋਲੀ ਪੋਲ

ਇੱਕ ਪਾਸੇ ਸਰਕਾਰ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਦੇ ਲਈ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਦੇ ਲਈ ਭੇਜ ਰਹੀ ਹੈ । ਦੂਜੇ ਪਾਸੇ ਪੰਜਾਬ ਦੇ ਸਕੂਲਾਂ ਦਾ ਇਹ ਹਾਲ ਹੈ । ਇਹ ਤਸਵੀਰਾਂ ਮਾਨ ਸਰਕਾਰ ਦੇ ਸਮਾਰਟ ਸਕੂਲਾਂ ਦੇ ਦਾਅਵੇ ਨੂੰ ਮੂੰਹ ਚਿੜਾ ਰਹੀਆਂ ਹਨ । ਜਿਸ ਦੀ ਪੋਲ ਗੋਇੰਦਵਾਲ ਸਾਹਿਬ ਤੋਂ ਸਾਹਮਣੇ ਆਏ ਤਾਜ਼ਾ ਵੀਡੀਓ ਨੇ ਖੋਲੀ ਹੈ । ਪਿੰਡ ਦੇ ਹੀ ਇੱਕ ਸ਼ਖ਼ਸ ਨੇ ਸਕੂਲ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਤੋਂ ਸਫਾਈ ਕਰਵਾਉਣ ਦਾ ਵੀਡੀਓ ਬਣਾਇਆ ਹੈ । ਸਕੂਲ ਵਿੱਚ ਬੱਚਿਆਂ ਕੋਲੋ ਸਫਾਈ ਕਰਵਾਈ ਜਾ ਰਹੀ ਹੈ ਜਦਕਿ ਪੜਾਈ ਤੋਂ ਇਲਾਵਾ ਸਕੂਲ ਵਿੱਚ ਕਿਸੇ ਵੀ ਬੱਚੇ ਤੋਂ ਦੂਜਾ ਕੰਮ ਕਰਵਾਇਆ ਨਹੀਂ ਜਾ ਸਕਦਾ ਹੈ । ਹਾਲਾਂਕਿ ‘ਦ ਖਾਲਸ ਟੀਵੀ ਆਪਣੇ ਵੱਲੋਂ ਇਸ ਵੀਡੀਓ ਦੀ ਤਸਦੀਕ ਨਹੀਂ ਕਰਦਾ ਹੈ । ਇਹ ਵੀਡੀਓ ਪਿੰਡ ਦੇ ਇੱਕ ਨੌਜਵਾਨ ਵੱਲੋਂ ਬਣਾਇਆ ਗਿਆ ਹੈ।