Punjab

ਯੂਨੀਵਰਸਿਟੀ ‘ਚ ਇੰਜੀਨਅਰਿੰਗ ਦੇ ਵਿਦਿਆਰਥੀ ਨਾਲ ਹੋਇਆ ਇਹ ਕਾਰਾ ! ਕਿਸੇ ਨੇ ਨਹੀਂ ਕੀਤੀ ਮਦਦ !

ਬਿਊਰੋ ਰਿਪੋਰਟ : ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਹੁਤ ਦੀ ਦਰਦਨਾਕ ਤੇ ਖੌਫਨਾਕ ਖ਼ਬਰ ਸਾਹਮਣੇ ਆਈ ਹੈ । ਬੀ ਟੈਕ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਵਿਦਿਆਰਥੀ ਦਾ ਨਾਂ ਨਵਜੋਤ ਸਿੰਘ ਦੱਸਿਆ ਜਾ ਰਿਹਾ ਹੈ। ਇਹ ਵਾਰਦਾਤ ਈਕੋ ਡਿਪਾਰਟਮੈਂਟ ਦੇ ਸਾਹਮਣੇ ਹੋਈ ਜਿੱਥੇ ਸਭ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਸਰਗਰਮੀ ਵੇਖੀ ਜਾਂਦੀ ਹੈ । ਵਾਰਦਾਤ ਨੂੰ ਅੰਜਾਮ ਤਕਰੀਬਨ ਸਵਾ 12 ਵਜੇ ਦਿੱਤਾ ਗਿਆ । ਬਾਹਰੋ ਆਏ ਕੁਝ ਨੌਜਵਾਨਾਂ ਦੇ ਗਰੁੱਪ ਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਝਗੜਾ ਹੋ ਗਿਆ । ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ‘ਤੇ ਤੇਜ਼ਧਾਰ ਹਥਿਆਰ ਦੇ ਨਾਲ ਤਿੰਨ ਵਾਰ ਕੀਤੇ। 2 ਪੱਟ ‘ਤੇ ਅਤੇ ਇੱਕ ਪੇਟ ਵਿੱਚ ਕੀਤਾ । ਜਿਸ ਤੋਂ ਬਾਅਦ ਨਵਜੋਤ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ । ਉਸ ਨੂੰ ਕੁਝ ਵਿਦਿਆਰਥੀ ਮੋਟਰਸਾਈਕਲ ‘ਤੇ ਬਿਠਾ ਕੇ ਯੂਨੀਵਰਸਿਟੀ ਦੀ ਡਿਸਪੈਨਸਰੀ ਵਿੱਚ ਲੈਕੇ ਗਏ । ਪਰ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ।

ਹਸਪਤਾਲ ਵਿੱਚ ਦਮ ਤੋੜਿਆ

ਹਾਲਤ ਜ਼ਿਆਦਾ ਖਰਾਬ ਹੋਣ ਦੀ ਵਜ੍ਹਾ ਕਰਕੇ ਸਾਥੀ ਵਿਦਿਆਰਥੀ ਨਵਜੋਤ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਲੈਕੇ ਗਏ ਪਰ ਪੇਟ ਵਿੱਚ ਜਿਸ ਤਰ੍ਹਾਂ ਤਿੱਖੇ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ । ਨਵਜੋਤ ਦੀ ਹਾਲਤ ਕਾਫੀ ਖਰਾਬ ਹੋ ਗਈ ਅਤੇ ਉਸ ਦੀ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਨਾਭਾ ਦੇ ਸੰਗਤਪੁਰਾ ਦਾ ਰਹਿਣ ਵਾਲਾ ਸੀ । ਪੜਾਈ ਵਿੱਚ ਉਹ ਬਹੁਤ ਹੀ ਹੁਸ਼ਿਆਰ ਸੀ ਉਸ ਦਾ ਇੱਕ ਹੀ ਟੀਚਾ ਸੀ ਇੰਜੀਨੀਅਰ ਬਣਨਾ । ਨਵਜੋਤ ਪਰਿਵਾਰ ਦਾ ਇੱਕ ਇਕਲੌਤਾ ਪੁੱਤ ਹੀ ਸੀ, ਉਸ ਦੀ ਇੱਕ ਭੈਣ ਸੀ । ਪਰਿਵਾਰ ਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਹੈ ਕਿ ਜਿਹੜਾ ਪੁੱਤ ਥੋੜ੍ਹੀ ਦੇਰ ਪਹਿਲਾਂ ਘਰ ਤੋਂ ਯੂਨੀਵਰਸਿਟੀ ਪੜਨ ਦੇ ਲਈ ਗਿਆ ਸੀ ਉਸ ਦੇ ਮੌਤ ਦੀ ਖ਼ਬਰ ਉਨ੍ਹਾਂ ਨੂੰ ਸੁਣਨ ਨੂੰ ਨਸੀਬ ਹੋਵੇਗਾ । ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਦਾ ਬੁਰਾ ਹਾਲ ਹੈ । ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿੱਚ ਸੁਰੱਖਿਆ ਇੰਤਜ਼ਾਮਾਂ ਨੂੰ ਲੈਕੇ ਵੱਡੇ ਸਵਾਲ ਉੱਡ ਰਹੇ ਹਨ। ਉਧਰ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ ।

ਮੁਲਜ਼ਮਾਂ ਨੂੰ ਫੜਨ ਦੇ ਲਈ ਟੀਮਾਂ ਦਾ ਗਠਨ

ਪੁਲਿਸ ਦੇ ਆਲਾ ਅਧਿਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚ ਗਏ ਹਨ । ਉਨ੍ਹਾਂ ਨੇ ਦੱਸਿਆ ਕਿ 2 ਗੁੱਟਾਂ ਵਿੱਚ ਆਪਸੀ ਰੰਜਿਸ਼ ਚੱਲ ਰਹੀ ਸੀ ਜਿਸ ਦੀ ਵਜ੍ਹਾ ਕਰਕੇ ਝੜਪ ਹੋਈ ਹੈ। ਉਨ੍ਹਾਂ ਦੱਸਿਆ ਕਿ ਹਮਲਾ ਕਰਨ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਹ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ । ਪੁਲਿਸ ਨੇ ਉਨ੍ਹਾਂ ਨੂੰ ਫੜਨ ਦੇ ਲਈ ਟੀਮਾਂ ਬਣਾ ਦਿੱਤੀਆਂ ਹਨ ਅਤੇ ਜਲਦ ਹੀ ਉਨ੍ਹਾਂ ਗ੍ਰਿਫਤਾਰੀ ਦਾ ਦਾਅਵਾ ਕੀਾ ਜਾ ਰਿਹਾ ਹੈ ।

ਯੂਨੀਵਰਸਿਟੀ ਦੇ ਸੁਰੱਖਿਆ ਇੰਤਜ਼ਾਮਾਂ ‘ਤੇ ਸਵਾਲ

ਇੰਜੀਨਰਿੰਗ ਦੇ ਵਿਦਿਆਰਥੀ ਨਵਜੋਤ ਸਿੰਘ ਦੇ ਕਤਲ ਤੋਂ ਬਾਅਦ ਕੋਈ ਵੀ ਵਿਦਿਆਰਥੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ । ਯੂਨੀਵਰਸਿਟੀ ਪ੍ਰਸ਼ਾਸਨ ਵੀ ਚੁੱਪ ਹੈ,ਪਰ ਪੰਜਾਬੀ ਯੂਨੀਵਰਸਿਟੀ ਦੀ ਸੁਰੱਖਿਆ ਹਮੇਸ਼ਾ ਤੋਂ ਸਵਾਲਾਂ ਵਿੱਚ ਰਹੀ ਹੈ । ਵਿਦਿਆਰਥੀਆਂ ਨੇ ਕਈ ਵਾਰ ਸ਼ਿਕਾਇਤਾਂ ਕੀਤੀਆਂ ਹਨ ਕਿ ਬਾਹਰੋ ਨੌਜਵਾਨ ਆਉਂਦੇ ਹਨ ਅਤੇ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਦੇ ਹਨ ਪਰ ਇਸ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਗਿਆ । ਬਿਨਾਂ ਕਿਸੇ ਚੈਕਿੰਗ ਦੇ ਅੰਦਰ ਆਉਣ ਦਿੱਤਾ ਜਾਂਦਾ ਹੈ। ਯੂਨੀਵਰਸਿਟੀ ਦੇ ਗੇਟ ‘ਤੇ ਖੜੇ ਗਾਰਡ ਵੀ ਨਿਹੱਥੇ ਹੁੰਦੇ ਹਨ । ਉਨ੍ਹਾਂ ਕੋਲ ਕੋਈ ਵੀ ਅਜਿਹੀ ਚੀਜ਼ ਨਹੀਂ ਹੁੰਦੀ ਹੈ ਜਿਸ ਦੇ ਜ਼ਰੀਏ ਉਹ ਕਿਸੇ ਮੁਲਜ਼ਮ ‘ਤੇ ਕਾਰਵਾਈ ਕਰ ਸਕਣ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਿਸ ਤਰ੍ਹਾਂ ਨਾਲ ਇੱਕ ਨੌਜਵਾਨ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ ਉਹ ਬਹੁਤ ਹੀ ਸੰਜੀਦਾ ਮੁੱਦਾ ਹੈ । ਹੁਣ ਤੱਕ ਸੜਕ ‘ਤੇ ਹੋ ਰਹੀਆਂ ਵਾਰਦਾਤਾਂ ਕਾਨੂੰਨੀ ਹਾਲਾਤਾਂ ‘ਤੇ ਸਵਾਲ ਚੁੱਕ ਦੀਆਂ ਸਨ ਪਰ ਹੁਣ ਯੂਨੀਵਰਸਿਟੀਆਂ ਵੀ ਸੁਰੱਖਿਅਤ ਨਹੀਂ ਹਨ । ਯੂਨੀਵਰਸਿਟੀ ਅਤੇ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ । ਕਿਉਂਕਿ ਸਵਾਲ ਵਿਦਿਆਰਥੀ ਦੀ ਸੁਰੱਖਿਆ ਦਾ ਹੈ ।