Punjab

ਪੰਜਾਬ ਪੁਲਿਸ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ, ਜਾਣੋ ਵਜ੍ਹਾ

Punjab Police released helpline number

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਦੇ ਲਈ ਇੱਕ ਹੈਲਪਲਾਈਨ ਨੰਬਰ ਅਤੇ ਈਮੇਲ ਜਾਰੀ ਕੀਤੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ ਸੀ ਸੀ) ਜਾਂ ਕਿਸੇ ਹੋਰ ਪੁਲਿਸ ਵੈਰੀਫਿਕੇਸ਼ਨ ਲਈ ਅਤੇ ਰਿਸ਼ਵਤ ਮੰਗਣ ‘ਤੇ ਪੰਜਾਬ ਪੁਲਿਸ ਦਾ ਨੰਬਰ 917696- 181-181 ਜਾਂ ਈਮੇਲ Email: cad.pphq@punjabpolice.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪੰਜਾਬ ਭਰ ਵਿੱਚ ਚੱਲ ਰਹੇ ਤਲਾਸ਼ੀ ਅਭਿਆਨ ਮੌਕੇ  ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੇ ਦੱਸਿਆ ਹੈ ਕਿ ਪੰਜਾਬ ਭਰ ਵਿੱਚ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ।

ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਇੱਕ ਇੱਕ ਜ਼ਿਲ੍ਹੇ ਦੀ ਜਿੰਮੇਵਾਰੀ ਦਿੱਤੀ ਗਈ ਸੀ। ਗੈਰ-ਸਮਾਜ਼ਿਕ ਤੱਤਾਂ ਤੇ ਨਸ਼ਾ ਸਮਗਲਰਾਂ ਦੇ ਖਿਲਾਫ ਖ਼ਾਸ ਤੋਰ ‘ਤੇ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕ੍ਰਾਈਮ ਡਾਟਾ ਕੱਢਾਇਆ ਗਿਆ ਹੈ ਤੇ ਹਰ ਜ਼ਿਲ੍ਹੇ ਵਿੱਚ ਖਾਸ ਥਾਵਾਂ ਦੀ ਪਛਾਣ ਕੀਤੀ ਗਈ ਹੈ,ਜਿਥੇ ਗੈਰ ਕਾਨੂੰਨੀ ਗਤੀਵਿਧੀਆਂ ਜਿਆਦਾ ਨਜ਼ਰ ਆਈਆਂ ਹਨ। ਇਸ ਦੌਰਾਨ ਦੋ ਜਗਾ ਤੋਂ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਪੁਸ਼ਟੀ ਵੀ ਉਹਨਾਂ ਕੀਤੀ ਹੈ।

ਉਹਨਾਂ ਇਹ ਵੀ ਕਿਹਾ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਪੰਜਾਬ ਵਿੱਚ ਹੱਥਿਆਰਾਂ ਦੇ ਲਾਈਸੈਂਸਾਂ ਦੀ ਪੜਤਾਲ ਦੀ ਮੁਹਿੰਮ ਵੀ ਸ਼ੁਰੂ ਹੋਵੇਗੀ ਤੇ ਗਲਤ ਤਰੀਕੇ ਨਾਲ ਲਏ ਗਏ ਲਾਈਸੈਂਸ ਰੱਦ ਹੋਣਗੇ। ਇਸ ਤੋਂ ਇਲਾਵਾ ਹਥਿਆਰਾਂ ਦੇ ਸਮਾਜਿਕ ਪੱਧਰ ‘ਤੇ ਪ੍ਰਦਰਸ਼ਨ ‘ਤੇ ਵੀ ਪੂਰੀ ਤਰਾਂ ਨਾਲ ਬੈਨ ਲਗਾਇਆ ਗਿਆ ਹੈ ।

ਇਸ ਤੋਂ ਇਲਾਵਾ ਕਿਸੇ ਵੀ ਫਿਰਕੇ ਜਾ ਭਾਈਚਾਰੇ ਦੇ ਵਿਰੁਧ ਨਫਰਤੀ ਭਾਸ਼ਣ ਦੇਣ ਵਾਲਿਆਂ ‘ਤੇ ਸਖ਼ਤ ਕਾਰਵਾਈ ਦੀ ਗੱਲ ਵੀ ਡੀਜੀਪੀ ਪੰਜਾਬ ਨੇ ਕੀਤੀ ਹੈ।ਸੋਸ਼ਲ ਮੀਡੀਆ ‘ਤੇ ਵੀ ਇਹ ਗੱਲ ਲਾਗੂ ਹੋਵੇਗੀ।ਨਫਰਤੀ ਭਾਸ਼ਣ ਦੇਣ ਵਾਲਿਆਂ ‘ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਵਿੱਚ ਬਾਹਰਲੇ ਸੂਬਿਆਂ ਤੋਂ ਹਥਿਆਰਾਂ ਦੀ ਸਪਲਾਈ ਹੋਣ ਦੇ ਸਵਾਲ ‘ਤੇ ਉਹਨਾਂ ਕਿਹਾ ਹੈ ਕਿ ਪਿੱਛੇ ਜਿਹੇ ਮੱਧ ਪ੍ਰਦੇਸ਼ ਵਿੱਚ ਪੰਜਾਬ ਪੁਲਿਸ ਨੇ ਇਸ ਸਬੰਧ ਵਿੱਚ ਕਾਰਵਾਈ ਕੀਤੀ ਸੀ। ਉਹਨਾ ਇਹ ਵੀ ਖੁਲਾਸਾ ਕੀਤਾ ਕਿ 60 ਫੀਸਦੀ ਮਾਮਲਿਆਂ ਵਿੱਚ ਵਰਤੇ ਜਾਣ ਵਾਲੇ ਹਥਿਆਰ ਲਾਇਸੈਂਸੀ ਹੁੰਦੇ ਹਨ। ਆਉਣ ਵਾਲੇ ਸਮੇਂ ਵਿੱਚ ਅਸਲੇ ਦੀਆਂ ਦੁਕਾਨਾਂ ਦੀ ਵੀ ਜਾਂਚ ਕੀਤੀ ਜਾਵੇਗੀ ਤੇ ਉਹਨਾਂ ਦਾ ਸਟਾਕ ਨਾਲ ਸਬੰਧਤ ਹਰ ਰਿਕਾਰਡ ਨੂੰ ਵੀ ਜਾਂਚਿਆ ਜਾਵੇਗਾ।

ਗੈਂਗਸਟਰਾਂ ਤੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਹੋਰ ਸਾਰੇ ਸੂਬਿਆਂ ਦੀ ਪੁਲਿਸ ਨਾਲ ਤਾਲਮੇਲ ਬਣਾ ਕੇ ਚੱਲ ਰਹੀ ਹੈ।
ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗਾਣਿਆਂ ਸਬੰਧੀ ਸਵਾਲ ਤੇ ਉਹਨਾਂ ਕਿਹਾ ਹੈ ਕਿ ਇਸ ਬਾਰੇ ਸਰਕਾਰ ਹੀ ਨੀਤੀ ਬਣਾਏਗੀ ਤੇ ਹਿੰਸਾ ਭੜਕਾਉਣ ਵਾਲੇ ਤੇ ਹਥਿਆਰਾਂ ਨੂੰ ਪਰੋਮੋਟ ਕਰਨ ਵਾਲੇ ਗਾਣਿਆਂ ‘ਤੇ ਵੀ ਬੈਨ ਲਗੇਗਾ।

ਡੀਜੀਪੀ ਪੰਜਾਬ ਦਾ ਇਹ ਵੀ ਕਹਿਣਾ ਸੀ ਕਿ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨ ਲਈ ਵੀ ਅੱਜ ਇਹ ਮੁਹਿੰਮ ਚਲਾਈ ਜਾ ਰਹੀ ਹੈ । ਉਹਨਾਂ ਲੋਕਾਂ ਨੂੰ ਖੁੱਲ ਕੇ ਅੱਗੇ ਆਉਣ ਤੇ ਪੁਲਿਸ ਨੂੰ ਨਸ਼ਿਆਂ ਦੇ ਵਿਕਣ ਸਬੰਧੀ ਸੂਚਨਾ ਦੇਣ ਲਈ ਕਿਹਾ ਹੈ ਤਾਂ ਜੋ ਪੁਲਿਸ ਉਥੇ ਕਾਰਵਾਈ ਕਰ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਦਾ ਸਾਥ ਦਿੱਤਾ ਜਾਵੇ ਤਾਂ ਜੋ ਨਸ਼ਿਆਂ ‘ਤੇ ਕਾਬੂ ਪਾਇਆ ਜਾ ਸਕੇ।